ਛਾਂਟੀ ਦੀਆਂ ਖਬਰਾਂ ਵਿਚਾਲੇ ਚੀਨੀ ਕੰਪਨੀ ਅਲੀਬਾਬਾ ਦੇ ਰਹੀ ਹੈ ਨੌਕਰੀ, 15000 ਲੋਕਾਂ ਨੂੰ ਮਿਲੇਗਾ ਰੁਜ਼ਗਾਰ
Friday, May 26, 2023 - 04:53 PM (IST)
ਨਵੀਂ ਦਿੱਲੀ - ਚੀਨੀ ਤਕਨੀਕੀ ਕੰਪਨੀ ਅਲੀਬਾਬਾ ਗਰੁੱਪ ਹੋਲਡਿੰਗ ਲਿਮਟਿਡ ਨੇ ਕਿਹਾ ਹੈ ਕਿ ਉਹ ਇਸ ਸਾਲ 15,000 ਲੋਕਾਂ ਨੂੰ ਨੌਕਰੀ 'ਤੇ ਰੱਖੇਗੀ। ਅਲੀਬਾਬਾ ਨੇ ਛਾਂਟੀ ਦੀਆਂ ਖਬਰਾਂ ਵਿਚਕਾਰ ਇਹ ਬਿਆਨ ਜਾਰੀ ਕੀਤਾ ਹੈ। ਵੀਰਵਾਰ ਭਾਵ ਕੱਲ੍ਹ 25 ਮਈ ਨੂੰ ਵੇਈਬੋ 'ਤੇ ਜਾਰੀ ਕੀਤੇ ਗਏ ਇਕ ਬਿਆਨ ਵਿਚ, ਚੀਨੀ ਈ-ਕਾਮਰਸ ਪਲੇਟਫਾਰਮ ਅਲੀਬਾਬਾ ਨੇ ਕਿਹਾ ਕਿ ਇਸ ਸਾਲ ਉਹ ਛੇ ਵੱਡੇ ਵਿਭਾਗਾਂ ਵਿਚ ਕੁੱਲ 15,000 ਨਵੀਂ ਭਰਤੀ ਕਰੇਗਾ।
ਕੰਪਨੀ ਨੇ ਕਿਹਾ ਕਿ ਇਨ੍ਹਾਂ 15,000 ਵਿੱਚੋਂ 3,000 ਨਵੇਂ ਗ੍ਰੈਜੂਏਟ ਉਮੀਦਵਾਰ ਹੋਣਗੇ। ਕੰਪਨੀ ਨੇ ਕਿਹਾ ਹੈ ਕਿ ਛਾਂਟੀ ਦੀਆਂ ਖਬਰਾਂ ਸਿਰਫ ਅਫਵਾਹ ਹਨ। ਕੰਪਨੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਵੱਡੇ ਪੱਧਰ 'ਤੇ ਕਰਮਚਾਰੀਆਂ ਦੀ ਛਾਂਟੀ ਕਰ ਰਹੀ ਹੈ।
ਇਹ ਵੀ ਪੜ੍ਹੋ : 'ਮੰਦੀ' ਦੀ ਲਪੇਟ 'ਚ ਜਰਮਨੀ ਦੀ ਅਰਥਵਿਵਸਥਾ, ਪਹਿਲੀ ਤਿਮਾਹੀ 'ਚ GDP 'ਚ 0.3 ਫੀਸਦੀ ਦੀ ਗਿਰਾਵਟ
ਕੁਝ ਦਿਨਾਂ ਤੋਂ, ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਅਲੀਬਾਬਾ ਆਪਣੇ 20 ਪ੍ਰਤੀਸ਼ਤ ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕਰ ਰਿਹਾ ਹੈ। ਹੁਣ ਕੰਪਨੀ ਨੇ ਇਸ ਦਾਅਵੇ ਦਾ ਖੰਡਨ ਕੀਤਾ ਹੈ।
ਕੰਪਨੀ ਦੇ ਮੁੱਖ ਕਾਰਜਕਾਰੀ, ਡੈਨੀਅਲ ਝਾਂਗ, ਨੇ ਵੇਰਵੇ ਦਿੱਤੇ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਪਹਿਲੀ ਵਾਰ ਫਰਮ ਵਿੱਚ ਕਿੰਨੇ ਲੋਕਾਂ ਨੂੰ ਨਿਯੁਕਤ ਕੀਤਾ ਗਿਆ ਸੀ। ਡੈਨੀਅਲ ਝਾਂਗ ਨੇ ਕਿਹਾ ਹੈ ਕਿ ਮਾਰਚ 2023 ਤੱਕ ਕੰਪਨੀ ਨੇ 235,000 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਅਲੀਬਾਬਾ ਨੇ ਆਪਣੀ ਭਰਤੀ ਪ੍ਰਣਾਲੀ ਨੂੰ ਸਬੂਤ ਵਜੋਂ ਦਿਖਾਇਆ ਕਿ ਕੰਪਨੀ ਅਜੇ ਵੀ ਭਰਤੀ ਕਰ ਰਹੀ ਹੈ। ਕੰਪਨੀ ਨੇ ਆਪਣੇ ਬਿਆਨ ਵਿੱਚ ਕਿਹਾ, "ਅਸੀਂ ਲੋਕਾਂ ਨੂੰ ਨੌਕਰੀਆਂ ਦੇਣ ਦਾ ਕੰਮ ਅਜੇ ਵੀ ਜਾਰੀ ਰੱਖਿਆ ਹੈ।"
ਇਹ ਵੀ ਪੜ੍ਹੋ : 'ਇਤਿਹਾਸ ’ਚ ਪਹਿਲੀ ਵਾਰ 1 ਜੂਨ ਨੂੰ ਡਿਫਾਲਟਰ ਬਣ ਸਕਦਾ ਹੈ ਸੁਪਰਪਾਵਰ ਅਮਰੀਕਾ'
ਬਲੂਮਬਰਗ ਨਿਊਜ਼ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਰਿਪੋਰਟ ਦਿੱਤੀ ਸੀ ਕਿ ਅਲੀਬਾਬਾ ਦੇ ਕਲਾਉਡ ਡਿਵੀਜ਼ਨ ਵਿੱਚ ਨੌਕਰੀਆਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਕਰਮਚਾਰੀਆਂ ਦੀ ਇਹ ਕਟੌਤੀ ਕੰਪਨੀ ਦੇ ਕਲਾਊਡ ਡਿਵੀਜ਼ਨ 'ਚ 7 ਫੀਸਦੀ ਤੱਕ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਛਾਂਟੀ ਮਈ ਦੇ ਅੰਤ ਤੱਕ ਹੋਵੇਗੀ।
ਇਹ ਖ਼ਬਰ ਅਜਿਹੇ ਸਮੇਂ 'ਚ ਆਈ ਹੈ ਜਦੋਂ ਕੰਪਨੀ ਫੰਡ ਜੁਟਾਉਣ ਲਈ ਵੱਖ-ਵੱਖ ਕਾਰੋਬਾਰੀ ਸਮੂਹਾਂ ਲਈ ਵੱਖ-ਵੱਖ ਆਈਪੀਓ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਮੌਜੂਦਾ ਤਿਮਾਹੀ ਵਿੱਚ, ਅਲੀਬਾਬਾ ਦੇ ਕਲਾਉਡ ਡਿਵੀਜ਼ਨ ਨੇ 18.6 ਬਿਲੀਅਨ ਯੂਆਨ ਭਾਵ 2.69 ਬਿਲੀਅਨ ਡਾਲਰ ਦੀ ਆਮਦਨੀ ਇਕੱਠੀ ਕੀਤੀ ਹੈ। ਅਮਰੀਕਾ ਦੇ ਵਪਾਰ ਵਿੱਚ ਅਲੀਬਾਬਾ ਦੇ ਸ਼ੇਅਰਾਂ ਵਿੱਚ ਲਗਭਗ 3% ਦੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਆਨਲਾਈਨ ਗੇਮਿੰਗ ਕੰਪਨੀਆਂ 'ਤੇ ED ਦੀ ਕਾਰਵਾਈ: ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜੇ ਗਏ 4000 ਕਰੋੜ ਰੁਪਏ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।