Yes Bank ਅਤੇ Dish TV ਵਿਚਾਲੇ ਵਧਿਆ ਵਿਵਾਦ

09/27/2021 1:54:58 PM

ਮੁੰਬਈ (ਬੀ.) - ਡਿਸ਼ ਟੀ. ਵੀ. ਅਤੇ ਯੈੱਸ ਬੈਂਕ ’ਚ ਵਿਵਾਦ ਵਧ ਗਿਆ ਹੈ। ਸਭ ਤੋਂ ਵੱਡੀ ਸ਼ੇਅਰਹੋਲਡਰ ਯੈੱਸ ਬੈਂਕ ਨੇ ਐਕਸਟ੍ਰਾ ਆਰਡਿਨਰੀ ਜਨਰਲ ਮੀਟਿੰਗ (ਈ. ਜੀ. ਐੱਮ.) ਬੁਲਾਉਣ ਦੀ ਮੰਗ ਕੀਤੀ ਹੈ। ਯੈੱਸ ਬੈਂਕ ਦੇ ਕੋਲ ਡਿਸ਼ ਟੀ. ਵੀ. ਦੀ 25.63 ਫੀਸਦੀ ਹਿੱਸੇਦਾਰੀ ਹੈ। ਯੈੱਸ ਬੈਂਕ ਈ. ਜੀ. ਐੱਮ. ਦੇ ਜਰੀਏ ਡਿਸ਼ ਟੀ. ਵੀ. ਦੇ ਐੱਮ. ਡੀ. ਅਤੇ ਡਾਇਰੈਕਟਰ ਜਵਾਹਰ ਲਾਲ ਗੋਇਲ ਨੂੰ ਹਟਾਉਣਾ ਚਾਹੁੰਦਾ ਹੈ ਅਤੇ ਉਨ੍ਹਾਂ ਦੀ ਜਗ੍ਹਾ ਨਵੇਂ ਇੰਡੀਪੈਂਡੈਂਟ ਡਾਇਰੈਕਟਰਸ ਨੂੰ ਨਿਯੁਕਤ ਕਰਨਾ ਚਾਹੁੰਦਾ ਹੈ।

ਕਿਵੇਂ ਸ਼ੁਰੂ ਹੋਇਆ ਵਿਵਾਦ?

ਮਈ 2020 ’ਚ ਯੈੱਸ ਬੈਂਕ ਨੇ ਡਿਸ਼ ਟੀ. ਵੀ. ਦੇ ਗਿਰਵੀ ਰੱਖੇ ਸ਼ੇਅਰਾਂ ਨੂੰ ਭੁਨਾ ਲਿਆ ਅਤੇ ਉਹ ਇਸ ਦੀ ਸਭ ਤੋਂ ਵੱਡੀ ਨਿਵੇਸ਼ਕ ਬਣ ਗਈ। ਇਸ ਤੋਂ ਬਾਅਦ ਫਰਵਰੀ 2021 ’ਚ ਡਿਸ਼ ਟੀ. ਵੀ. ਨੇ 1,000 ਕਰੋਡ਼ ਦੇ ਰਾਈਟ ਇਸ਼ੂ ਨੂੰ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ। ਯੈੱਸ ਬੈਂਕ ਨੇ ਇਸ ’ਤੇ ਇਤਾਰਜ਼ ਪ੍ਰਗਟਾਇਆ ਅਤੇ ਬੋਰਡ ਨੂੰ ਨਵੇਂ ਸਿਰੇ ਤੋਂ ਗਠਨ ਕਰਨ ਦੀ ਮੰਗ ਕੀਤੀ।

ਡਿਸ਼ ਟੀ. ਵੀ. ਨੇ ਦਲੀਲ ਦਿੱਤੀ ਕਿ ਬੋਰਡ ਦੇ ਪੱਧਰ ’ਤੇ ਨਿਯੁਕਤੀ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਵੱਲੋਂ ਮਨਜ਼ੂਰੀ ਲੈਣ ਦੀ ਜ਼ਰੂਰਤ ਪੈਂਦੀ ਹੈ। ਇਸ ਤੋਂ ਪਹਿਲਾਂ ਯੈੱਸ ਬੈਂਕ ਨੇ ਐਸੈੱਲ ਗਰੁੱਪ ਦੇ ਪ੍ਰਮੋਟਰਾਂ ਨੂੰ 3,000 ਕਰੋਡ਼ ਰੁਪਏ ਦਾ ਕਰਜ਼ਾ ਦਿੱਤਾ ਸੀ ਅਤੇ ਪ੍ਰਮੋਟਰ ਇਸ ਕਰਜ਼ੇ ’ਤੇ ਡਿਫਾਲਟ ਕਰ ਗਏ ਸਨ। ਸੁਭਾਸ਼ ਚੰਦਰਾ ਦੀ ਅਗਵਾਈ ਵਾਲੇ ਜ਼ੀ ਗਰੁੱਪ ਦੇ ਬਚਾਅ ’ਚ ਉਦੋਂ ਡਿਸ਼ ਟੀ. ਵੀ. ਦੇ ਮਾਲਕ ਜਵਾਹਰ ਲਾਲ ਗੋਇਲ ਸਾਹਮਣੇ ਆਏ ਅਤੇ ਉਨ੍ਹਾਂ ਨੇ ਡਿਸ਼ ਟੀ. ਵੀ. ’ਚ ਆਪਣੀ ਨਿੱਜੀ ਹੋਲਡਿੰਗ ਨੂੰ ਬੈਂਕ ਦੇ ਕੋਲ ਗਿਰਵੀ ਰੱਖਿਆ ਦਿੱਤਾ। ਜਵਾਹਰ ਗੋਇਲ, ਸੁਭਾਸ਼ ਚੰਦਰਾ ਦੇ ਛੋਟੇ ਭਰਾ ਹਨ।

ਯੈੱਸ ਬੈਂਕ ਨਵੇਂ ਬੋਰਡ ਦੀ ਮੰਗ ਕਿਉਂ ਕਰ ਰਿਹਾ ਹੈ?

ਸਪਸ਼ਟ ਹੈ ਕਿ ਇਸ ਦਾ ਇਕ ਕਾਰਨ ਇਹ ਹੈ ਕਿ ਯੈੱਸ ਬੈਂਕ ਰਾਈਟ ਇਸ਼ੂ ਨੂੰ ਜਾਰੀ ਕਰਨ ਦੇ ਤਰੀਕੇ ਤੋਂ ਖੁਸ਼ ਨਹੀਂ ਸੀ। ਇਸ ਤੋਂ ਪਹਿਲਾਂ ਵੀ ਕਈ ਮੁੱਦਿਆਂ ’ਤੇ ਯੈੱਸ ਬੈਂਕ ਅਤੇ ਡਿਸ਼ ਟੀ. ਵੀ. ਦੀ ਰਾਏ ਨਹੀਂ ਮਿਲੀ ਸੀ। ਯੈੱਸ ਬੈਂਕ ਦਾ ਕਹਿਣਾ ਹੈ ਕਿ ਰਾਈਟ ਇਸ਼ੂ ਨੂੰ ਡਿਸ਼ ਟੀ. ਵੀ. ’ਚ ਉਸ ਦੇ ਮੇਜ਼ਾਰਿਟੀ ਸ਼ੇਅਰਹੋਲਡਿੰਗ ਨੂੰ ਘੱਟ ਕਰਨ ਲਈ ਲਿਆਂਦਾ ਜਾ ਰਿਹਾ ਹੈ।

ਯੈੱਸ ਬੈਂਕ ਨੇ ਕੰਪਨੀ ਨੂੰ ਭੇਜੇ ਨੋਟਿਸ ’ਚ ਕਿਹਾ, ‘‘ਕੰਪਨੀ ਕਾਰਪੋਰੇਟ ਗਵਰਨੈਂਸ ਦੇ ਮਾਣਕ ਦੀ ਸਹੀ ਪਾਲਣਾ ਨਹੀਂ ਕਰ ਰਹੀ ਹੈ ਅਤੇ ਇਹ ਆਪਣੇ ਸ਼ੇਅਰਹੋਲਡਰਾਂ (ਯੈੱਸ ਬੈਂਕ ਸਮੇਤ ਦੂਜੇ ਕਈ ਬੈਂਕ ਅਤੇ ਵਿੱਤੀ ਸੰਸਥਾਨ) ਦੀ ਸਹੀ ਅਗਵਾਈ ਨਹੀਂ ਕਰ ਰਹੀ ਹੈ, ਜਿਨ੍ਹਾਂ ਦੀ ਕੰਪਨੀ ’ਚ ਕਰੀਬ 45 ਫੀਸਦੀ ਹਿੱਸੇਦਾਰੀ ਹੈ।

ਬੈਂਕ ਨੇ ਕਿਹਾ, ‘‘ਡਿਸ਼ ਟੀ. ਵੀ. ਜਾਣ-ਬੁੱਝ ਕੇ ਕੁਝ ਮਾਇਨਾਰਿਟੀ ਸ਼ੇਅਰਹੋਲਡਰਾਂ ਦੇ ਇਸ਼ਾਰੇ ’ਤੇ ਕੰਮ ਕਰ ਰਹੀ ਹੈ, ਜਿਨ੍ਹਾਂ ਦੇ ਕੋਲ ਕੰਪਨੀ ਦੀ ਸਿਰਫ਼ 6 ਫੀਸਦੀ ਹਿੱਸੇਦਾਰੀ ਹੈ। ਯੈੱਸ ਬੈਂਕ ਨੇ ਕਿਹਾ ਕਿ ਉਸ ਨੇ ਡਿਸ਼ ਟੀ. ਵੀ. ਨੂੰ ਅਹਿਮ ਸ਼ੇਅਰਹੋਲਡਰਾਂ ਨਾਲ ਚਰਚਾ ਤੋਂ ਬਿਨਾਂ ਰਾਈਟ ਇਸ਼ੂ ਨੂੰ ਮਨਜ਼ੂਰੀ ਨਾ ਦੇਣ ਲਈ ਕਿਹਾ ਸੀ। ਹਾਲਾਂਕਿ ਬੋਰਡ ਨੇ ਇਸ ਨੂੰ ਅਣਸੁਣਿਆ ਕਰ ਦਿੱਤਾ ਅਤੇ 28 ਮਈ 2021 ਨੂੰ 1,000 ਕਰੋਡ਼ ਦੇ ਰਾਈਟ ਇਸ਼ੂ ਲਿਆਉਣ ਦੀ ਉਸ ਦੀ ਯੋਜਨਾ ਦਾ ਜਨਤਕ ਐਲਾਨ ਕਰ ਦਿੱਤਾ।

ਯੈੱਸ ਬੈਂਕ ਹੁਣ ਅੱਗੇ ਕੀ ਕਦਮ ਉਠਾ ਸਕਦਾ ਹੈ?

ਡਿਸ਼ ਟੀ. ਵੀ. ਨੇ 6 ਸਤੰਬਰ ਨੂੰ ਯੈੱਸ ਬੈਂਕ ਨੂੰ ਭੇਜੇ ਇਕ ਜਵਾਬ ’ਚ ਕਿਹਾ ਕਿ ਡਾਇਰੈਕਟਰ ਪੱਧਰ ’ਤੇ ਬਦਲਾਅ ਕਰਨ ਤੋਂ ਪਹਿਲਾਂ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਤੋਂ ਮਨਜ਼ੂਰੀ ਲੈਣੀ ਹੁੰਦੀ ਹੈ। ਅਜਿਹੇ ’ਚ ਬੋਰਡ ਤੋਂ ਡਾਇਰੈਕਟਰਾਂ ਨੂੰ ਹਟਾਉਣਾ ਅਤੇ ਉਨ੍ਹਾਂ ਦੀ ਨਿਯੁਕਤੀ ਦਾ ਪ੍ਰਸਤਾਵ ਏ. ਜੀ. ਐੱਮ. ’ਚ ਪੇਸ਼ ਨਹੀਂ ਕੀਤਾ ਜਾ ਸਕਦਾ ਹੈ।

ਡਿਸ਼ ਟੀ. ਵੀ. ਦੀ ਏ. ਜੀ. ਐੱਮ. ਅੱਜ

ਯੈਸ ਬੈਂਕ ਨੇ ਇਸ ਤੋਂ ਬਾਅਦ ਡਿਸ਼ ਟੀ. ਵੀ. ਨੂੰ ਕਈ ਨੋਟਿਸ ਜਾਰੀ ਕਰ ਕੇ ਦੋਸ਼ ਲਗਾਇਆ ਕਿ ਉਹ ਡਾਇਰੈਕਟਰਾਂ ਨੂੰ ਹਟਾਉਣ ਅਤੇ ਨਵੇਂ ਡਾਇਰੈਕਟਰਾਂ ਦੀ ਨਿਯੁਕਤੀ ਦਾ ਪ੍ਰਸਤਾਵ ਪੇਸ਼ ਕਰਨ ਦੀ ਜਗ੍ਹਾ ਹੁਣ 27 ਸਤੰਬਰ ਨੂੰ ਏ . ਜੀ. ਐੱਮ. ਦੀ ਬੈਠਕ ਹੀ ਟਾਲਣ ’ਚ ਲੱਗੀ ਹੈ।

ਅਜਿਹੇ ’ਚ ਯੈੱਸ ਬੈਂਕ ਨੇ ਕੰਪਨੀ ਐਕਟ ਦੇ ਸੈਕਸ਼ਨ 100 ਦੇ ਤਹਿਤ ਡਿਸ਼ ਟੀ. ਵੀ. ਨੂੰ ਨੋਟਿਸ ਜਾਰੀ ਕਰ ਕੇ ਈ. ਜੀ. ਐੱਮ. ਬੁਲਾਣ ਦੀ ਮੰਗ ਕੀਤੀ। ਕੁਝ ਰਿਪੋਰਟਾਂ ਮੁਤਾਬਕ ਯੈੱਸ ਬੈਂਕ, ਨਵੇਂ ਡਾਇਰੈਕਟਰਾਂ ਦੀ ਨਿਯੁਕਤੀ ਦੇ ਮੁੱਦੇ ’ਤੇ ਕਾਨੂੰਨੀ ਰਸਤਾ ਅਪਨਾਉਣ ’ਤੇ ਵਿਚਾਰ ਕਰ ਰਹੀ ਹੈ। ਨਾਲ ਹੀ ਯੈੱਸ ਬੈਂਕ ਨੇ ਡਿਸ਼ ਟੀ. ਵੀ. ਦੇ ਕੁਝ ਨਿਵੇਸ਼ਾਂ ਨੂੰ ਵੀ ਜਾਣਨ ਦੀ ਇੱਛਾ ਪ੍ਰਗਟਾਈ ਹੈ ਕਿਉਂਕਿ ਉਸ ਦਾ ਮੰਨਣਾ ਹੈ ਕਿ ਡਿਸ਼ ਟੀ. ਵੀ. ਨੇ ਇਨ੍ਹਾਂ ਨਿਵੇਸ਼ਾਂ ਨਾਲ ਜੁਡ਼ੇ ਤਸੱਲੀਬਖਸ਼ ਖੁਲਾਸੇ ਨਹੀਂ ਕੀਤੇ ਹਨ।


Harinder Kaur

Content Editor

Related News