ਕੰਜ਼ਿਊਮਰ ਫੋਰਮ : PSPCL ਨੂੰ 6 ਲੱਖ ਦਾ ਬਿੱਲ ਰੱਦ ਕਰਨ ਤੇ ਹਰਜਾਨਾ ਭਰਨ ਦਾ ਹੁਕਮ

10/09/2019 8:17:52 AM

ਹੁਸ਼ਿਆਰਪੁਰ, (ਅਸ਼ਵਨੀ)— ਜ਼ਿਲਾ ਖਪਤਕਾਰ ਝਗੜਾ ਨਿਪਟਾਰਾ ਫੋਰਮ ’ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਆਦੇਸ਼ ਦਿੱਤਾ ਹੈ ਕਿ ਉਹ ਪੀਡ਼ਤ ਔਰਤ ਨੂੰ ਭੇਜੇ 6,04,470 ਰੁਪਏ ਦੇ 3 ਬਿੱਲ ਰੱਦ ਕਰੇ ਅਤੇ ਉਸ ਨੂੰ 11,500 ਰੁਪਏ ਹਰਜਾਨਾ ਅਤੇ ਕੇਸ ਖਰਚ ਦੀ ਰਾਸ਼ੀ ਵੀ ਅਦਾ ਕਰੇ।
 

ਕੀ ਹੈ ਮਾਮਲਾ
76 ਸਾਲਾਂ ਦੀ ਵਿਜੈ ਸ਼ਾਰਦਾ ਪਤਨੀ ਕ੍ਰਿਸ਼ਣ ਕੁਮਾਰ ਸ਼ਾਰਦਾ ਨਿਵਾਸੀ ਸ਼ਾਲੀਮਾਰ ਨਗਰ ਹੁਸ਼ਿਆਰਪੁਰ ਨੇ 9 ਅਪ੍ਰੈਲ, 2018 ਨੂੰ ਫੋਰਮ ’ਚ ਦਰਜ ਸ਼ਿਕਾਇਤ ’ਚ ਕਿਹਾ ਸੀ ਕਿ ਉਸ ਦੇ ਸਵ. ਪਤੀ ਕ੍ਰਿਸ਼ਣ ਕੁਮਾਰ ਦੇ ਨਾਂ ’ਤੇ ਬਿਜਲੀ ਦਾ ਕੁਨੈਕਸ਼ਨ ਚੱਲ ਰਿਹਾ ਸੀ। ਸ਼ਿਕਾਇਤਕਰਤਾ ਅਨੁਸਾਰ ਉਸ ਨੂੰ ਹਰ ਮਹੀਨੇ 4-5 ਹਜ਼ਾਰ ਰੁਪਏ ਦਰਮਿਆਨ ਬਿੱਲ ਆਉਂਦਾ ਸੀ ਅਤੇ ਇਨ੍ਹਾਂ ਦਾ ਭੁਗਤਾਨ ਨਿਯਮਿਤ ਤੌਰ ’ਤੇ ਕੀਤਾ ਜਾਂਦਾ ਸੀ। ਵਿਜੈ ਸ਼ਾਰਦਾ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ 8 ਜੁਲਾਈ, 2016 ਨੂੰ ਉਸ ਨੂੰ 1,29,800 ਰੁਪਏ ਦੀ ਰਾਸ਼ੀ ਦਾ ਬਿੱਲ ਪ੍ਰਾਪਤ ਹੋਇਆ। ਇਸ ਸਬੰਧੀ ਸ਼ਿਕਾਇਤ ਕਰਨ ’ਤੇ ਕਾਰਪੋਰੇਸ਼ਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਅਨੁਸਾਰ ਬਾਅਦ ’ਚ 2,46,450 ਰੁਪਏ ਦੀ ਰਾਸ਼ੀ ਦਾ ਇਕ ਹੋਰ ਬਿੱਲ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ 50,000 ਰੁਪਏ ਦੀ ਰਾਸ਼ੀ 22 ਦਸੰਬਰ, 2017 ਨੂੰ ਜਮ੍ਹਾ ਕਰਵਾ ਦਿੱਤਾ ਸੀ ਅਤੇ 20-20 ਹਜ਼ਾਰ ਰੁਪਏ ਦੀ ਰਾਸ਼ੀ 14 ਦਸੰਬਰ, 2017 ਅਤੇ 17 ਜਨਵਰੀ, 2018 ਨੂੰ ਵੀ ਜਮ੍ਹਾ ਕਰਵਾਈ। ਇਸ ਤੋਂ ਬਾਅਦ ਫਿਰ ਕਾਰਪੋਰੇਸ਼ਨ ਵੱਲੋਂ 2,28,820 ਰੁਪਏ ਦੀ ਰਾਸ਼ੀ ਦਾ ਹੋਰ ਬਿੱਲ ਭੇਜ ਦਿੱਤਾ ਗਿਆ। ਇਸ ਤਰ੍ਹਾਂ ਉਸ ਨੂੰ 6,04,470 ਰੁਪਏ ਦੀ ਰਾਸ਼ੀ ਦੇ ਬਿੱਲ ਭੇਜੇ ਗਏ। ਪ੍ਰੇਸ਼ਾਨ ਹੋ ਕੇ ਉਸ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
 

ਇਹ ਕਿਹਾ ਫੋਰਮ ਨੇ
ਜ਼ਿਲਾ ਖਪਤਕਾਰ ਫੋਰਮ ਦੇ ਚੇਅਰਮੈਨ ਚਰਨਜੀਤ ਸਿੰਘ ਅਤੇ ਮੈਂਬਰ ਰਾਜ ਸਿੰਘ ਨੇ ਸ਼ਿਕਾਇਤ ਦਾ ਨਿਪਟਾਰਾ ਕਰਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਆਦੇਸ਼ ਦਿੱਤਾ ਕਿ ਸ਼ਿਕਾਇਤਕਰਤਾ ਨੂੰ ਜਾਰੀ ਕੀਤੇ ਗਏ ਤਿੰਨੇ ਬਿੱਲ ਰੱਦ ਕੀਤੇ ਜਾਣ ਅਤੇ ਸ਼ਿਕਾਇਤਕਰਤਾ ਕੋਲੋਂ ਅਗਲੇ 6 ਮਹੀਨਿਆਂ ਦੇ ਔਸਤ ਦੇ ਆਧਾਰ ’ਤੇ ਬਿੱਲਾਂ ਦੀ ਵਸੂਲੀ ਕੀਤੀ ਜਾਵੇ। ਫੋਰਮ ਨੇ ਔਰਤ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਲਈ 6500 ਰੁਪਏ ਦੀ ਹਰਜਾਨਾ ਰਾਸ਼ੀ ਅਤੇ 5000 ਰੁਪਏ ਦੀ ਕੇਸ ਖਰਚ ਦੀ ਰਾਸ਼ੀ ਖਰਚੇ ਦੇ ਤੌਰ ’ਤੇ ਦੇਣ ਦੇ ਆਦੇਸ਼ ਵੀ ਦਿੱਤੇ।


Related News