ਮਹਿੰਗਾਈ ’ਤੇ ਕਾਬੂ ਪਾਉਣਾ ਹੁਣ RBI ਦਾ ਮੁੱਖ ਮਕਸਦ : ਦਾਸ

12/5/2019 10:35:36 PM

ਨਵੀਂ ਦਿੱਲੀ (ਏਜੰਸੀਆਂ)-ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਰੇਪੋ ਰੇਟ ਤਾਂ ਘਟਾਇਆ ਨਹੀਂ ਪਰ ਆਮ ਆਦਮੀ ਦੀ ਪ੍ਰੇਸ਼ਾਨੀ ਅਤੇ ਅਰਥਵਿਵਸਥਾ ’ਚ ਛਾਈ ਸੁਸਤੀ ਨੂੰ ਦੂਰ ਕਰਨ ਲਈ 3 ਵੱਡੇ ਐਲਾਨ ਕੀਤੇ ਹਨ। ਇਸ ਨਾਲ ਕੇਂਦਰੀ ਬੈਂਕ ਨੂੰ ਲੱਗਦਾ ਹੈ ਕਿ ਲੋਕਾਂ ’ਚ ਖਪਤ ਵਧੇਗੀ, ਜਿਸ ਨਾਲ ਅਰਥਵਿਵਸਥਾ ’ਚ ਤੇਜ਼ੀ ਆਵੇਗੀ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਰੇਪੋ ਰੇਟ ਸਥਿਰ ਰੱਖਣ ’ਤੇ ਵੱਖ-ਵੱਖ ਸੈਕਟਰਾਂ ’ਚ ਪੈਦਾ ਹੋਈ ਬੇਚੈਨੀ ਨੂੰ ਲੈ ਕੇ ਕਿਹਾ ਕਿ ਕੇਂਦਰੀ ਬੈਂਕ ਦਾ ਮੁੱਖ ਮਕਸਦ ਹੁਣ ਮਹਿੰਗਾਈ ’ਤੇ ਕਾਬੂ ਪਾਉਣਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ’ਚ ਮਹਿੰਗਾਈ ਦੀ ਮਾਰ ਜ਼ਿਆਦਾ ਹੈ, ਅਜਿਹਾ ਵਿਆਪਕ ਰੂਪ ਨਾਲ ਉੱਚੀ ਖੁਰਾਕੀ ਮਹਿੰਗਾਈ ਕਾਰਣ ਹੈ। ਜਨਵਰੀ-ਮਾਰਚ ਦੌਰਾਨ ਖੁਰਾਕੀ ਮਹਿੰਗਾਈ ਬਹੁਤ ਜ਼ਿਆਦਾ ਰਹੇਗੀ, ਜਿਸ ਨੇ ਆਰ. ਬੀ. ਆਈ. ਨੂੰ ਦਰਾਂ ’ਚ ਕਟੌਤੀ ’ਤੇ ਰੋਕ ਲਾਉਣ ਲਈ ਪ੍ਰੇਰਿਤ ਕੀਤਾ ਹੈ।

ਨੀਤੀਗਤ ਦਰਾਂ ਬਾਰੇ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਆਰਥਿਕ ਵਾਧੇ ਨੂੰ ਰਫ਼ਤਾਰ ਦੇਣ ਲਈ ਪਿਛਲੇ ਕੁਝ ਮਹੀਨਿਆਂ ’ਚ ਕੇਂਦਰ ਸਰਕਾਰ ਅਤੇ ਰਿਜ਼ਰਵ ਬੈਂਕ ਵੱਲੋਂ ਕੀਤੇ ਗਏ ਉਪਰਾਲਿਆਂ ਦੇ ਸਾਰੇ ਪ੍ਰਭਾਵਾਂ ਨੂੰ ਦੇਖਣ ਦੀ ਜ਼ਰੂਰਤ ਹੈ। ਉਨ੍ਹਾਂ ਕਰੰਸੀ ਨੀਤੀ ਕਮੇਟੀ ਦੇ ਉਸ ਵਿਸ਼ਲੇਸ਼ਣ ਵੱਲ ਇਸ਼ਾਰਾ ਕੀਤਾ, ਜਿਸ ’ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਅਜੇ ਨੀਤੀਗਤ ਦਰ ’ਚ ਕਟੌਤੀ ਦੀ ਗੁੰਜਾਇਸ਼ ਬਣੀ ਹੋਈ ਹੈ।

ਉਨ੍ਹਾਂ ਕਿਹਾ ਕਿ ਆਰਥਿਕ ਵਾਧੇ ਦੀਆਂ ਚੁਣੌਤੀਆਂ ਨੂੰ ਦੂਰ ਕਰਨ ’ਚ ਵਿੱਤੀ ਅਤੇ ਕਰੰਸੀ ਨੀਤੀ ’ਚ ਹੁਣ ਤੱਕ ਬਿਹਤਰ ਤਾਲਮੇਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਘਾਟੇ ਦੇ ਤੈਅ ਟੀਚੇ ਤੋਂ ਅੱਗੇ ਨਿਕਲਣ ਨੂੰ ਲੈ ਕੇ ਕੇਂਦਰੀ ਬੈਂਕ ਚਿੰਤਤ ਨਹੀਂ ਹੈ। ਰਿਜ਼ਰਵ ਬੈਂਕ ਨੇ ਦੇਸ਼ ’ਚ ਕਿਸੇ ਨਿੱਜੀ ਤੌਰ ’ਤੇ ਜਾਰੀ ਕੀਤੀ ਜਾਣ ਵਾਲੀ ਡਿਜੀਟਲ ਕਰੰਸੀ ਨੂੰ ਚਲਾਉਣ ਦੀ ਮਨਜ਼ੂਰੀ ਦਿੱਤੇ ਜਾਣ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਹਾਲਾਂਕਿ ਰਿਜ਼ਰਵ ਬੈਂਕ ਡਿਜੀਟਲ ਕਰੰਸੀ ਜਾਰੀ ਕਰਨ ਦੇ ਮੁੱਦੇ ’ਤੇ ਗੌਰ ਕਰ ਰਿਹਾ ਹੈ।


Karan Kumar

Edited By Karan Kumar