ਬੈਂਕਿੰਗ ਤੋਂ ਇਲਾਵਾ ਖੇਤੀਬਾੜੀ ਨੂੰ ਸੌਖਾਲਾ ਅਤੇ ਕਿਸਾਨਾਂ ਨੂੰ ਖੁਸ਼ਹਾਲ ਬਣਾਉਣਾ ਵੀ ਸਹਿਕਾਰੀ ਬੈਂਕਾਂ ਦਾ ਕੰਮ : ਸ਼ਾਹ

07/16/2022 6:32:34 PM

ਨਵੀਂ ਦਿੱਲੀ (ਭਾਸ਼ਾ) – ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬੈਂਕ (ਏ. ਆਰ. ਡੀ. ਬੀ.) ਨੂੰ ਕਿਹਾ ਕਿ ਸਹਿਕਾਰੀ ਬੈਂਕਾਂ ਨੂੰ ਸਿਰਫ ਬੈਂਕਿੰਗ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਸਗੋਂ ਖੇਤੀ ਦੇ ਵਿਸਤਾਰ, ਉਪਜ ਵਧਾਉਣ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਨੂੰ ਸੌਖਾਲਾ ਅਤੇ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਲਈ ਪਿੰਡ-ਪਿੰਡ ’ਚ ਕਿਸਾਨਾਂ ਨਾਲ ਰਾਬਤਾ ਕਰ ਕੇ ਉਨ੍ਹਾਂ ਨੂੰ ਜਾਗਰੂਕ ਬਣਾਉਣਾ ਵੀ ਏ. ਆਰ. ਡੀ. ਬੀ. ਦੀ ਹੀ ਜ਼ਿੰਮੇਵਾਰੀ ਹੈ। ਸ਼ਾਹ ਨੇ ਕਿਹਾ ਕਿ ਸਹਿਕਾਰਤਾ ਮੰਤਰਾਲਾ ਨੇ ਸਹਿਕਾਰੀ ਖੇਤਰ ਦਾ ਡਾਟਾਬੇਸ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਸਹਿਕਾਰੀ ਖੇਤਰ ਦਾ ਕੋਈ ਵੀ ਏਕੀਕ੍ਰਿਤ ਡਾਟਾਬੇਸ ਨਹੀਂ ਹੈ ਅਤੇ ਡਾਟਾਬੇਸ ਨਾ ਹੋਣ ’ਤੇ ਖੇਤਰ ਦੇ ਵਿਸਤਾਰ ਬਾਰੇ ਨਹੀਂ ਸੋਚਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਸਤਾਰ ਤਾਂ ਹੀ ਹੋ ਸਕਦਾ ਹੈ ਜਦੋਂ ਤੁਸੀਂ ਜਾਣਦੇ ਹੋ ਕਿ ਵਿਸਤਾਰ ਕਿੱਥੇ ਕਰਨਾ ਹੈ। ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਹਿਕਾਰੀ ਬੈਂਕਾਂ ਨੂੰ ਦੇਸ਼ ’ਚ ਸਿੰਚਾਈ ਵਾਲੀ ਜ਼ਮੀਨ ਨੂੰ ਵਧਾਉਣ ਦੇ ਟੀਚੇ ਨਾਲ ਕਰਜ਼ਾ ਦੇਣ ’ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਏ. ਆਰ. ਡੀ. ਬੀ. ਸਿੰਚਾਈ ਯੋਜਨਾਵਾਂ ਅਤੇ ਹੋਰ ਬੁਨਿਆਦੀ ਢਾਂਚਿਆਂ ਸਮੇਤ ਖੇਤੀਬਾੜੀ ਖੇਤਰ ਨੂੰ ਲੰਮੀ ਮਿਆਦ ਦੇ ਹੋਰ ਕਰਜ਼ੇ ਦੇਣ ’ਤੇ ਧਿਆਨ ਦੇਵੇ।

ਸ਼ਾਹ ਨੇ ਕਿਹਾ ਕਿ ਛੋਟੇ ਕਿਸਾਨਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਹਿਕਾਰੀ ਬੈਂਕਾਂ ਨੂੰ ਇਸ ਬਾਰੇ ਸੋਚਣਾ ਚਾਹੀਾਦ ਹੈ ਕਿ ਸਹਿਕਾਰਤਾ ਦੀ ਭਾਵਨਾ ਨਾਲ ਇਸ ਤਰ੍ਹਾਂ ਦੇ ਛੋਟੇ ਖੇਤਾਂ ’ਚ ਕਿਸ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ’ਚ 49.4 ਕਰੋੜ ਏਕੜ ਖੇਤੀਬਾੜੀਯੋਗ ਜ਼ਮੀਨ ਹੈ ਜੋ ਅਮਰੀਕਾ ਤੋਂ ਬਾਅਦ ਸਭ ਤੋਂ ਵੱਧ ਹੈ। ਜੇ ਪੂਰੀ ਖੇਤੀਬਾੜੀਯੋਗ ਜ਼ਮੀਨ ਦੀ ਸਿੰਚਾਈ ਕੀਤੀ ਜਾਵੇ ਤਾਂ ਭਾਰਤ ਪੂਰੀ ਦੁਨੀਆ ਦਾ ਪੇਟ ਭਰ ਸਕਦਾ ਹੈ।


Harinder Kaur

Content Editor

Related News