‘ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ, ਨਵੇਂ ਨਿਵੇਸ਼ ਤੋਂ ਪਿੱਛੇ ਹਟਣ ਲੱਗੇ ਕਾਰੋਬਾਰੀ’

Sunday, May 23, 2021 - 10:03 AM (IST)

ਨਵੀਂ ਦਿੱਲੀ– ਦੇਸ਼ ’ਚ ਪਿਛਲੇ ਵਿੱਤੀ ਸਾਲ ਦੌਰਾਨ ਨਵੇਂ ਨਿਵੇਸ਼ ਦੇ ਐਲਾਨ 16 ਸਾਲ ਦੇ ਹੇਠਲੇ ਪੱਧਰ ’ਤੇ ਪਹੁੰਚ ਗਏ ਹਨ। ਜਾਣਕਾਰੀ ਮੁਤਾਬਕ ਵਿੱਤੀ ਸਾਲ 2020-21 ’ਚ ਸਿਰਫ 5.18 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਹੋਇਆ ਹੈ ਜੋ ਵਿੱਤੀ ਸਾਲ 2004-05 ਦੇ 5.64 ਲੱਖ ਕਰੋੜ ਰੁਪਏ ਤੋਂ ਵੀ ਘੱਟ ਹੈ। ਇਸ ਦੇ ਪਿੱਛੇ ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਨੂੰ ਕਾਰਨ ਮੰਨਿਆ ਜਾ ਰਿਹਾ ਹੈ।
ਕੇਅਰ ਰੇਟਿੰਗ ਨੇ ਇਨ੍ਹਾਂ ਅੰਕੜਿਆਂ ਦਾ ਮੁਲਾਂਕਣ ਕਰਦੇ ਹੋਏ ਦੱਸਿਆ ਕਿ ਨਿਵੇਸ਼ ਦੇ ਐਲਾਨ ’ਚ 2004-05 ਤੋਂ ਬਾਅਦ ਕਾਫੀ ਤੇਜ਼ੀ ਦੇਖਣ ਨੂੰ ਮਿਲੀ ਸੀ ਅਤੇ ਇਹ ਅੰਕੜਾ ਕਦੀ ਵੀ 10 ਲੱਖ ਕਰੋੜ ਰੁਪਏ ਤੋਂ ਹੇਠਾਂ ਨਹੀਂ ਗਿਆ। ਵਿੱਤੀ ਸਾਲ 2008-09 ’ਚ ਤਾਂ ਇਹ ਰਿਕਾਰਡ ਪੱਧਰ 27.07 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਸੀ। ਹਾਲਾਂਕਿ ਵਿੱਤੀ ਸਾਲ 2019-20 ਦੌਰਾਨ ਇਹ 16.28 ਲੱਖ ਕਰੋੜ ਰੁਪਏ ’ਤੇ ਸੀ।

ਟੈਕਸਟਾਈਲ, ਹੋਟਲ ਅਤੇ ਟੂਰਿਜ਼ਮ ’ਚ ਨਵਾਂ ਨਿਵੇਸ਼ 1 ਫੀਸਦੀ ਤੋਂ ਵੀ ਘੱਟ
ਪਿਛਲੇ ਵਿੱਤੀ ਸਾਲ ’ਚ ਨਿਵੇਸ਼ ਦੇ ਐਲਾਨ ਦੇ ਮਾਮਲੇ ’ਚ ਮੈਟਲ, ਕੈਮੀਕਲ ਅਤੇ ਬਿਜਲੀ ਖੇਤਰ ਅੱਗੇ ਰਹੇ ਹਨ। ਉੱਥੇ ਹੀ ਟੈਕਸਟਾਈਲ, ਹੋਟਲ ਅਤੇ ਟੂਰਿਜ਼ਮ ’ਚ ਨਵਾਂ ਨਿਵੇਸ਼ 1 ਫੀਸਦੀ ਤੋਂ ਵੀ ਘੱਟ ਐਲਾਨ ਕੀਤਾ ਗਿਆ। ਕੁਲ ਨਿਵੇਸ਼ ਦੇ ਐਲਾਨ ਦਾ ਕਰੀਬ 20 ਫੀਸਦੀ ਹਿੱਸਾ ਮੈਟਲ ਅਤੇ ਮੈਟਲ ਉਤਪਾਦਾਂ ਦਾ ਸੀ।

ਉਥੇ ਹੀ ਬਿਜਲੀ ਖੇਤਰ ’ਚ ਇਹ 17 ਫੀਸਦੀ ਅਤੇ ਕੈਮੀਕਲ ਉਤਪਾਦਾਂ ’ਚ 12 ਫੀਸਦੀ ਰਿਹਾ ਹੈ। ਇਸ ਮੋਰਚੇ ’ਤੇ ਸਭ ਤੋਂ ਪਿੱਛੇ ਰਹਿਣ ਵਾਲਾ ਖੇਤਰ ਸੰਚਾਰ ਸੇਵਾਵਾਂ ਨਾਲ ਜੁੜਿਆ ਰਿਹਾ ਜਿਥੇ ਕੋਈ ਵੀ ਨਵਾਂ ਨਿਵੇਸ਼ ਐਲਾਨ ਨਹੀਂ ਹੋਇਆ ਹੈ। ਉਥੇ ਹੀ ਥੋਕ ਅਤੇ ਪ੍ਰਚੂਨ ਕਾਰੋਬਾਰ ’ਚ 0.1 ਫੀਸਦੀ, ਹੋਟਲ ਅਤੇ ਟੂਰਿਜ਼ਮ ’ਚ 0.5 ਅਤੇ ਟੈਕਸਟਾਈਲ ਚ 0.7 ਫੀਸਦੀ ਨਿਵੇਸ਼ ਦਾ ਐਲਾਨ ਹੋਇਆ। ਅੰਕੜਿਆਂ ’ਚ ਇਹ ਵੀ ਦੱਸਿਆ ਗਿਆ ਹੈ ਕਿ ਨਵਾਂ ਨਿਵੇਸ਼ ਕਰਨ ਵਾਲੀਆਂ ਜ਼ਿਆਦਾਤਰ ਵੱਡੀਆਂ ਕੰਪਨੀਆਂ ਹੀ ਹਨ। ਮੈਟਲ ਖੇਤਰ ’ਚ ਚੋਟੀ ਦੀਆਂ 5 ਕੰਪਨੀਆਂ ਨੇ ਕੁਲ 65 ਫੀਸਦੀ ਨਵੇਂ ਨਿਵੇਸ਼ ਦਾ ਐਲਾਨ ਕੀਤਾ ਹੈ।

ਕਾਰੋਬਾਰੀ ਨਿਵੇਸ਼ ਨੂੰ ਲੈ ਕੇ ਉਤਸ਼ਾਹਿਤ, ਪਰ ਯੋਜਨਾਵਾਂ ਠੰਡੇ ਬਸਤੇ ’ਚ
ਮਾਹਰਾਂ ਮੁਤਾਬਕ ਕਾਰੋਬਾਰੀ ਇਸ ਸਾਲ ਤੋਂ ਨਿਵੇਸ਼ ਨੂੰ ਲੈ ਕੇ ਉਤਸ਼ਾਹਿਤ ਤਾਂ ਸਨ ਪਰ ਕੋਰੋਨਾ ਦੀ ਨਵੀਂ ਲਹਿਰ ਨੇ ਨਾ ਸਿਰਫ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਠੰਡੇ ਬਸਤੇ ’ਚ ਪਾਉਣਾ ਸ਼ੁਰੂ ਦਿੱਤਾ ਹੈ ਸਗੋਂ ਹੁਣ ਤਾਂ ਜਮ੍ਹਾ ਪੂੰਜੀ ’ਤੇ ਵੀ ਖਤਰਾ ਮੰਡਰਾਉਣ ਲੱਗਾ ਹੈ। ਇਸ ਦੌਰਾਨ ਸਿਰਫ ਜ਼ਰੂਰੀ ਚੀਜ਼ਾਂ ਦੀ ਹੀ ਮੰਗ ਹੈ ਅਤੇ ਉਸੇ ਹਿਸਾਬ ਨਾਲ ਕਾਰੋਬਾਰ ਹੋ ਰਿਹਾ ਹੈ।


Sanjeev

Content Editor

Related News