ਖਰਾਬ ਪ੍ਰੈਸ਼ਰ ਕੁੱਕਰ ਵੇਚਣ ’ਤੇ ਕਲਾਊਡਟੇਲ ’ਤੇ ਲੱਗਾ ਇਕ ਲੱਖ ਦਾ ਜ਼ੁਰਮਾਨਾ
Sunday, Nov 06, 2022 - 10:41 AM (IST)
ਨਵੀਂ ਦਿੱਲੀ–ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ (ਸੀ. ਸੀ. ਪੀ. ਏ.) ਨੇ ਆਨਲਾਈਨ ਵਿਕ੍ਰੇਤਾ ਫਰਮ ਕਲਾਊਡਟੇਲ ਇੰਡੀਆ ’ਤੇ ਲਾਜ਼ਮੀ ਬੀ. ਆਈ. ਐੱਸ. ਮਾਪਦੰਡਾਂ ਦੀ ਉਲੰਘਣਾ ਕਰਦੇ ਹੋਏ ਪ੍ਰੈਸ਼ਰ ਕੁੱਕਰ ਵੇਚਣ ਕਾਰਨ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸੀ. ਸੀ. ਪੀ. ਏ. ਨੇ ਕਲਾਊਡਟੇਲ ਨੂੰ ਕਿਹਾ ਹੈ ਕਿ ਉਹ ਐਮਾਜ਼ੋਨ ਦੇ ਮੰਚ ’ਤੇ ਵੇਚੇ ਗਏ ਅਤੇ ਮਾਪਦੰਡਾਂ ’ਤੇ ਖਰੇ ਨਾ ਉਤਰਨ ਵਾਲੇ 1,033 ਪ੍ਰੈਸ਼ਰ ਕੁੱਕਰ ਵਾਪਸ ਮੰਗਾ ਲਏ ਅਤੇ ਗਾਹਕਾਂ ਨੂੰ ਉਨ੍ਹਾਂ ਦਾ ਪੈਸਾ ਵਾਪਸ ਕਰ ਦੇਵੇ।
ਇਕ ਅਧਿਕਾਰਕ ਬਿਆਨ ’ਚ ਦੱਸਿਆ ਗਿਆ ਕਿ ਲਾਜ਼ਮੀ ਮਾਪਦੰਡਾਂ ਦੀ ਉਲੰਘਣਾ ਕਰਦੇ ਹੋਏ ਘਰੇਲੂ ਪ੍ਰੈਸ਼ਰ ਕੁੱਕਰ ਵੇਚਣ ਅਤੇ ਖਪਤਕਾਰ ਅਧਿਕਾਰਾਂ ਦੀ ਉਲੰਘਣਾ ਕਰਨ ਅਤੇ ਵਪਾਰ ਦੇ ਅਣਉਚਿੱਤ ਤੌਰ-ਤਰੀਕੇ ਅਪਣਾਉਣ ਲਈ ਅਥਾਰਿਟੀ ਨੇ ਕਲਾਊਡਟੇਲ ਇੰਡੀਆ ਪ੍ਰਾਈਵੇਟ ਲਿਮਟਿਡ ਖਿਲਾਫ ਆਦੇਸ਼ ਪਾਸ ਕੀਤਾ ਹੈ। ਇਹ ਮਾਪਦੰਡ ਘਰੇਲੂ ਪ੍ਰੈਸ਼ਰ ਕੁੱਕਰ (ਗੁਣਵੱਤਾ ਕੰਟਰੋਲ) ਹੁਕਮ 2020 ਦੇ ਤਹਿਤ ਤੈਅ ਕੀਤੇ ਗਏ ਹਨ।
ਬਿਆਨ ਮੁਤਾਬਕ ਕੰਪਨੀ ’ਤੇ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।ਸੀ. ਸੀ. ਪੀ. ਏ ਨੇ ਈ-ਕਾਮਰਸ ਮੰਚਾਂ ਖਿਲਾਫ ਕਾਰਵਾਈ ਖੁਦ ਨੋਟਿਸ ਲੈਂਦੇ ਹੋਏ ਸ਼ੁਰੂ ਕੀਤੀ ਸੀ। ਇਸ ਬਿਆਨ ’ਚ ਕਿਹਾ ਗਿਆ ਹੈ ਕਿ ਕਲਾਊਡਟੇਲ ਇੰਡੀਆ ਪ੍ਰਾਈਵੇਟ ਲਿਮਟਿਡ ਐਮਾਜ਼ੋਨ ਬੇਸਿਕਸ ਸਟੇਨਲੈੱਸ ਸਟੀਲ ਆਊਟਰ ਲਿਡ ਪ੍ਰੈਸ਼ਰ ਕੁੱਕਰ, 4 ਲਿਟਰ ਦੀ ਵਿਕ੍ਰੇਤਾ ਹੈ। ਪ੍ਰੈਸ਼ਰ ਕੁੱਕਰ ਦੀ ਵਿਕਰੀ ਆਨਲਾਈਨ ਸੇਲ ’ਚ ਕੀਤੀ ਗਈ ਸੀ। ਕਲਾਊਡਟੇਲ ਨੇ ਸੀ. ਸੀ. ਪੀ. ਏ. ਨੂੰ ਦਿੱਤੇ ਜਵਾਬ ’ਚ ਕਿਹਾ ਕਿ ਗੁਣਵੱਤਾ ਕੰਟਰੋਲ ਹੁਕਮ ਦੇ ਪ੍ਰਭਾਵ ’ਚ ਆਉਣ ਤੋਂ ਬਾਅਦ ਉਸ ਨੇ ਇਸ ਪ੍ਰੈਸ਼ਰ ਕੁੱਕਰ ਦੀ ਵਿਕਰੀ ਰੋਕ ਦਿੱਤੀ ਸੀ। ਹਾਲਾਂਕਿ ਸੀ. ਸੀ. ਪੀ. ਏ. ਨੇ ਕਿਹਾ ਕਿ ਇਨ੍ਹਾਂ ਪ੍ਰੈੱਸ਼ਰ ਕੁੱਕਰ ਦੀ ਖਪਤਕਾਰਾਂ ਨੂੰ ਵਿਕਰੀ ਹੁਣ ਵੀ ਹੋ ਰਹੀ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।