ਕੋਰੋਨਾ ਨਾਲ ਏਅਰ ਇੰਡੀਆ ਦਾ ਘਟਿਆ ਮੁਲਾਂਕਣ
Tuesday, Mar 17, 2020 - 11:28 PM (IST)
 
            
            ਮੁੰਬਈ (ਬੀ.)-ਕੋਰੋਨਾ ਵਾਇਰਸ ਦੇ ਪ੍ਰਸਾਰ ਨਾਲ ਏਅਰ ਇੰਡੀਆ ਦਾ ਮੁਲਾਂਕਣ ਕਰੀਬ ਅੱਧਾ ਘਟ ਗਿਆ ਹੈ, ਉਥੇ ਹੀ ਸੰਭਾਵਿਕ ਬੋਲੀਦਾਤਿਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨਿਆਂ ’ਚ ਸਾਰੀਆਂ ਹਵਾਬਾਜ਼ੀ ਕੰਪਨੀਆਂ ਦੇ ਮਾਲੀਆ ਅਤੇ ਲਾਭ ’ਚ ਗਿਰਾਵਟ ਆਉਣ ਦਾ ਅਨੁਮਾਨ ਹੈ। ਵਿਸ਼ਵਵਿਆਪੀ ਮਹਾਮਾਰੀ ਦਾ ਅਸਰ ਹਵਾਬਾਜ਼ੀ ਕੰਪਨੀਆਂ ਦੇ ਸ਼ੇਅਰਾਂ ਦੀਆਂ ਕੀਮਤਾਂ ’ਤੇ ਵੀ ਦਿਸ ਰਿਹਾ ਹੈ। ਯੂਨਾਈਟਿਡ ਏਅਰਲਾਈਨਜ਼ ਦਾ ਸ਼ੇਅਰ ਭਾਅ ਇਸ ਸਾਲ ਜਨਵਰੀ ਤੋਂ ਹੁਣ ਤੱਕ 58 ਫੀਸਦੀ ਅਤੇ ਲੁਫਥਾਂਸਾ ਦਾ ਸ਼ੇਅਰ 36 ਫੀਸਦੀ ਤੱਕ ਫਿਸਲ ਚੁੱਕਾ ਹੈ।
ਏਅਰ ਇੰਡੀਆ ਦੇ ਸੰਭਾਵਿਕ ਬੋਲੀਦਾਤਿਆਂ ਨੇ ਕਿਹਾ ਕਿ ਕੋਰੋਨਾ ਸੰਕਟ ਤੋਂ ਬਾਅਦ ਉਹ ਭਾਰਤ ਅਤੇ ਵਿਦੇਸ਼ੀ ਬਾਜ਼ਾਰ ’ਚ ਮੁਕਾਬਲੇਬਾਜ਼ ਕੰਪਨੀਆਂ ਦੇ ਸ਼ੇਅਰਾਂ ਦੇ ਮੁਲਾਂਕਣ ਨੂੰ ਧਿਆਨ ’ਚ ਰੱਖਦੇ ਹੋਏ ਏਅਰ ਇੰਡੀਆ ਲਈ ਬੋਲੀ ਲਾਉਣਗੇ। ਹੁਣ ਬੋਲੀਦਾਤਾ ਨੇ ਕਿਹਾ ਕਿ ਭਾਰਤ ਅਤੇ ਵਿਦੇਸ਼ੀ ਬਾਜ਼ਾਰ ’ਚ ਕਈ ਹਵਾਬਾਜ਼ੀ ਕੰਪਨੀਆਂ ਸੂਚੀਬੱਧ ਹਨ ਅਤੇ ਏਅਰ ਇੰਡੀਆ ਦੇ ਮੁਲਾਂਕਣ ਲਈ ਇਹ ਇਕ ਚੰਗਾ ਸੰਕੇਤ ਹੈ। ਹਵਾਬਾਜ਼ੀ ਉਦਯੋਗ ਨੂੰ 2020 ’ਚ ਕਰੀਬ 67 ਅਰਬ ਡਾਲਰ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ ਅਤੇ ਆਉਣ ਵਾਲੇ ਮਹੀਨਿਆਂ ’ਚ ਕਈ ਹਵਾਬਾਜ਼ੀ ਕੰਪਨੀਆਂ ਦੀਵਾਲੀਆ ਅਪਲਾਈ ਕਰ ਸਕਦੀਆਂ ਹਨ।
ਬੋਲੀਦਾਤਾ ਨੇ ਇਕ ਉਦਾਹਰਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਯੂਨਾਈਟਿਡ ਏਅਰਲਾਈਨਜ਼ ਹੋਲਡਿੰਗਸ ਅਤੇ ਡਾਇਚੇ ਲੁਫਥਾਂਸਾ ਏ. ਜੀ. ਲਾਭ ਕਮਾ ਰਹੀ ਹੈ। ਯੂਨਾਈਟਿਡ ਏਅਰਲਾਈਨਜ਼ 1250 ਜਹਾਜ਼ਾਂ ਦੇ ਬੇੜੇ ਨਾਲ 369 ਮਾਰਗਾਂ ਲਈ ਉਡਾਣਾਂ ਸੰਚਾਲਿਤ ਕਰਦੀ ਹੈ, ਉਥੇ ਹੀ ਲੁਫਥਾਂਸਾ 400 ਬੇੜਿਆਂ ਨਾਲ 220 ਮਾਰਗਾਂ ਲਈ ਉਡਾਣਾਂ ਭਰਦੀ ਹੈ। ਡੈਲਟਾ ਏਅਰਲਾਈਨ ਦਾ ਸ਼ੇਅਰ ਭਾਅ 1 ਜਨਵਰੀ ਨੂੰ 58 ਡਾਲਰ ਪ੍ਰਤੀ ਸ਼ੇਅਰ ਸੀ, ਜੋ ਸ਼ੁੱਕਰਵਾਰ ਨੂੰ 38.36 ਡਾਲਰ ’ਤੇ ਬੰਦ ਹੋਇਆ। ਅਮਰੀਕਾ ਦੀ ਇਸ ਹਵਾਬਾਜ਼ੀ ਕੰਪਨੀ ਕੋਲ 909 ਜਹਾਜ਼ਾਂ ਦਾ ਬੇੜਾ ਹੈ ਅਤੇ ਉਹ 325 ਮਾਰਗਾਂ ਲਈ ਉਡਾਣਾਂ ਸੰਚਾਲਿਤ ਕਰਦੀ ਹੈ।
ਏਅਰ ਇੰਡੀਆ ਕੋਲ 140 ਜਹਾਜ਼ਾਂ ਦਾ ਬੇੜਾ
ਏਅਰ ਇੰਡੀਆ ਘਾਟੇ ਵਾਲੀ ਕੰਪਨੀ ਹੈ ਅਤੇ ਇਸ ਕੋਲ 140 ਜਹਾਜ਼ਾਂ ਦਾ ਬੇੜਾ ਹੈ। ਏਅਰ ਇੰਡੀਆ ਅਤੇ ਇੰਡੀਅਨ ਏਅਰਲਾਈਨਜ਼ ਦੇ 2007 ’ਚ ਰਲੇਵੇਂ ਨਾਲ ਹੀ ਇਹ ਕੰਪਨੀ ਲਾਭ ਕਮਾਉਣ ’ਚ ਅਸਫਲ ਰਹੀ ਹੈ। ਏਅਰ ਇੰਡੀਆ ਤੋਂ ਇਲਾਵਾ ਸਰਕਾਰ ਇਸ ਦੀ ਸਹਾਇਕ ਇਕਾਈ ਏਅਰ ਇੰਡੀਆ ਐਕਸਪ੍ਰੈੱਸ ਨਾਲ ਹੀ ਏਅਰ ਇੰਡੀਆ ਐੱਸ. ਏ. ਟੀ. ਐੱਸ. ਏਅਰਪੋਰਟ ਸਰਵਿਸਿਜ਼ ’ਚ 50 ਫੀਸਦੀ ਹਿੱਸੇਦਾਰੀ ਵੇਚਣ ਦੀ ਸੰਭਾਵਨਾ ਤਲਾਸ਼ ਰਹੀ ਹੈ।
ਹਿੰਦੂਜਾ ਤੋਂ ਇਲਾਵਾ ਅਡਾਨੀ ਸਮੂਹ ਅਤੇ ਅਮਰੀਕਾ ਦੀ ਕੰਪਨੀ ਇੰਟਰਪਸ ਨਾਲ ਹੀ ਟਾਟਾ ਸਮੂਹ ਵੱਲੋਂ ਬੋਲੀ ਲਾਏ ਜਾਣ ਦੀ ਉਮੀਦ ਹੈ। ਸਰਕਾਰ ਨੇ ਏਅਰ ਇੰਡੀਆ ਲਈ ਰੁਚੀ ਪੱਤਰ ਜਮ੍ਹਾ ਕਰਵਾਉਣ ਦੀ ਤਰੀਕ 30 ਅਪ੍ਰੈਲ ਤੱਕ ਵਧਾ ਦਿੱਤੀ ਹੈ। ਇਕ ਸੰਭਾਵਿਕ ਬੋਲੀਦਾਤਾ ਨੇ ਕਿਹਾ ਕਿ ਉਹ ਬੋਲੀ ਦੇ ਬਾਰੇ ਅਪ੍ਰੈਲ ਦੇ ਅਖੀਰ ’ਚ ਫੈਸਲਾ ਕਰੇਗਾ, ਉਥੇ ਹੀ ਇਕ ਹੋਰ ਨੇ ਕਿਹਾ ਕਿ ਮੌਜੂਦਾ ਸਥਿਤੀ ’ਚ ਉਹ ਸ਼ਾਇਦ ਬੋਲੀ ਨਾ ਲਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            