US-ਚੀਨ ਟਰੇਡ ਵਾਰ ਨਾਲ ਸ਼ੰਘਾਈ 4% ਤੋਂ ਵੱਧ ਡਿੱਗਾ, Asia ਸਟਾਕਸ ਟੁੱਟੇ
Monday, May 06, 2019 - 08:29 AM (IST)
ਨਵੀਂ ਦਿੱਲੀ— ਯੂ. ਐੱਸ. ਤੇ ਚੀਨ ਵਿਚਕਾਰ ਇਕ ਵਾਰ ਫਿਰ ਵਪਾਰ ਜੰਗ ਸ਼ੁਰੂ ਹੋਣ ਨਾਲ ਵਿਸ਼ਵ ਭਰ ਦੇ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 4 ਫੀਸਦੀ ਤੋਂ ਵੱਧ ਡਿੱਗਾ ਹੈ ਤੇ 132 ਅੰਕ ਦੀ ਵੱਡੀ ਗਿਰਾਵਟ ਨਾਲ 2,946.11 'ਤੇ ਕਾਰੋਬਾਰ ਕਰ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 200 ਅਰਬ ਡਾਲਰ ਦੇ ਚਾਈਨੀਜ਼ ਸਮਾਨਾਂ 'ਤੇ ਡਿਊਟੀ 10 ਫੀਸਦੀ ਤੋਂ ਵਧਾ ਕੇ 25 ਫੀਸਦੀ ਕਰਨ ਦੀ ਧਮਕੀ ਦਿੱਤੀ ਹੈ, ਜਿਸ ਕਾਰਨ ਗਲੋਬਲ ਬਾਜ਼ਾਰ 'ਚ ਇਕ ਵਾਰ ਫਿਰ ਮੰਦੀ ਦਾ ਖਦਸ਼ਾ ਵਧਣ ਦਾ ਡਰ ਹੈ। ਟਰੰਪ ਦੀ ਚਿਤਾਵਨੀ ਉਸ ਵਕਤ ਆਈ ਹੈ, ਜਦੋਂ ਹਾਲ ਹੀ 'ਚ ਯੂ. ਐੱਸ. ਦਾ ਪ੍ਰਸ਼ਾਸਨ ਇਹ ਦਾਅਵਾ ਕਰ ਰਿਹਾ ਸੀ ਕਿ ਬੀਜਿੰਗ ਨਾਲ ਵਪਾਰ ਵਾਰਤਾ ਸਹੀ ਦਿਸ਼ਾ 'ਚ ਚੱਲ ਰਹੀ ਹੈ।
ਸੋਮਵਾਰ ਨੂੰ ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 80 ਅੰਕ ਯਾਨੀ 0.7 ਫੀਸਦੀ ਦੀ ਗਿਰਾਵਟ ਨਾਲ 11,681.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਹਾਂਗਕਾਂਗ ਦਾ ਹੈਂਗ ਸੈਂਗ 991.56 ਅੰਕ ਯਾਨੀ 3.30 ਫੀਸਦੀ ਡਿੱਗ ਕੇ 29,089.99 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਜਪਾਨ ਦਾ ਬਾਜ਼ਾਰ ਨਿੱਕੇਈ ਤੇ ਦੱਖਣੀ ਕੋਰੀਆ ਦਾ ਕੋਸਪੀ ਬੰਦ ਹਨ। ਇਸ ਦੇ ਇਲਾਵਾ ਸਿੰਗਾਪੁਰ ਦਾ ਬਾਜ਼ਾਰ ਸਟ੍ਰੇਟਸ ਟਾਈਮਜ਼ 102 ਅੰਕ ਯਾਨੀ 3 ਫੀਸਦੀ ਦੀ ਗਿਰਾਵਟ 'ਚ 3,289.74 'ਤੇ ਕਾਰੋਬਾਰ ਕਰ ਰਿਹਾ ਹੈ।
