ਭਾਰਤ ’ਚ ਸਥਾਨਕ ਬ੍ਰਾਂਡਜ਼ ਦੀ ਐਕਵਾਇਰਮੈਂਟ ਦੇ ਮੌਕੇ ਤਲਾਸ਼ ਰਹੀ ਹੈ ਕੋਕਾ-ਕੋਲਾ
Sunday, Jan 18, 2026 - 04:10 AM (IST)
ਨਵੀਂ ਦਿੱਲੀ - ਕੋਕਾ-ਕੋਲਾ ਕੰਪਨੀ ਹੁਣ ਭਾਰਤ ਵਿਚ ਆਪਣੇ ਕਾਰੋਬਾਰ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਐਕਵਾਇਰਮੈਂਟ ਦੇ ਮੌਕਿਆਂ ’ਤੇ ਗੌਰ ਕਰ ਰਹੀ ਹੈ। ਕੰਪਨੀ ਦੇ ਮੁੱਖ ਵਿੱਤੀ ਅਧਿਕਾਰੀ (ਸੀ.ਐੱਫ.ਓ.) ਐਰਿਕ ਮਰਫੀ ਨੇ ਦੱਸਿਆ ਕਿ ਭਾਰਤੀ ਬਾਜ਼ਾਰ ’ਚ ਬਹੁਤ ਸੰਭਾਵਨਾਵਾਂ ਹਨ ਅਤੇ ਕੰਪਨੀ ਸਥਾਨਕ ਬ੍ਰਾਂਡਜ਼ ਨੂੰ ਜੋੜਨ ’ਤੇ ਵੀ ਵਿਚਾਰ ਕਰ ਰਹੀ ਹੈ। ਮਰਫੀ ਨੇ ਕਿਹਾ ਕਿ ਭਾਰਤ ਵਿਚ ਖਪਤਕਾਰਾਂ ਦੀ ਗਿਣਤੀ ਅਤੇ ਬਾਜ਼ਾਰ ਦਾ ਆਕਾਰ ਬਹੁਤ ਵੱਡਾ ਹੈ। ਕੰਪਨੀ ਦਾ ਮੰਨਣਾ ਹੈ ਕਿ ਭਾਰਤੀ ਬਾਜ਼ਾਰ ਵਿਚ ਨਵੇਂ ਅਤੇ ਪ੍ਰਸਿੱਧ ਬ੍ਰਾਂਡਾਂ ਦੀ ਐਕਵਾਇਰਮੈਂਟ ਨਾਲ ਉਨ੍ਹਾਂ ਦੀ ਪੋਰਟਫੋਲੀਓ ਮਜ਼ਬੂਤ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕੰਪਨੀ ਭਾਰਤੀ ਬਾਜ਼ਾਰ ਵਿਚ ਨਿਵੇਸ਼ ਨੂੰ ਲੈ ਕੇ ਪੂਰੀ ਤਰ੍ਹਾਂ ਹਾਂਪੱਖੀ ਹੈ।
ਕੰਪਨੀ ਨੇ ਦੱਸਿਆ ਕਿ ਉਹ ਥਮਸ ਅੱਪ, ਸਪ੍ਰਾਈਟ ਅਤੇ ਮਾਜ਼ਾ ਵਰਗੇ ਬ੍ਰਾਂਡਾਂ ਦੇ ਨਾਲ ਨਵੇਂ ਪੀਣ ਵਾਲੇ ਪਦਾਰਥ ਅਤੇ ਸਿਹਤ-ਕੇਂਦ੍ਰਿਤ ਉਤਪਾਦ ਵੀ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਸੀ.ਐੱਫ.ਓ. ਮਰਫੀ ਨੇ ਕਿਹਾ ਕਿ ਕੰਪਨੀ ਈ-ਕਾਮਰਸ ਅਤੇ ਡਿਜੀਟਲ ਵਿਕਰੀ ਚੈਨਲਾਂ ਨੂੰ ਉਤਸ਼ਾਹਿਤ ਕਰਨ ਲਈ ਨਵੀਆਂ ਰਣਨੀਤੀਆਂ ’ਤੇ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ, ਕੰਪਨੀ ਸਿਹਤ ਅਤੇ ਲੋ-ਸ਼ੂਗਰ ਬਦਲਾਂ ਵਾਲੇ ਉਤਪਾਦ ਭਾਰਤੀ ਬਾਜ਼ਾਰ ਵਿਚ ਪੇਸ਼ ਕਰੇਗੀ।
ਕੋਕਾ-ਕੋਲਾ ਭਾਰਤ ਵਿਚ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਅਤੇ ਰੀਸਾਈਕਲਿੰਗ ਵਧਾਉਣ ਦੀ ਪਹਿਲ ਵੀ ਕਰ ਰਹੀ ਹੈ। ਕੰਪਨੀ ਦਾ ਟੀਚਾ 2030 ਤੱਕ ਆਪਣੇ ਸਾਰੇ ਪੈਕੇਜਿੰਗ ਉਤਪਾਦਾਂ ਨੂੰ 100 ਫੀਸਦੀ ਰੀਸਾਈਕਲ ਕਰਨ ਯੋਗ ਜਾਂ ਮੁੜ ਵਰਤੋਂ ਯੋਗ ਬਣਾਉਣਾ ਹੈ। ਭਾਰਤੀ ਬਾਜ਼ਾਰ ਵਿਚ ਪੈਪਸੀ, ਰਿਲਾਇੰਸ ਅਤੇ ਅਮੂਲ ਵਰਗੀਆਂ ਕੰਪਨੀਆਂ ਨਾਲ ਸਖ਼ਤ ਮੁਕਾਬਲਾ ਹੈ। ਇਸ ਦੇ ਬਾਵਜੂਦ, ਕੋਕਾ-ਕੋਲਾ ਸਥਾਨਕ ਫਲੇਵਰਸ ਅਤੇ ਸਿਹਤ-ਕੇਂਦ੍ਰਿਤ ਪੀਣ ਵਾਲੇ ਪਦਾਰਥ ਪੇਸ਼ ਕਰ ਕੇ ਆਪਣੇ ਬਾਜ਼ਾਰ ਹਿੱਸੇ ਨੂੰ ਵਧਾਉਣ ਦੀ ਯੋਜਨਾ ਬਣਾ ਰਹੀ ਹੈ।
