ਬਾਈਕ, ਕਾਰਾਂ ''ਚ ਲੱਗੇਗਾ ਫਲੈਕਸ ਫਿਊਲ ਇੰਜਣ, ਪੈਟਰੋਲ ''ਤੇ ਘਟੇਗਾ ਖ਼ਰਚਾ
Monday, Jul 12, 2021 - 05:06 PM (IST)

ਨਵੀਂ ਦਿੱਲੀ- LNG, CNG ਅਤੇ ਈਥਾਨੋਲ ਵਰਗੇ ਈਂਧਣਾਂ ਦੇ ਇਸਤੇਮਾਲ ਨਾਲ ਹੀ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਤੋਂ ਰਾਹਤ ਮਿਲ ਸਕਦੀ ਹੈ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਨਾਗਪੁਰ ਵਿਚ ਦੇਸ਼ ਦਾ ਪਹਿਲਾ ਤਰਲ ਕੁਦਰਤੀ ਗੈਸ (ਐੱਲ. ਐੱਨ. ਜੀ.) ਫਿਲਿੰਗ ਸਟੇਸ਼ਨ ਦਾ ਉਦਘਾਟਨ ਕਰਨ ਦੌਰਾਨ ਇਹ ਗੱਲ ਕਹੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਚਾਰ-ਪਹੀਆ ਤੇ ਦੋ-ਪਹੀਆ ਵਾਹਨਾਂ ਲਈ ਫਲੈਕਸ ਫਿਊਲ ਇੰਜਣ ਬਣਾਉਣਾ ਲਾਜ਼ਮੀ ਕਰਨ ਦੇ ਸਬੰਧ ਵਿਚ 3 ਮਹੀਨਿਆਂ ਵਿਚ ਫ਼ੈਸਲਾ ਲਿਆ ਜਾਵੇਗਾ। ਇਸ ਇੰਜਣ ਦੀ ਖ਼ਾਸ ਗੱਲ ਇਹ ਹੁੰਦੀ ਹੈ ਕਿ ਇਹ ਦੋ ਤਰ੍ਹਾਂ ਦੇ ਤੇਲ 'ਤੇ ਚੱਲ ਸਕਦੇ ਹਨ।
ਗਡਕਰੀ ਨੇ ਕਿਹਾ ਕਿ ਵਾਹਨ ਈਂਧਣ ਦੇ ਰੂਪ ਵਿਚ ਈਥਾਨੋਲ ਦਾ ਇਸਤੇਮਾਲ ਪੈਟਰੋਲ ਦੀ ਤੁਲਨਾ ਵਿਚ 20 ਰੁਪਏ ਪ੍ਰਤੀ ਲਿਟਰ ਬਚਾਉਣ ਵਿਚ ਮਦਦ ਕਰੇਗਾ।
ਐੱਲ. ਐੱਨ. ਜੀ. ਨੂੰ ਲੈ ਕੇ ਮੰਤਰੀ ਨੇ ਕਿਹਾ ਕਿ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਟਰੱਕ ਦੇ ਇੰਜਣ ਨੂੰ ਐੱਲ. ਐੱਨ. ਜੀ. ਇੰਜਣ ਵਿਚ ਬਦਲਣ ਦੀ ਔਸਤ ਲਾਗਤ 10 ਲੱਖ ਰੁਪਏ ਹੈ। ਉਨਾਂ ਕਿਹਾ ਕਿ ਟਰੱਕ ਸਾਲ ਵਿਚ ਲਗਭਗ 98,000 ਕਿਲੋਮੀਟਰ ਚੱਲਦੇ ਹਨ, ਇਸ ਲਈ ਐੱਲ. ਐੱਨ. ਜੀ. ਵਿਚ ਬਦਲਣ ਪਿੱਛੋਂ 9-10 ਮਹੀਨਿਆਂ ਪ੍ਰਤੀ ਵਾਹਨ 11 ਲੱਖ ਰੁਪਏ ਦੀ ਬਚਤ ਹੋਵੇਗੀ। ਗਡਕਰੀ ਨੇ ਕਿਹਾ, ''ਅਸੀਂ ਆਪਣੀ ਆਰਥਿਕਤਾ ਵਿਚ ਪੈਟਰੋਲ-ਡੀਜ਼ਲ ਅਤੇ ਪੈਟਰੋਲੀਅਮ ਪਦਾਰਥਾਂ ਦੇ ਆਯਾਤ 'ਤੇ 8 ਲੱਖ ਕਰੋੜ ਰੁਪਏ ਖਰਚ ਕਰ ਰਹੇ ਹਾਂ, ਜੋ ਕਿ ਇਕ ਵੱਡੀ ਚੁਣੌਤੀ ਹੈ। ਅਸੀਂ ਇਕ ਨੀਤੀ ਬਣਾਈ ਹੈ ਜੋ ਦਰਾਮਦਾਂ ਦੇ ਵਿਕਲਪ ਵਜੋਂ ਲਾਗਤ-ਪ੍ਰਭਾਵਸ਼ਾਲੀ, ਪ੍ਰਦੂਸ਼ਣ ਮੁਕਤ ਤੇ ਸਵਦੇਸ਼ੀ ਈਥਨੋਲ, ਬਾਇਓ-ਸੀ. ਐੱਨ. ਜੀ., ਐੱਲ. ਐੱਨ. ਜੀ. ਤੇ ਹਾਈਡਰੋਜਨ ਬਾਲਣਾਂ ਦੇ ਵਿਕਾਸ ਨੂੰ ਉਤਸ਼ਾਹਤ ਕਰਦੀ ਹੈ।" ਮੰਤਰੀ ਨੇ ਕਿਹਾ ਕਿ ਮੰਤਰਾਲਾ ਨਿਰੰਤਰ ਵੱਖ-ਵੱਖ ਬਦਲਵੇਂ ਈਂਧਣਾਂ 'ਤੇ ਕੰਮ ਕਰ ਰਿਹਾ ਹੈ।