ਕੋਰੋਨਾ ਖ਼ੌਫ਼ ਕਾਰਨ ਕੰਪਨੀਆਂ ਦੀ ਵਧੀ ਪਰੇਸ਼ਾਨੀ, ਰਣਨੀਤੀ ਬਦਲਣ ਲਈ ਹੋਈਆਂ ਮਜਬੂਰ
Saturday, May 15, 2021 - 10:18 AM (IST)
ਨਵੀਂ ਦਿੱਲੀ (ਇੰਟ.) – ਰੋਜ਼ਾਨਾ ਦੀ ਖਪਤ ਵਾਲੇ ਉਤਪਾਦ ਬਣਾਉਣ ਵਾਲੀਆਂ ਐੱਫ. ਐੱਮ. ਸੀ. ਜੀ. ਕੰਪਨੀਆਂ ਕੋਰੋਨਾ ਦੀ ਦੂਜੀ ਲਹਿਰ ਤੋਂ ਰਾਹਤ ਨਾ ਮਿਲਦੀ ਦੇਖ ਸਿਰਫ ਜ਼ਰੂਰੀ ਸਾਮਾਨ ਹੀ ਬਣਾ ਰਹੀਆਂ ਹਨ। ਕੰਪਨੀਆਂ ਦਾ ਜ਼ੋਰ ਅਜਿਹੇ ਉਤਪਾਦਾਂ ਦਾ ਵੱਧ ਤੋਂ ਵੱਧ ਉਤਪਾਦਨ ਕਰਨ ’ਤੇ ਹੈ, ਜਿਨ੍ਹਾਂ ਦੀ ਮੰਗ ਬਾਜ਼ਾਰ ’ਚ ਸਭ ਤੋਂ ਵੱਧ ਹੈ। ਬਾਜ਼ਾਰ ਦੀ ਮੰਗ ਨੂੰ ਪੂਰਾ ਕਰਨ ਲਈ ਕੰਪਨੀਆਂ ਵੱਡੇ ਪੈਕ ਦਾ ਇਸਤੇਮਾਲ ਕਰ ਰਹੀਆਂ ਹਨ।
ਕੰਪਨੀਆਂ ਨੇ ਇਹ ਤਿਆਰੀ ਸੂਬਿਆਂ ਵਲੋਂ ਲਾਕਡਾਊਨ ਅਤੇ ਨਾਈਟ ਕਰਫਿਊ ਦੀ ਮਿਆਦ ਵਧਾਉਣ ਨੂੰ ਦੇਖਦੇ ਹੋਏ ਕੀਤੀ ਹੈ। ਮਾਰਿਕੋ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੌਗਤ ਗੁਪਤਾ ਨੇ ਦੱਸਿਆ ਕਿ ਪਿਛਲੇ ਸਾਲ ਦੀ ਮਹਾਮਾਰੀ ਤੋਂ ਸਿੱਖਿਆ ਲੈਂਦੇ ਹੋਏ ਅਸੀਂ ਇਸ ਸਾਲ ਸਟਾਕ ’ਚ ਰੱਖਣ ਵਾਲੀਆਂ ਇਕਾਈਆਂ ਦਾ ਉਤਪਾਦਨ ਬਿਨਾਂ ਮਾਲੀਏ ’ਚ ਗਿਰਾਵਟ ਦੇ 26 ਫੀਸਦੀ ਘੱਟ ਕਰ ਦਿੱਤਾ ਹੈ।
ਉਸ ਦੀ ਥਾਂ ’ਤੇ ਆਪਣੇ ਪੋਰਟਫੋਲੀਓ ’ਚ 90 ਫੀਸਦੀ ਓਹੀ ਉਤਪਾਦ ਸ਼ਾਮਲ ਕੀਤੇ ਹਨ, ਜਿਨ੍ਹਾਂ ਦੀ ਮੰਗ ਸਭ ਤੋਂ ਵੱਧ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਉਹ ਸੁੰਦਰਤਾ ਨਾਲ ਜੁੜੇ ਉਤਪਾਦਾਂ ਦਾ ਉਤਪਾਦਨ ਹਾਲੇ ਨਹੀਂ ਕਰ ਰਹੀਆਂ ਹਨ।
ਇਸ ਦਾ ਕਾਰਨ ਇਹ ਹੈ ਿਕ ਖਪਤਕਾਰਾਂ ਨੇ ਕ੍ਰੀਮ, ਸੁੰਦਰਤਾ ਨਾਲ ਜੁੜੇ ਉਤਪਾਦ ਆਦਿ ਦਾ ਇਸਤੇਮਾਲ ਘੱਟ ਕਰ ਦਿੱਤਾ ਹੈ।
ਅਮੂਲ ਨੇ ਵੀ ਇਹੋ ਰਣਨੀਤੀ ਅਪਣਾਈ
ਦੂਜੀ ਲਹਿਰ ਦਰਮਿਆਨ ਡੇਅਰੀ ਉਤਪਾਦ ਬਣਾਉਣ ਵਾਲੀ ਕੰਪਨੀ ਅਮੂਲ ਨੇ ਵੀ ਐੱਫ. ਐੱਮ. ਸੀ. ਜੀ. ਕੰਪਨੀਆਂ ਦੀ ਰਣਨੀਤੀ ’ਤੇ ਚੱਲਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਅਸੀਂ ਸਟਾਕ ਕਰਨ ਵਾਲੇ ਉਤਪਾਦਾਂ ਦਾ ਉਤਪਾਦਨ ਘਟਾ ਦਿੱਤਾ ਹੈ ਅਤੇ ਜਿਨ੍ਹਾਂ ਦੀ ਮੰਗ ਵੱਧ ਹੈ ਉਨ੍ਹਾਂ ਦਾ ਉਤਪਾਦਨ ਤੇਜ਼ੀ ਨਾਲ ਕਰ ਰਹੇ ਹਾਂ। ਕੰਪਨੀ ਦਾ ਕਹਿਣਾ ਹੈ ਕਿ ਖਪਤਕਾਰ ਸਿਰਫ ਜ਼ਰੂਰੀ ਸਾਮਾਨ ਦੀ ਖਰੀਦਦਾਰੀ ਕਰ ਰਹੇ ਹਨ। ਹਾਲਾਂਕਿ ਡੇਅਰੀ ਉਤਪਾਦ ’ਚ ਛੋਟੇ ਪੈਕੇਟ ਦੀ ਮੰਗ ਵਧੀ ਹੈ। ਇਕ ਜਾਂ ਦੋ ਕਿਲੋ ਦੇ ਪੈਕੇਟ ਦੀ ਮੰਗ ਤੇਜ਼ੀ ਨਾਲ ਘਟੀ ਹੈ।
ਪੈਕੇਜ਼ਡ ਸਾਮਾਨ ਦੀ ਵਿਕਰੀ 9.4 ਫੀਸਦੀ ਵਧੀ
ਕੋਰੋਨਾ ਦੀ ਦੂਜੀ ਲਹਿਰ ਕਾਰਨ ਜ਼ਰੂਰੀ ਸਾਮਾਨਾਂ ਦੀ ਮੰਗ ਤੇਜ਼ੀ ਨਾਲ ਵਧੀ ਹੈ। ਇਸ ਦਾ ਫਾਇਦਾ ਐੱਫ. ਐੱਮ. ਸੀ. ਜੀ. ਕੰਪਨੀਆਂ ਨੂੰ ਹੋਇਆ ਹੈ।
ਮਾਰਚ ਤਿਮਾਹੀ ’ਚ ਪੈਕੇਜ਼ਡ ਸਾਮਾਨ ਦੀ ਵਿਕਰੀ ’ਚ 9.4 ਫੀਸਦੀ ਦਾ ਵਾਧਾ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲ ਦਰਜ ਕੀਤਾ ਗਿਆ ਹੈ। ਇਸ ਤੋਂ ਪਿਛਲੀ ਤਿਮਾਹੀ ’ਚ ਐੱਫ. ਐੱਮ. ਸੀ. ਜੀ. ਕੰਪਨੀਆਂ ਦੀ ਵਿਕਰੀ ’ਚ 7.3 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ।