ਉਡਾਣ ਦੌਰਾਨ ਵਾਈ-ਫਾਈ ਸਹੂਲਤ ਦੇ ਚਾਰਜ ਦਾ ਕੰਪਨੀ ਲਵੇਗੀ ਫ਼ੈਸਲਾ : ਪੁਰੀ
Tuesday, Mar 03, 2020 - 09:43 PM (IST)
ਨਵੀਂ ਦਿੱਲੀ (ਇੰਟ.)-ਸੋਮਵਾਰ ਨੂੰ ਕੇਂਦਰ ਸਰਕਾਰ ਨੇ ਭਾਰਤ ’ਚ ਉਡਾਣਾਂ ਦੌਰਾਨ ਯਾਤਰੀਆਂ ਨੂੰ ਵਾਈ-ਫਾਈ ਸਹੂਲਤ ਉਪਲੱਬਧ ਕਰਵਾਉਣ ਲਈ ਮਨਜ਼ੂਰੀ ਦੇ ਦਿੱਤੀ। ਇਸ ਸੰਦਰਭ ’ਚ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, ‘‘ਕੁਝ ਏਅਰਲਾਈਨਜ਼ ਨੇ ਇਸ ’ਤੇ ਕੰਮ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ ਅਤੇ ਇਸ ਤੋਂ ਮੈਂ ਖੁਸ਼ ਹਾਂ। ਉਡਾਣ ਦੌਰਾਨ ਵਾਈ-ਫਾਈ ਦੀ ਸੇਵਾ ਮੁਫਤ ਰੱਖਣੀ ਹੈ ਜਾਂ ਇਸ ਦੇ ਲਈ ਯਾਤਰੀਆਂ ਤੋਂ ਪੈਸੇ ਵਸੂਲਣੇ ਹਨ, ਇਹ ਪੂਰੀ ਤਰ੍ਹਾਂ ਕੰਪਨੀ ਦਾ ਫ਼ੈਸਲਾ ਹੋਵੇਗਾ।’’
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਏਅਰਲਾਈਨਜ਼ ਕੰਪਨੀਆਂ ਨੂੰ ਭਾਰਤ ’ਚ ਉਡਾਣਾਂ ਦੌਰਾਨ ਯਾਤਰੀਆਂ ਨੂੰ ਵਾਈ-ਫਾਈ ਸਹੂਲਤ ਮੁਹੱਈਆ ਕਰਵਾਉਣ ਲਈ ਮਨਜ਼ੂਰੀ ਦੇ ਦਿੱਤੀ ਸੀ। ਭਾਰਤ ’ਚ ਸੰਚਾਲਿਤ ਉਡਾਣਾਂ ’ਚ ਯਾਤਰੀਆਂ ਨੂੰ ਇਹ ਸਹੂਲਤ ਮਿਲੇਗੀ। ਵਿਸਤਾਰਾ ਦੇ ਸੀ. ਈ. ਓ. ਲੇਸਲੀ ਥੰਗ ਨੇ ਐਵਰੇਟ ’ਚ ਪਹਿਲੇ ਬੋਇੰਗ 787-9 ਜਹਾਜ਼ ਦੀ ਡਲਿਵਰੀ ਮੌਕੇ ਕਿਹਾ ਸੀ ਕਿ ਇਹ ਭਾਰਤ ’ਚ ਉਡਾਣ ਦੌਰਾਨ ਵਾਈ-ਫਾਈ ਉਪਲੱਬਧ ਕਰਵਾਉਣ ਵਾਲਾ ਪਹਿਲਾ ਜਹਾਜ਼ ਹੋਵੇਗਾ।