ਕੋਰੋਨਾ ਦਾ ਅਸਰ : ਫਰਵਰੀ ’ਚ ਰਤਨ-ਗਹਿਣਾ ਬਰਾਮਦ ’ਚ 20 ਫ਼ੀਸਦੀ ਦੀ ਗਿਰਾਵਟ

03/13/2020 2:36:48 PM

ਮੁੰਬਈ — ਉਦਯੋਗ ਸੰਗਠਨ ਜੀ. ਜੇ. ਈ. ਪੀ. ਸੀ. ਅਨੁਸਾਰ ਦੁਨੀਆਭਰ ਦੇ ਕਈ ਦੇਸ਼ਾਂ ’ਚ ਕੋਰੋਨਾ ਵਾਇਰਸ ਫੈਲਣ ਨਾਲ ਦੇਸ਼ ਤੋਂ ਰਤਨ-ਗਹਿਣਾ ਦੀ ਬਰਾਮਦ 20.26 ਫ਼ੀਸਦੀ ਘਟ ਕੇ 20,763.28 ਕਰੋਡ਼ ਰੁਪਏ ਰਹੀ। ਇਸ ਤੋਂ ਇਲਾਵਾ ਸਰਾਫਾ ਕਾਰੋਬਾਰੀਆਂ ਨੂੰ ਕਰਜ਼ਾ ਮਿਲਣ ’ਚ ਦਿੱਕਤਾਂ ਆਉਣ ਅਤੇ ਸੋਨੇ ’ਤੇ ਇੰਪੋਰਟ ਡਿਊਟੀ ਉੱਚੀ ਬਣੀ ਰਹਿਣ ਨਾਲ ਗਹਿਣਾ ਬਰਾਮਦ ’ਚ ਕਮੀ ਆਈ ਹੈ। ਰਤਨ ਅਤੇ ਗਹਿਣਾ ਬਰਾਮਦ ਪ੍ਰਮੋਸ਼ਨ ਕਾਊਂਸਿਲ (ਜੀ. ਜੇ. ਈ. ਪੀ. ਸੀ.) ਨੇ ਕਿਹਾ ਕਿ ਫਰਵਰੀ 2019 ’ਚ ਰਤਨ ਅਤੇ ਗਹਿਣਾ ਬਰਾਮਦ 26,039.32 ਕਰੋਡ਼ ਰੁਪਏ ਦੀ ਸੀ। ਜੀ. ਜੇ. ਈ. ਪੀ. ਸੀ. ਦੇ ਵਾਈਸ ਚੇਅਰਮੈਨ ਕਾਲਿਨ ਸ਼ਾਹ ਨੇ ਦੱਸਿਆ ਕਿ ਕਰਜ਼ਾ ਸੰਕਟ ਅਤੇ ਕਸਟਮ ਡਿਊਟੀ ਦੇ ਮੁੱਦਿਆਂ ਨਾਲ ਜੂਝ ਰਹੇ ਇਸ ਉਦਯੋਗ ਦੇ ਨਾਲ-ਨਾਲ ਕੌਮਾਂਤਰੀ ਆਰਥਿਕ ਮੰਦੀ ਕਾਰਣ ਪਿਛਲੇ ਕੁਝ ਸਮੇਂ ਤੋਂ ਰਤਨ ਅਤੇ ਗਹਿਣਾ ਬਰਾਮਦ ’ਚ ਗਿਰਾਵਟ ਹੈ। ਹੁਣ ਕੋਰੋਨਾ ਵਾਇਰਸ ਦਾ ਕੌਮਾਂਤਰੀ ਪੱਧਰ ’ਤੇ ਕਹਿਰ ਵਧਣ ਨਾਲ ਸਥਿਤੀ ਹੋਰ ਮੁਸ਼ਕਿਲ ਹੋ ਗਈ ਹੈ।

ਅਪ੍ਰੈਲ-ਫਰਵਰੀ 2019-20 ਦੌਰਾਨ ਇਸ ਖੇਤਰ ਦੀ ਕੁਲ ਬਰਾਮਦ 6.38 ਫ਼ੀਸਦੀ ਘਟ ਕੇ 2,36,839.34 ਕਰੋਡ਼ ਰੁਪਏ ਰਹੀ। ਪਿਛਲੇ ਸਾਲ ਇਸ ਮਿਆਦ ’ਚ ਇਹ 2,52,973.24 ਕਰੋਡ਼ ਰੁਪਏ ਸੀ। ਫਰਵਰੀ ’ਚ ਤਰਾਸ਼ੇ ਹੋਏ ਅਤੇ ਪਾਲਿਸ਼ ਕੀਤੇ ਗਏ ਹੀਰਿਆਂ (ਸੀ. ਪੀ. ਡੀ.) ਦੀ ਬਰਾਮਦ 40.66 ਫ਼ੀਸਦੀ ਘਟ ਕੇ 9897.14 ਕਰੋਡ਼ ਰੁਪਏ ਰਹੀ। ਪਿਛਲੇ ਸਾਲ ਇਸ ਮਹੀਨੇ ਇਨ੍ਹਾਂ ਦੀ ਬਰਾਮਦ 16,679.94 ਕਰੋਡ਼ ਰੁਪਏ ਦੀ ਸੀ। ਅਪ੍ਰੈਲ-ਫਰਵਰੀ 2019-20 ਦੌਰਾਨ ਸੀ. ਪੀ. ਡੀ. ਦੀ ਬਰਾਮਦ 18.71 ਫ਼ੀਸਦੀ ਘਟ ਕੇ 1,24,880.11 ਕਰੋਡ਼ ਰੁਪਏ ਦੀ ਰਹਿ ਗਈ, ਜੋ ਅਪ੍ਰੈਲ-ਫਰਵਰੀ 2018-19 ਦੌਰਾਨ 1,53,621.64 ਕਰੋਡ਼ ਰੁਪਏ ਸੀ।

ਸੋਨੇ ਦੇ ਗਹਿਣਿਆਂ ਦੀ ਬਰਾਮਦ 28.26 ਫ਼ੀਸਦੀ ਵਧੀ

ਹਾਲਾਂਕਿ ਫਰਵਰੀ ’ਚ ਸੋਨੇ ਦੇ ਗਹਿਣਿਆਂ ਦੀ ਬਰਾਮਦ 28.26 ਫ਼ੀਸਦੀ ਵਧ ਕੇ 8106.96 ਕਰੋਡ਼ ਰੁਪਏ ਦੀ ਹੋ ਗਈ, ਜੋ ਫਰਵਰੀ 2019 ’ਚ 6320.88 ਕਰੋਡ਼ ਰੁਪਏ ਸੀ। ਅਪ੍ਰੈਲ-ਫਰਵਰੀ 2019-20 ’ਚ ਸੋਨੇ ਦੇ ਗਹਿਣਿਆਂ ਦੀ ਬਰਾਮਦ 7.27 ਫ਼ੀਸਦੀ ਵਧ ਕੇ 80,088.38 ਕਰੋਡ਼ ਰੁਪਏ ਦੀ ਹੋ ਗਈ, ਜੋ ਪਹਿਲਾਂ 74,661.63 ਕਰੋਡ਼ ਰੁਪਏ ਦੀ ਹੋਈ ਸੀ। ਅਪ੍ਰੈਲ-ਫਰਵਰੀ 2019-20 ਦੌਰਾਨ ਚਾਂਦੀ ਦੇ ਗਹਿਣਿਆਂ ਦੀ ਬਰਾਮਦ ਵੀ ਅਪ੍ਰੈਲ-ਫਰਵਰੀ 2018-19 ਦੇ 5398.61 ਕਰੋਡ਼ ਰੁਪਏ ਦੇ ਮੁਕਾਬਲੇ 91.57 ਫ਼ੀਸਦੀ ਵਧ ਕੇ 10,342.17 ਕਰੋਡ਼ ਰੁਪਏ ਦੀ ਹੋ ਗਈ।


Related News