ਕਿਸਾਨ ਨੂੰ ਫਸਲ ਨੁਕਸਾਨ ਦੀ ਪੇਮੈਂਟ 'ਚ ਦੇਰੀ 'ਤੇ ਬੀਮਾ ਕੰਪਨੀ ਨੂੰ ਲੱਗਾ ਜੁਰਮਾਨਾ

01/05/2020 10:30:11 AM

ਸਤਨਾ— ਕਿਸਾਨ ਨੂੰ ਫਸਲ ਨੁਕਸਾਨ ਤੋਂ ਬਾਅਦ ਵੀ ਭੁਗਤਾਨ ’ਚ ਦੇਰੀ ਨੂੰ ਲੈ ਕੇ ਬੀਮਾ ਕੰਪਨੀ ਐਗਰੀਕਲਚਰ ਇੰਸ਼ੋਰੈਂਸ ਕੰਪਨੀ ਆਫ ਇੰਡੀਆ ਦੇ ਖਿਲਾਫ ਸਖ਼ਤ ਰੁਖ਼ ਅਪਣਾਉਂਦਿਆਂ ਖਪਤਕਾਰ ਫੋਰਮ ਨੇ ਜੁਰਮਾਨਾ ਲਾ ਦਿੱਤਾ। ਫੋਰਮ ਨੇ ਬੀਮਾ ਕੰਪਨੀ ਨੂੰ ਅਦਾਲਤੀ ਖਰਚੇ ਦੇ ਨਾਲ ਮਾਨਸਿਕ ਅਤੇ ਆਰਥਿਕ ਨੁਕਸਾਨਪੂਰਤੀ ਰਾਸ਼ੀ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ।

ਕੀ ਹੈ ਮਾਮਲਾ
ਮੈਹਰ ਦੇ ਪਿੰਡ ਘੋਰਬਾਈ ਦੀ ਰਹਿਣ ਵਾਲੀ ਲਲਤੀ ਬਾਈ ਪਤਨੀ ਪੁਰਸ਼ੋਤਮ ਪਟੇਲ ਨੇ ਖਪਤਕਾਰ ਫੋਰਮ ’ਚ ਸਟੇਟ ਬੈਂਕ ਆਫ ਇੰਡੀਆ ਸਟੇਸ਼ਨ ਰੋਡ ਮੈਹਰ ਅਤੇ ਪ੍ਰਬੰਧਕ ਐਗਰੀਕਲਚਰ ਇੰਸ਼ੋਰੈਂਸ ਕੰਪਨੀ ਆਫ ਇੰਡੀਆ ਲਿਮਟਿਡ ਖਿਲਾਫ ਸ਼ਿਕਾਇਤ ਦਰਜ ਕੀਤੀ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਖੇਤ ’ਚ ਫਸਲ ਬੀਜਣ ਤੋਂ ਬਾਅਦ 15 ਤੋਂ 19 ਅਗਸਤ 2016 ਤੱਕ ਗੜੇਮਾਰੀ ਅਤੇ ਪਾਣੀ ਭਰਣ ਕਾਰਣ ਉਸ ਦੀ 2.462 ਹੈਕਟੇਅਰ ’ਚ ਬੀਜੀ ਝੋਨਾ, ਮਾਂਹ ਅਤੇ ਮੂੰਗੀ ਦੀ ਫਸਲ ਡੁੱਬ ਕੇ ਖਰਾਬ ਹੋ ਗਈ। ਇਸ ਨਾਲ ਸ਼ਿਕਾਇਕਰਤਾ ਨੂੰ 2 ਲੱਖ ਰੁਪਏ ਦਾ ਨੁਕਸਾਨ ਹੋਇਆ। ਇਸ ਦੀ ਸੂਚਨਾ ਉਸ ਨੇ ਐੱਸ. ਡੀ. ਐੱਮ. ਨੂੰ ਦਿੱਤੀ। ਪਟਵਾਰੀ ਨੇ ਜਾਂਚ ਰਿਪੋਰਟ ’ਚ ਗੜੇਮਾਰੀ ਨਾਲ 75 ਫ਼ੀਸਦੀ ਝੋਨੇ ਦੀ ਫਸਲ ਖਰਾਬ ਹੋਣ ਦੀ ਗੱਲ ਕਹੀ, ਜਦਕਿ ਉਸ ਵੱਲੋਂ ਬੀਜਿਆ ਗਿਆ ਝੋਨਾ ਸੌ-ਫ਼ੀਸਦੀ ਖਰਾਬ ਹੋ ਗਿਆ ਸੀ। ਸ਼ਿਕਾਇਤਕਰਤਾ ਨੇ 26 ਸਤੰਬਰ 2016 ਨੂੰ ਫਸਲ ਬੀਮਾ ਦਾਅਵਾ ਕੰਪਨੀ ਦੇ ਸਾਹਮਣੇ ਝੋਨੇ ਦੀ ਫਸਲ ਖਰਾਬ ਹੋਣ ਦੀ ਨੁਕਸਾਨਪੂਰਤੀ ਲਈ ਪੇਸ਼ ਕੀਤਾ ਸੀ ਪਰ ਇੰਸ਼ੋਰੈਂਸ ਕੰਪਨੀ ਵੱਲੋਂ ਨਾ ਤਾਂ ਨੁਕਸਾਨਪੂਰਤੀ ਦੀ ਰਾਸ਼ੀ ਦਿੱਤੀ ਗਈ ਅਤੇ ਨਾ ਹੀ ਮਾਮਲੇ ਦਾ ਨਿਪਟਾਰਾ ਕੀਤਾ ਗਿਆ।

ਇਹ ਕਿਹਾ ਫੋਰਮ ਨੇ
ਫੋਰਮ ਪ੍ਰਧਾਨ ਬੀ. ਐੱਲ. ਵਰਮਾ, ਮੈਂਬਰ ਡਾ. ਰਾਕੇਸ਼ ਮਿਸ਼ਰਾ ਅਤੇ ਮੈਂਬਰ ਸਾਵਿਤਰੀ ਸਿੰਘ ਨੇ ਸ਼ਿਕਾਇਤ ’ਤੇ ਸੁਣਵਾਈ ਕਰਦਿਆਂ ਐਗਰੀਕਲਚਰ ਇੰਸ਼ੋਰੈਂਸ ਕੰਪਨੀ ਆਫ ਇੰਡੀਆ ਲਿਮਟਿਡ ਦੇ ਪ੍ਰਬੰਧਕ ਨੂੰ ਇਕ ਮਹੀਨੇ ਦੇ ਅੰਦਰ ਸ਼ਿਕਾਇਤਕਰਤਾ ਨੂੰ ਫਸਲ ਬੀਮੇ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ। ਫੋਰਮ ਨੇ ਮਾਨਸਿਕ ਅਤੇ ਆਰਥਿਕ ਨੁਕਸਾਨਪੂਰਤੀ ਲਈ ਬਤੌਰ 5000 ਰੁਪਏ ਅਤੇ ਅਦਾਲਤੀ ਖਰਚੇ ਦੀ ਇਵਜ ’ਚ 2000 ਰੁਪਏ ਦੇਣ ਦਾ ਵੀ ਹੁਕਮ ਦਿੱਤਾ। ਭੁਗਤਾਨ ’ਚ ਦੇਰੀ ਹੋਣ ’ਤੇ 10 ਫ਼ੀਸਦੀ ਸਾਲਾਨਾ ਦੀ ਦਰ ਨਾਲ ਵਿਆਜ ਵੀ ਦੇਣਾ ਪਵੇਗਾ।


Related News