ਬੰਦ ਹੋ ਸਕਦੀ ਹੈ ਟੈਸਲਾ ਕੰਪਨੀ! ਚੀਨ ਦੀ ਫੌਜ ਨੇ ਕਾਰਾਂ ਦੀ ਐਂਟਰੀ ’ਤੇ ਲਾਈ ਰੋਕ
Sunday, Mar 21, 2021 - 11:35 AM (IST)
ਨਵੀਂ ਦਿੱਲੀ– ਚੀਨ ਦੀ ਫੌਜ ਨੇ ਆਪਣੇ ਕੁਝ ਕੇਂਦਰਾਂ ’ਤੇ ਟੈਸਲਾ ਦੀਆਂ ਕਾਰਾਂ ਦੀ ਐਂਟਰੀ ’ਤੇ ਰੋਕ ਲਗਾ ਦਿੱਤੀ ਤਾਂ ਟੈਸਲਾ ਦੇ ਸੀ. ਈ. ਓ. ਐਲਨ ਮਸਕ ਨੇ ਕੰਪਨੀ ਦੇ ਬੰਦ ਹੋਣ ਦਾ ਖਦਸ਼ਾ ਪ੍ਰਗਟਾ ਦਿੱਤਾ। ਦੁਨੀਆ ਦੇ ਟੌਪ ਅਮੀਰਾਂ ’ਚ ਸ਼ਾਮਲ ਮਸਕ ਨੇ ਕਿਹਾ ਕਿ ਜੇ ਟੈਸਲਾ ਦੀਆਂ ਕਾਰਾਂ ਦਾ ਇਸਤੇਮਾਲ ਜਾਸੂਸੀ ਲਈ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਕੰਪਨੀ ਬੰਦ ਹੋ ਸਕਦੀ ਹੈ।
ਮਸਕ ਨੇ ਕਿਹਾ ਕਿ ਸਿਰਫ ਚੀਨ ਹੀ ਨਹੀਂ ਸਗੋਂ ਦੁਨੀਆ ਦੇ ਕਿਸੇ ਵੀ ਦੇਸ਼ ’ਚ ਜੇ ਅਜਿਹਾ ਹੁੰਦਾ ਹੈ ਤਾਂ ਟੈਸਲਾ ਕੰਪਨੀ ਬੰਦ ਹੋ ਸਕਦੀ ਹੈ। ਦੱਸ ਦਈਏ ਕਿ ਟੈਸਲਾ ਦੀ ਗਲੋਬਲ ਵਿਕਰੀ ਦਾ 30 ਫੀਸਦੀ ਹਿੱਸਾ ਸਿਰਫ ਚੀਨ ’ਚ ਹੀ ਹੁੰਦਾ ਹੈ। ਇਕ ਦਿਨ ਪਹਿਲਾਂ ਸ੍ਰੋਤ ਤੋਂ ਮਿਲੀ ਜਾਣਕਾਰੀ ਮੁਤਾਬਕ ਚੀਨੀ ਫੌਜ ਨੇ ਟੈਸਲਾ ਦੀਆਂ ਕਾਰਾਂ ਨੂੰ ਆਪਣੇ ਕੰਪਲੈਕਸਜ਼ ’ਚ ਦਾਖਲ ਹੋਣ ਤੋਂ ਨਾਂਹ ਕਰ ਦਿੱਤੀ। ਚੀਨੀ ਫੌਜ ਮੁਤਾਬਕ ਟੈਸਲਾ ਦੀਆਂ ਕਾਰਾਂ ’ਚ ਲੱਗੇ ਕੈਮਰਿਆਂ ਨਾਲ ਸੁਰੱਖਿਆ ਵਿਵਸਥਾ ਨੂੰ ਖਤਰਾ ਹੋ ਸਕਦਾ ਹੈ।
ਸਟੇਟ ਕਾਊਂਸਲ ਦੇ ਫਾਊਂਡੇਸ਼ਨ ਵਲੋਂ ਆਯੋਜਿਤ ਇਕ ਉੱਚ ਪੱਧਰੀ ਕਾਰੋਬਾਰੀ ਇਕੱਠ ’ਚ ਮਸਕ ਨੇ ਚਾਈਨਾ ਡਿਵੈੱਲਪਮੈਂਟ ਫਰਮ ਨੂੰ ਦੁਨੀਆ ਦੀਆਂ ਦੋ ਵੱਡੀਆਂ ਅਰਥਵਿਵਸਥਾਵਾਂ ਅਮਰੀਕਾ ਅਤੇ ਚੀਨ ਦਰਮਿਆਨ ਆਪਸੀ ਭਰੋਸੇ ਨੂੰ ਵਧਾਉਣ ਦਾ ਜ਼ੋਰ ਦਿੱਤਾ। ਇਸ ਮੌਕੇ ’ਤੇ ਮਸਕ ਸਾਊਦਰਨ ਯੂਨੀਵਰਸਿਟੀ ਆਫ ਸਾਇੰਸ ਐਂਡ ਤਕਨਾਲੋਜੀਦੇ ਮੁਖੀ ਯੂ ਕਿਊਕਨ (ਚਾਈਨੀਜ਼ ਕੁਆਂਟਮ ਫਿਜ਼ੀਸਿਸਟ) ਨਾਲ ਵਿਚਾਰ-ਵਟਾਂਦਰੇ ਦੌਰਾਨ ਇਹ ਗੱਲਾਂ ਕਹੀਆਂ ਕਿ ਕਿਨਾਂ ਹਾਲਾਤਾਂ ’ਚ ਟੈਸਲਾ ਦੇ ਬੰਦ ਹੋਣ ਦੀ ਨੌਬਤ ਆ ਸਕਦੀ ਹੈ।
ਟੈਸਲਾ ਲਈ ਚੀਨ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ
ਚੀਨ ਟੈਸਲਾ ਲਈ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ ਹੈ ਅਤੇ ਇਲੈਕਟ੍ਰਿਕ ਵ੍ਹੀਕਲਸ (ਈ. ਵੀ.) ਲਈ ਵੀ ਦੁਨੀਆ ਭਰ ਦੀਆਂ ਕਾਰ ਕੰਪਨੀਆਂ ਲਈ ਬਹੁਤ ਅਹਿਮ ਬਾਜ਼ਾਰ ਹੈ। ਟੈਸਲਾ ਨੇ ਪਿਛਲੇ ਸਾਲ 2020 ’ਚ ਚੀਨ ’ਚ 1,47,445 ਈ. ਵੀ. ਦੀ ਵਿਕਰੀ ਕੀਤੀ ਸੀ ਜੋ ਦੁਨੀਆ ਭਰ ’ਚ ਟੈਸਲਾ ਦੀਆਂ ਕੁਲ ਕਾਰਾਂ ਦੀ ਵਿਕਰੀ ਦਾ 30 ਫੀਸਦੀ ਸੀ। ਹਾਲਾਂਕਿ ਇਸ ਸਾਲ ਟੈਸਲਾ ਨੂੰ ਚੀਨ ਦੀ ਹੀ ਇਕ ਕੰਪਨੀ ਨਿਓ ਇੰਕ ਤੋਂ ਵੱਡੀ ਟੱਕਰ ਮਿਲ ਰਹੀ ਹੈ। ਟੈਸਲਾ ਚੀਨ ’ਚ ਨਾ ਸਿਰਫ ਈ. ਵੀ. ਦੀ ਵਿਕਰੀ ਕਰਦੀ ਹੈ ਸਗੋਂ ਉਥੇ ਨਿਰਮਾਣ ਵੀ ਕਰਦੀ ਹੈ। 2019 ’ਚ ਉਨ੍ਹਾਂ ਨੇ ਅਲੀਬਾਬਾ ਦੇ ਫਾਊਂਡਰ ਜੈੱਕ ਮਾ ਤੋਂ ਮੰਗਲ ਗ੍ਰਹਿ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਚਰਚਾ ਵੀ ਕੀਤੀ ਸੀ। ਪਿਛਲੇ ਸਾਲ ਚੀਨ ’ਚ ਬਣਾਈ ਗਈ ਟੈਸਲਾ ਦੀ ਮਾਡਲ-3 ਸੇਡਾਨਸ ਦੇ ਡਿਲਵਰੀ ਈਵੈਂਟ ’ਚ ਮਸਕ ਨੇ ਸਟੇਜ਼ ’ਤੇ ਉਤਸ਼ਾਹ ਨਾਲ ਡਾਂਸ ਕੀਤਾ ਸੀ ਅਤੇ ਆਪਣੀ ਜੈਕੇਟ ਵੀ ਉਤਾਰੀ ਸੀ, ਜਿਸ ਨੇ ਸੋਸ਼ਲ ਮੀਡੀਆ ’ਤੇ ਕਾਫੀ ਸਨਸਨੀ ਪੈਦਾ ਕਰ ਦਿੱਤੀ ਸੀ।