ਕੋਕ ਦੀ ਬੋਤਲ 'ਚ ਹੋ ਸਕਦੈ 'ਕੌਂਪਲੇਨ', ਬੋਲੀ 'ਚ ਨਿਕਲੇਗਾ ਮੋਹਰੀ!
Monday, Sep 10, 2018 - 04:00 PM (IST)

ਮੁੰਬਈ— ਵਿਸ਼ਵ ਦੀ ਸਭ ਤੋਂ ਵੱਡੀ ਬੀਵਰੇਜ਼ ਕੰਪਨੀ ਕੋਕਾ ਕੋਲਾ, ਕ੍ਰਾਫਟ ਹੇਨਜ਼ ਦਾ ਕੰਜ਼ਿਊਮਰ ਕਾਰੋਬਾਰ ਖਰੀਦਣ ਦੀ ਦੌੜ 'ਚ ਸਭ ਤੋਂ ਅੱਗੇ ਨਿਕਲ ਗਈ ਹੈ, ਜਿਸ 'ਚ ਕੌਂਪਲੇਨ, ਨਾਈਸਲ ਟੈਲਕਮ ਪਾਊਡਰ, ਸੰਪਰੀਤੀ ਘਿਓ ਅਤੇ ਐਨਰਜ਼ੀ ਡ੍ਰਿੰਕ ਪਾਊਡਰ ਗੁਲੂਕੋਨ ਡੀ ਸ਼ਾਮਲ ਹਨ। ਰਿਪੋਰਟਾਂ ਮੁਤਾਬਕ, ਕੋਕਾ ਕੋਲਾ ਕ੍ਰਾਫਟ ਹੇਨਜ਼ ਦਾ ਕੰਜ਼ਿਊਮਰ ਬ੍ਰਾਂਡ ਪੋਰਟਫੋਲੀਓ ਤਕਰੀਬਨ 4,000-5,000 ਕਰੋੜ ਰੁਪਏ 'ਚ ਖਰੀਦਣ 'ਚ ਸਫਲ ਹੋ ਸਕਦੀ ਹੈ।
ਖਬਰਾਂ ਮੁਤਾਬਕ, ਅਜਿਹਾ ਇਸ ਲਈ ਕਿਉਂਕਿ ਕ੍ਰਾਫਟ ਹੇਨਜ਼ ਨੇ ਅਚਾਨਕ ਯੂਰਪੀ ਹੋਲਡਿੰਗ ਕੰਪਨੀ ਵੇਚਣ ਦਾ ਫੈਸਲਾ ਕੀਤਾ ਹੈ ਅਤੇ ਉਸ ਨੇ ਇਹ ਸ਼ਰਤ ਰੱਖੀ ਹੈ ਕਿ ਖਰੀਦਦਾਰ ਉਸ ਦੀ ਇਟਲੀ 'ਚ ਰਜਿਸਟਰਡ ਇਸ ਇਕਾਈ ਦਾ ਟੈਕਸ ਘਾਟਾ ਵੀ ਸਹਿਣ ਕਰੇ। ਕੋਕਾ ਕੋਲਾ ਦੇ ਬਿਜ਼ਨੈੱਸ ਸਾਈਜ਼ ਅਤੇ ਵਿੱਤੀ ਮਜਬੂਤੀ ਨੂੰ ਦੇਖਦੇ ਹੋਏ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਇਸ ਇਕਾਈ ਨੂੰ ਖਰੀਦਣ ਦੀ ਬੋਲੀ ਜਿੱਤ ਸਕਦੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਈ. ਟੀ. ਸੀ. ਲਿਮਟਿਡ, ਵਿਪਰੋ ਕੰਜ਼ਿਊਮਰ ਕੇਅਰ ਐਂਡ ਲਾਈਟਿੰਗ ਲਿਮਟਿਡ ਅਤੇ ਕੈਡੀਲਾ ਹੈਲਥ ਕੇਅਰ ਲਿਮਟਿਡ ਭਾਰਤ ਦੇ ਪਾਪੁਲਰ ਨਿਊਟ੍ਰੀਸ਼ਨ ਡ੍ਰਿੰਕ ਬ੍ਰਾਂਡ ਕੌਂਪਲੈਨ ਨੂੰ ਖਰੀਦਣ ਦੀ ਦੌੜ 'ਚ ਹਨ। ਭਾਰਤ ਦੇ 5,500 ਕਰੋੜ ਰੁਪਏ ਦੇ ਨਿਊਟ੍ਰੀਸ਼ਨ ਡ੍ਰਿੰਕ ਬਾਜ਼ਾਰ 'ਚ ਕੌਂਪਲੈਨ ਦੀ ਹਿੱਸੇਦਾਰੀ ਤਕਰੀਬਨ 8 ਫੀਸਦੀ ਹੈ। ਬਾਜ਼ਾਰ 'ਚ ਕੌਂਪਲੈਨ ਅਤੇ ਹੌਰਲਿਕਸ ਦੇ ਇਲਾਵਾ ਕੈਡਬਰੀ ਦੇ ਬੌਰਨਵੀਟਾ ਅਤੇ ਜੀ. ਐੱਸ. ਕੇ. ਦੇ ਬੂਸਟ ਦਾ ਦਬਦਬਾ ਹੈ। ਹਾਲਾਂਕਿ ਕ੍ਰਾਫਟ ਹੇਨਜ਼ ਅਤੇ ਕੋਕਾ ਕੋਲਾ ਵੱਲੋਂ ਇਸ 'ਤੇ ਕੋਈ ਗੱਲ ਸਾਹਮਣੇ ਨਹੀਂ ਆਈ ਹੈ।