ਕੋਰੋਨਾ ਆਫ਼ਤ : ਮੁੰਬਈ ਦਾ Hyatt Regency ਹੋਟਲ ਹੋਇਆ ਬੰਦ, ਤਨਖ਼ਾਹ ਦੇਣ ਲਈ ਨਹੀਂ ਹਨ ਪੈਸੇ
Tuesday, Jun 08, 2021 - 06:48 PM (IST)
ਮੁੰਬਈ - ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੇਸ਼ ਵਿਚ ਤਬਾਹੀ ਮਚਾ ਦਿੱਤੀ ਹੈ। ਹਾਲਾਂਕਿ ਹੁਣ ਇਸ ਲਹਿਰ ਦਾ ਪ੍ਰਭਾਵ ਘੱਟ ਰਿਹਾ ਹੈ ਪਰ ਇਸ ਨੇ ਹਰ ਖੇਤਰ ਨੂੰ ਪ੍ਰਭਾਵਤ ਕੀਤਾ ਹੈ। ਕੋਰੋਨਾ ਸੰਕਟ ਦੀ ਦੂਜੀ ਲਹਿਰ ਨੇ ਪ੍ਰਾਹੁਣਚਾਰੀ ਅਤੇ ਸੈਰ-ਸਪਾਟਾ ਸੈਕਟਰ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਇਸ ਦਾ ਅਸਰ ਦੇਸ਼ ਭਰ ਦੇ ਕਈ ਸੂਬਿਆਂ ਵਿਚ ਵੇਖਣ ਨੂੰ ਮਿਲਿਆ ਹੈ। ਇਸ ਦੇ ਨਾਲ ਹੀ ਕੋਰੋਨਾ ਦਾ ਮਾੜਾ ਪ੍ਰਭਾਵ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਦੇ ਵੱਡੇ ਹੋਟਲਾਂ 'ਤੇ ਵੀ ਦੇਖਣ ਨੂੰ ਮਿਲਿਆ ਹੈ।
ਹੋਟਲ ਦਾ ਬਿਆਨ
ਮੁੰਬਈ ਦੇ Hyatt Regency ਹੋਟਲ ਕੋਲ ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ ਦਾ ਭੁਗਤਾਨ ਕਰਨ ਲਈ ਪੈਸੇ ਨਹੀਂ ਹਨ ਅਤੇ ਹੁਣ ਹੋਟਲ ਨੇ ਆਰਜ਼ੀ ਤੌਰ 'ਤੇ ਆਪਣਾ ਕੰਮਕਾਜ ਬੰਦ ਕਰ ਦਿੱਤਾ ਹੈ। ਹੋਟਲ ਨੇ ਇੱਕ ਬਿਆਨ ਵਿਚ ਕਿਹਾ ਕਿ ਫੰਡ ਦੀ ਕਮੀ ਹੋ ਰਹੀ ਹੈ। ਇਸ ਲਈ ਅਗਲੇ ਹੁਕਮਾਂ ਤੱਕ ਹੋਟਲ ਬੰਦ ਰਹੇਗਾ। ਏਸ਼ੀਅਨ ਹੋਟਲਜ਼ (ਵੈਸਟ), ਜੋ ਕਿ ਹੋਟਲ ਨੂੰ ਸੰਚਾਲਤ ਕਰਦੀ ਹੈ, ਵੱਲੋਂ ਕੋਈ ਫੰਡ ਨਹੀਂ ਆ ਰਿਹਾ, ਇਸ ਲਈ ਕਾਰੋਬਾਰ ਬੰਦ ਕਰਨਾ ਪਏਗਾ।
ਇਹ ਵੀ ਪੜ੍ਹੋ : ਜਲਦ ਹੀ ਵਿਕੇਗੀ DHFL, ਇਸ ਕੰਪਨੀ ਨੇ ਲਗਾਈ 37,250 ਕਰੋੜ ਰੁਪਏ ਦੀ ਬੋਲੀ
ਹਿਆਤ ਰੀਜੇਂਸੀ ਨੇ ਇੱਕ ਬਿਆਨ ਵਿਚ ਕਿਹਾ, 'ਹੋਟਲ ਦੇ ਸਾਰੇ ਆਨ-ਰੋਲ ਸਟਾਫ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ Hyatt Regency ਮੁੰਬਈ ਦੇ ਮਾਲਕ ਏਸ਼ੀਅਨ ਹੋਸਟਲ ਵੈਸਟ ਲਿਮਟਿਡ ਕੋਲੋਂ ਕਈ ਫੰਡ ਨਹੀਂ ਆ ਰਿਹਾ ਜਿਸ ਨਾਲ ਕਿ ਸਟਾਫ ਦੀ ਤਨਖਾਹ ਅਦਾ ਕੀਤੀ ਜਾ ਸਕੇ ਜਾਂ ਹੋਟਲ ਦਾ ਕੰਮਕਾਜ ਚਲਾਇਆ ਜਾ ਸਕੇ। ਇਸ ਲਈ ਤੁਰੰਤ ਪ੍ਰਭਾਵ ਨਾਲ ਅਸਥਾਈ ਤੌਰ 'ਤੇ ਸਾਰੇ ਕੰਮ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ ਹੈ। ਅਗਲੇ ਹੁਕਮਾਂ ਤੱਕ ਹੋਟਲ ਹੁਣ ਬੰਦ ਰਹੇਗਾ।
ਪ੍ਰਾਹੁਣਚਾਰੀ ਸੈਕਟਰ ਨੂੰ ਸਭ ਤੋਂ ਵੱਧ ਮਾਰ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਾਰਚ ਤੋਂ ਕੋਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ, ਤਾਲਾਬੰਦੀ ਅਤੇ ਆਰਥਿਕ ਖੜੋਤ ਕਾਰਨ ਸੈਰ-ਸਪਾਟਾ ਅਤੇ ਯਾਤਰਾ ਨਾਲ ਜੁੜੇ ਪ੍ਰਾਹੁਣਚਾਰੀ ਖੇਤਰ ਸਭ ਤੋਂ ਵਧ ਪ੍ਰਭਾਵਤ ਹੋਇਆ ਹੈ। ਇਸ ਸੈਕਟਰ ਨੂੰ ਸਰਕਾਰ ਵੱਲੋਂ ਕੋਈ ਵਿਸ਼ੇਸ਼ ਰਾਹਤ ਪੈਕੇਜ ਵੀ ਨਹੀਂ ਮਿਲਿਆ ਹੈ।
ਕੋਰੋਨਾ ਆਫ਼ਤ ਦਰਮਿਆਨ ਲੋਕਾਂ ਨੇ ਸਿਰਫ ਜ਼ਰੂਰੀ ਯਾਤਰਾਵਾਂ ਕੀਤੀਆਂ ਹਨ ਅਤੇ ਜਦੋਂ ਤੱਕ ਰੈਸਟੋਰੈਂਟਾਂ ਆਦਿ ਦਾ ਕੰਮ ਸ਼ੁਰੂ ਹੁੰਦਾ ਦੂਜੀ ਲਹਿਰ ਆ ਗਈ। ਹੋਟਲ ਅਤੇ ਰੈਸਟੋਰੈਂਟ ਮਹੀਨਿਆਂ ਤੋਂ ਬੰਦ ਹਨ ਕੋਈ ਮਹਿਮਾਨ ਨਹੀਂ ਆ ਰਹੇ ਸਨ। ਅਜਿਹੀ ਸਥਿਤੀ ਵਿਚ ਕੰਪਨੀਆਂ ਦੇ ਸਾਹਮਣੇ ਇੱਕ ਵੱਡਾ ਸੰਕਟ ਹੈ ਕਿ ਉਹ ਆਪਣੇ ਸਟਾਫ ਨੂੰ ਤਨਖਾਹਾਂ ਕਦੋਂ ਤੱਕ ਦੇਂਦੇਂ ਰਹਿਣਗੇ। ਸਿਰਫ ਇਹ ਹੀ ਨਹੀਂ, ਬਿਨਾਂ ਕਿਸੇ ਮਹਿਮਾਨ ਦੇ, ਇਹਨਾਂ ਹੋਟਲਾਂ ਦਾ ਸੰਚਾਲਨ ਕਰਨ ਦਾ ਰੋਜ਼ਾਨਾ ਖਰਚਾ ਬਹੁਤ ਵੱਡਾ ਹੁੰਦਾ ਹੈ।
ਇਹ ਵੀ ਪੜ੍ਹੋ : ਸਟੈਚੂ ਆਫ ਯੂਨਿਟੀ ਬਣੇਗਾ ਦੇਸ਼ ਦਾ ਪਹਿਲਾ ਇਕਲੌਤਾ ਇਲੈਕਟ੍ਰਿਕ ਵਾਹਨ ਜ਼ੋਨ, ਜਾਣੋ ਸਰਕਾਰ ਦੀ ਯੋਜਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।