ASIA ਬਾਜ਼ਾਰਾਂ ਵਿਚ ਰੌਣਕ, ਸ਼ੰਘਾਈ ਤੇ SGX ਨਿਫਟੀ 'ਚ ਬੜ੍ਹਤ
Thursday, Sep 05, 2019 - 08:22 AM (IST)

ਨਵੀਂ ਦਿੱਲੀ— ਹਾਂਗਕਾਂਗ 'ਚ ਵਿਵਾਦਪੂਰਨ ਹਵਾਲਗੀ ਬਿੱਲ ਵਾਪਸ ਹੋਣ ਮਗਰੋਂ ਨਿਵੇਸ਼ਕ ਨਜ਼ਦੀਕੀ ਨਾਲ ਹਾਂਗਕਾਂਗ ਬਾਜ਼ਾਰ 'ਤੇ ਨਜ਼ਰ ਰੱਖ ਰਹੇ ਹਨ। ਬੀਤੇ ਦਿਨ ਹੈਂਗ ਸੇਂਗ 4 ਫੀਸਦੀ ਤੋਂ ਵੱਧ ਮਜਬੂਤੀ 'ਚ ਬੰਦ ਹੋਣ 'ਚ ਸਫਲ ਰਿਹਾ ਸੀ। ਉੱਥੇ ਹੀ, ਵੀਰਵਾਰ ਨੂੰ ਕਾਰੋਬਾਰ 'ਚ ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 0.45 ਫੀਸਦੀ ਦੀ ਤੇਜ਼ੀ 'ਚ ਹੈ।
ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 1.5 ਫੀਸਦੀ ਦੀ ਤੇਜ਼ੀ ਨਾਲ 3,003.07 'ਤੇ ਕਾਰੋਬਾਰ ਕਰ ਰਿਹਾ ਹੈ। ਐੱਸ. ਜੀ. ਐਕਸ. ਨਿਫਟੀ 30 ਅੰਕ ਯਾਨੀ 0.3 ਫੀਸਦੀ ਵਧ ਕੇ 10,888 'ਤੇ ਕਾਰੋਬਾਰ ਕਰ ਰਿਹਾ ਹੈ। ਜਪਾਨ ਦਾ ਨਿੱਕੇਈ 493 ਅੰਕ ਯਾਨੀ 2.4 ਫੀਸਦੀ ਦੀ ਮਜਬੂਤੀ ਨਾਲ 21,142 ਦੇ ਪੱਧਰ 'ਤੇ ਹੈ।
ਦੱਖਣੀ ਕੋਰੀਆ ਦੇ ਇੰਡੈਕਸ ਕੋਸਪੀ 'ਚ 1.2 ਫੀਸਦੀ ਦੀ ਤੇਜ਼ੀ ਹੈ, ਇਹ 2,012.72 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 39.94 ਅੰਕ ਯਾਨੀ 1.3 ਦੀ ਮਜਬੂਤੀ ਨਾਲ 3,130.57 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਚੀਨ ਦੇ ਕਾਮਰਸ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਅਤੇ ਚੀਨੀ ਵਪਾਰਕ ਨੇਤਾ ਫੋਨ 'ਤੇ ਗੱਲਬਾਤ ਮਗਰੋਂ ਅਕਤੂਬਰ ਦੇ ਸ਼ੁਰੂ 'ਚ ਇਕ ਹੋਰ ਦੌਰ ਦੀ ਗੱਲਬਾਤ ਲਈ ਸਹਿਮਤ ਹੋਏ ਹਨ। ਇਹ ਗੱਲਬਾਤ ਵਾਸ਼ਿੰਗਟਨ 'ਚ ਹੋਵੇਗੀ। ਜ਼ਿਕਰਯੋਗ ਹਨ ਕਿ ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਡਾਓ ਨੇ 200 ਤੋਂ ਵੱਧ ਅੰਕ ਦੀ ਤੇਜ਼ੀ ਦਰਜ ਕੀਤੀ, ਜਦੋਂ ਕਿ ਐੱਸ. ਐਂਡ ਪੀ.-500 ਤੇ ਨੈਸਡੈਕ ਕੰਪੋਜ਼ਿਟ 1 ਫੀਸਦੀ ਤੋਂ ਵੱਧ ਮਜਬੂਤ ਹੋਏ ਹਨ।