ਕੋਰੋਨਾ ਦਾ ਕਹਿਰ : ਸੈਂਸੈਕਸ 2,919 ਅੰਕ ਡਿੱਗਾ, ਨਿਫਟੀ 10,000 ਤੋਂ ਹੇਠਾਂ ਬੰਦ

Thursday, Mar 12, 2020 - 04:17 PM (IST)

ਮੁੰਬਈ — ਕੋਰੋਨਾ ਦਾ ਕਹਿਰ ਦੁਨੀਆ ਭਰ ਦੀ ਅਰਥਵਿਵਸਥਾ 'ਤੇ ਹਾਵੀ ਹੁੰਦਾ ਜਾ ਰਿਹਾ ਹੈ। ਭਾਰਤੀ ਅਰਥਵਿਵਸਥਾ ਵੀ ਇਸ ਦੀ ਲਪੇਟ 'ਚ ਆ ਗਈ ਹੈ। ਹਫਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ ਕਿ ਅੱਜ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਦੇ ਇਤਿਹਾਸ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ। ਨਾ ਸਿਰਫ ਭਾਰਤ ਸਗੋਂ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਦੀ ਹਾਲਤ ਖਸਤਾ ਹੋ ਗਈ ਹੈ। ਦਿਨ ਭਰ ਦੇ ਕਾਰੋਬਾਰ ਦੇ ਬਾਅਦ ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 2,919.26 ਅੰਕ ਯਾਨੀ ਕਿ 8.18 ਫੀਸਦੀ ਦੀ ਗਿਰਾਵਟ ਨਾਲ 32,778.14 ਅੰਕ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 868.25 ਅੰਕ ਯਾਨੀ ਕਿ 8.30 ਫੀਸਦੀ ਦੀ ਵੱਡੀ ਗਿਰਾਵਟ ਨਾਲ 9,590.15 ਅੰਕ ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ 'ਚ ਵਿਕਰੀ ਦਾ ਮਾਹੋਲ ਰਿਹਾ।

ਨਿਵੇਸ਼ਕਾਂ ਦੇ ਡੁੱਬੇ  11.42 ਲੱਖ ਕਰੋੜ ਰੁਪਏ

ਸ਼ੇਅਰ ਬਾਜ਼ਾਰ ਦੇ ਪਤਨ ਕਾਰਨ ਨਿਵੇਸ਼ਕਾਂ ਦੇ 11.42 ਲੱਖ ਕਰੋੜ ਰੁਪਏ ਡੁੱਬ ਗਏ। ਬੰਬਈ ਸਟਾਕ ਐਕਸਚੇਂਜ 'ਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਬੁੱਧਵਾਰ ਨੂੰ ਖਤਮ ਹੋਣ 'ਤੇ 137 ਲੱਖ ਕਰੋੜ ਰੁਪਏ ਸੀ ਜਿਹੜਾ ਕਿ ਬੁੱਧਵਾਰ ਨੂੰ ਘੱਟ ਕੇ 126 ਲੱਖ ਕਰੋੜ ਰੁਪਏ ਰਹਿ ਗਿਆ।

ਸੱਤ ਦਿਨਾਂ 'ਚ 15 ਫੀਸਦੀ ਟੁੱਟਿਆ ਸੈਂਸੈਕਸ 

ਫੀਸਦੀ ਦੇ ਹਿਸਾਬ ਨਾਲ 2008 ਦੇ ਬਾਅਦ ਪਹਿਲੀ ਵਾਰ ਕਾਰੋਬਾਰ ਦੇ ਦੌਰਾਨ ਸੈਂਸੈਕਸ 'ਚ ਇੰਨੀ ਵੱਡੀ ਗਿਰਾਵਟ ਦਿਖਾਈ ਦਿੱਤੀ। ਪਿਛਲੇ ਸੱਤ ਦਿਨਾਂ ਵਿਚ ਸੈਂਸੈਕਸ ਕਰੀਬ 15 ਫੀਸਦੀ ਹੇਠਾਂ ਆਇਆ ਹੈ।

ਗਿਰਾਵਟ ਦੇ ਕਾਰਨ

  • ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਕੋਰੋਨਾ ਨੂੰ ਵਿਸ਼ਵਵਿਆਪੀ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਹੈ। ਡਬਲਯੂ.ਐਚ.ਓ. ਦੇ ਮੁਖੀ ਨੇ ਕਿਹਾ ਕਿ ਕੋਵਿਡ -19 ਨੂੰ ਮਹਾਂਮਾਰੀ (ਵਿਸ਼ਵਵਿਆਪੀ ਮਹਾਂਮਾਰੀ) ਮੰਨਿਆ ਜਾ ਸਕਦਾ ਹੈ।
  • ਟੂਰਿਸਟ ਵੀਜ਼ੇ ਮੁਅੱਤਲ: ਸਰਕਾਰ ਨੇ 15 ਅਪ੍ਰੈਲ ਤੱਕ ਸਾਰੇ ਦੇਸ਼ਾਂ ਦਾ ਟੂਰਿਸਟ ਵੀਜ਼ੇ ਮੁਅੱਤਲ ਕਰ ਦਿੱਤੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਸ਼ੁੱਕਰਵਾਰ ਤੋਂ (ਸਥਾਨਕ ਸਮੇਂ ਅਨੁਸਾਰ) 30 ਦਿਨਾਂ ਲਈ ਯੂਰਪ ਤੋਂ ਸਾਰੀ ਯਾਤਰਾਵਾਂ ਰੱਦ ਕਰਨ ਜਾ ਰਿਹਾ ਹੈ। ਇਸ ਸਮੇਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਬ੍ਰਿਟੇਨ ਨੂੰ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ।
  • ਭਾਰੀ ਗਿਰਾਵਟ ਕਾਰਨ ਵਿਸ਼ਵਵਿਆਪੀ ਆਰਥਿਕ ਮੰਦੀ ਦੇ ਖਦਸ਼ੇ ਹੋਰ ਵਧ ਗਏ ਹਨ। ਕੱਚੇ ਤੇਲ ਦੀਆਂ ਕੀਮਤਾਂ ਵਿਚ ਵੀ ਗਿਰਾਵਟ ਆ ਰਹੀ ਹੈ। ਬ੍ਰੈਂਟ ਕਰੂਡ ਫਿਊਚਰਜ਼ ਪੰਜ ਪ੍ਰਤੀਸ਼ਤ ਹੇਠਾਂ 34 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ ਹੈ। ਕੱਚੇ ਤੇਲ 'ਚ ਆਈ ਕਰੀਬ ਤਿੰਨ ਦਹਾਕਿਆਂ ਦੀ ਤੇਜ਼ ਗਿਰਾਵਟ ਨੇ ਵੀ ਵਿਸ਼ਵ ਭਰ ਦੇ ਸਟਾਕ ਬਾਜ਼ਾਰਾਂ ਦਾ ਮੂਡ ਖਰਾਬ ਕਰ ਦਿੱਤਾ ਹੈ।
  • ਵਿਦੇਸ਼ੀ ਫੰਡਾਂ ਦੇ ਲਗਾਤਾਰ ਬਾਹਰ ਜਾਣ ਕਾਰਨ ਨਿਵੇਸ਼ਕਾਂ ਦੀਆਂ ਭਾਵਨਾਵਾਂ 'ਤੇ ਬੁਰਾ ਪ੍ਰਭਾਵ ਪਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਬੁੱਧਵਾਰ ਨੂੰ ਕੁਲ ਆਧਾਰ 'ਤੇ 3,515.38 ਕਰੋੜ ਰੁਪਏ ਦੀ ਇਕੁਇਟੀ ਵੇਚੀ।



ਟਾਪ ਲੂਜ਼ਰਜ਼

ਸਟੇਟ ਬੈਂਕ ਆਫ ਇੰਡੀਆ, ਓ.ਐਨ.ਜੀ.ਸੀ., ਐਕਸਿਸ ਬੈਂਕ, ਆਈ.ਟੀ.ਸੀ.,ਏਸ਼ੀਅਨ ਪੇਂਟਸ, ਨੈਸਲੇ ਇੰਡੀਆ, ਟਾਟਾ ਸਟੀਲ, ਹਿੰਦੋਸਤਾਨ ਯੂਨੀਲੀਵਰ, ਭਾਰਤੀ ਏਅਰਟੈੱਲ


Related News