ਦੀਵਾਲੀ ''ਤੇ ਚੀਨੀ ਸਾਮਾਨ ਦੀ ਵਿਕਰੀ 30 ਫ਼ੀਸਦੀ ਘੱਟ
Wednesday, Oct 18, 2017 - 02:14 AM (IST)
ਨਵੀਂ ਦਿੱਲੀ— ਚੀਨੀ ਸਾਮਾਨ ਦੇ ਦਰਾਮਦਕਾਰ ਗੌਤਮ ਬਜਾਜ ਨੂੰ ਡੋਕਲਾਮ ਵਿਵਾਦ ਦੇ ਸਮੇਂ ਤੋਂ ਹੀ ਲੱਗ ਰਿਹਾ ਸੀ ਕਿ ਇਸ ਵਾਰ ਦੀਵਾਲੀ 'ਤੇ ਚੀਨੀ ਸਾਮਾਨ ਦੀ ਮੰਗ ਘੱਟ ਸਕਦੀ ਹੈ, ਇਸ ਲਈ ਉਨ੍ਹਾਂ ਨੇ ਦਰਾਮਦ ਦੇ ਘੱਟ ਆਰਡਰ ਦਿੱਤੇ। ਬਜਾਜ ਵਾਂਗ ਹੀ ਦਿੱਲੀ 'ਚ ਚੀਨੀ ਸਾਮਾਨ ਦੇ ਪ੍ਰਮੁੱਖ ਬਾਜ਼ਾਰ ਭਗੀਰਥ ਪੈਲੇਸ ਅਤੇ ਸਦਰ ਬਾਜ਼ਾਰ ਦੇ ਕਾਰੋਬਾਰੀਆਂ ਨੇ ਵੀ ਇਸ ਵਾਰ ਘੱਟ ਮਾਲ ਖਰੀਦਿਆ ਹੈ। ਕਾਰੋਬਾਰੀ ਪਿਛਲੇ ਸਾਲ ਦਾ ਬਚਿਆ ਮਾਲ ਕੱਢਣ 'ਚ ਜੁਟੇ ਰਹੇ ਅਤੇ ਜ਼ਰੂਰਤ ਪੈਣ 'ਤੇ ਹੀ ਨਵਾਂ ਮਾਲ ਖਰੀਦਿਆ ਗਿਆ। ਦੀਵਾਲੀ ਨੇੜੇ ਆਉਣ ਤੋਂ ਬਾਅਦ ਵੀ ਬਾਜ਼ਾਰਾਂ 'ਚ ਜ਼ਿਆਦਾ ਰੌਣਕ ਨਹੀਂ ਦਿਖਾਈ ਦੇ ਰਹੀ ਹੈ। ਦਰਾਮਦਕਾਰਾਂ ਨੇ ਚੀਨੀ ਸਾਮਾਨ ਦੇ ਬਾਈਕਾਟ ਦੇ ਡਰੋਂ ਮਾਲ ਘੱਟ ਮੰਗਵਾਇਆ ਹੈ। ਦੀਵਾਲੀ 'ਤੇ ਚੀਨੀ ਸਾਮਾਨ ਦੀ ਵਿਕਰੀ 'ਚ 30 ਫ਼ੀਸਦੀ ਦੀ ਕਮੀ ਪਾਈ ਗਈ। ਮੋਟੇ ਅੰਦਾਜ਼ੇ ਮੁਤਾਬਕ ਤਿਉਹਾਰਾਂ ਦੌਰਾਨ ਚੀਨੀ ਸਾਮਾਨ ਦਾ ਕਾਰੋਬਾਰ 3000 ਤੋਂ 4000 ਕਰੋੜ ਰੁਪਏ ਦੇ ਆਸ-ਪਾਸ ਹੁੰਦਾ ਹੈ।
ਗਿਫਟ ਕਾਰੋਬਾਰੀ ਗੌਤਮ ਨੇ ਦੱਸਿਆ ਕਿ ਦੀਵਾਲੀ ਲਈ ਜੂਨ ਤੋਂ ਹੀ ਤਿਆਰੀ ਸ਼ੁਰੂ ਹੋ ਜਾਂਦੀ ਹੈ। ਪਿਛਲੇ ਸਾਲ ਵੀ ਦੇਸ਼ 'ਚ ਦੀਵਾਲੀ 'ਤੇ ਲੋਕਾਂ ਨੇ ਚੀਨੀ ਸਾਮਾਨ ਦਾ ਬਾਈਕਾਟ ਕੀਤਾ ਸੀ। ਇਸ ਸਾਲ ਚੀਨ ਦੇ ਨਾਲ ਡੋਕਲਾਮ ਵਿਵਾਦ ਨਾਲ ਭਾਰਤੀਆਂ 'ਚ ਕਾਫ਼ੀ ਰੋਸ ਹੈ, ਇਸ ਲਈ ਅਸੀਂ ਪਿਛਲੇ ਸਾਲ ਦੇ ਮੁਕਾਬਲੇ ਚੀਨ ਤੋਂ 40 ਫ਼ੀਸਦੀ ਘੱਟ ਮਾਲ ਮੰਗਵਾਇਆ। ਇਸ ਦੀ ਪੂਰਤੀ ਲਈ ਅਸੀਂ ਭਾਰਤੀ ਸਾਮਾਨ ਵੀ ਖਰੀਦਿਆ ਹੈ। ਸਜਾਵਟੀ ਸਾਮਾਨ ਦੇ ਵਿਕਰੇਤਾ ਪ੍ਰਮੋਦ ਕੁਮਾਰ ਨੇ ਕਿਹਾ ਕਿ ਪਿਛਲੇ ਸਾਲ ਵੀ ਚੀਨੀ ਸਾਮਾਨ ਦੇ ਬਾਈਕਾਟ ਕਰ ਕੇ ਕਾਫ਼ੀ ਮਾਲ ਬਚਿਆ ਰਹਿ ਗਿਆ ਸੀ। ਇਸ ਸਾਲ ਵੀ ਬਾਈਕਾਟ ਦੇ ਡਰ ਨਾਲ ਸਾਡਾ ਧਿਆਨ ਪੁਰਾਣੇ ਸਟਾਕ ਨੂੰ ਕੱਢਣ 'ਤੇ ਰਿਹਾ ਹੈ। ਕੁੱਝ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਕਾਫ਼ੀ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਕਿਹੜਾ ਸਾਮਾਨ ਚੀਨ 'ਚ ਬਣਿਆ ਹੈ, ਇਸ ਲਈ ਕਈ ਕਾਰੋਬਾਰੀ ਚੀਨੀ ਮਾਲ ਨੂੰ ਦੇਸੀ ਮਾਲ ਦੱਸ ਕੇ ਵੀ ਵੇਚ ਰਹੇ ਹਨ।
