ਜਨਵਰੀ 'ਚ 800 ਤੋਂ ਵੱਧ ਸਮਾਨਾਂ 'ਤੇ ਇੰਪੋਰਟ ਟੈਰਿਫ ਘਟਾਏਗਾ ਚੀਨ

12/23/2019 9:55:19 AM

ਬੀਜਿੰਗ—  ਵਾਸ਼ਿੰਗਟਨ ਤੇ ਬੀਜਿੰਗ ਦਰਮਿਆਨ ਵਪਾਰ ਨੂੰ ਲੈ ਕੇ ਜਾਰੀ ਖਿਚੋਤਾਣ ਵਿਚਕਾਰ ਚੀਨ ਜਨਵਰੀ ਤੋਂ 850 ਉਤਪਾਦਾਂ 'ਤੇ ਇੰਪੋਰਟ ਟੈਰਿਫ ਘਟਾਉਣ ਜਾ ਰਿਹਾ ਹੈ। ਇਨ੍ਹਾਂ 'ਚ ਫਰੋਜ਼ਨ ਪੋਰਕ, ਫਾਰਮਾਸਿਊਟੀਕਲ ਤੇ ਕੁਝ ਹਾਈ ਟੈੱਕ ਕੰਪੋਨੈਂਟਸ ਸ਼ਾਮਲ ਹਨ। ਬੀਜਿੰਗ ਨੇ ਕਿਹਾ ਹੈ ਕਿ ਇੰਪੋਰਟਡ ਮਾਲ 'ਤੇ ਟੈਰਿਫ ਮੋਸਟ ਫੇਵਰਟ ਨੇਸ਼ਨ (ਐੱਮ. ਐੱਫ. ਐੱਨ.) ਟੈਰਿਫ ਤੋਂ ਘੱਟ ਹੋਣਗੇ। ਦਮਾ ਦੇ ਇਲਾਜ ਵਾਲੀਆਂ ਦਵਾਈਆਂ ਦੇ ਨਾਲ-ਨਾਲ ਲਾਗਤ ਘਟਾਉਣ ਅਤੇ ਸ਼ੂਗਰ ਦੀਆਂ ਦਵਾਈਆਂ ਦੇ ਉਤਪਾਦਨ ਨੂੰ ਉਤਸ਼ਾਹਤ ਕਰਨ ਲਈ ਕੱਚੇ ਮਾਲ 'ਤੇ ਚੀਨ ਜ਼ੀਰੋ ਇੰਪੋਰਟ ਟੈਕਸ ਲਗਾਏਗਾ।

 

ਹਾਲਾਂਕਿ, ਮਾਹਰਾਂ ਦਾ ਮੰਨਣਾ ਹੈ ਕਿ ਇਸ ਕਦਮ ਦਾ ਯੂ. ਐੱਸ. ਨਾਲ ਜਾਰੀ ਵਪਾਰ ਯੁੱਧ ਨਾਲ ਸੰਬੰਧ ਨਹੀਂ ਲੱਗਦਾ ਕਿਉਂਕਿ ਚੀਨ ਆਪਣੇ ਦੇਸ਼ 'ਚ ਘੱਟ ਹੋਈ ਸਪਲਾਈ ਨੂੰ ਪੂਰਾ ਕਰਨ ਲਈ ਇਹ ਕਦਮ ਉਠਾ ਰਿਹਾ ਹੈ। ਪਿਛਲੇ ਇਕ ਸਾਲ ਤੋਂ ਜਾਰੀ ਵਪਾਰ ਯੁੱਧ ਕਾਰਨ ਬੀਜਿੰਗ ਦੀ ਇਕਨੋਮੀ ਨੂੰ ਤਕੜਾ ਝਟਕਾ ਲੱਗਾ ਹੈ। ਚੀਨ ਦੀ ਅਰਥ-ਵਿਵਸਥਾ ਲਗਭਗ 30 ਸਾਲਾਂ 'ਚ ਆਪਣੀ ਸਭ ਤੋਂ ਸੁਸਤ ਦਰ ਨਾਲ ਵੱਧ ਰਹੀ ਹੈ।
ਬੀਜਿੰਗ ਵੱਲੋਂ ਫਰੋਜ਼ਨ ਪੋਰਕ ਯਾਨੀ ਸੂਰ ਦੇ ਮਾਸ 'ਤੇ ਇੰਪੋਰਟ ਟੈਰਿਫ ਘਟਾ ਕੇ 8 ਫੀਸਦੀ ਕੀਤਾ ਜਾਵੇਗਾ, ਜਦੋਂ ਕਿ ਐੱਮ. ਐੱਨ. ਐੱਫ. 'ਤੇ ਇਹ 12 ਫੀਸਦੀ ਹੈ। ਉੱਥੇ ਹੀ ਕੁਝ ਵੁੱਡ ਤੇ ਪੇਪਰ ਪ੍ਰਾਡਕਟਸ 'ਤੇ ਵੀ ਡਿਊਟੀ ਘਟਾਈ ਜਾਵੇਗੀ। ਮਲਟੀ ਕੰਪੋਨੈਂਟ ਸੈਮੀਕੰਡਟਰ 'ਤੇ ਇੰਪੋਰਟ ਟੈਰਿਫ ਜ਼ੀਰੋ ਹੋਵੇਗਾ। ਬੀਜਿੰਗ ਵੱਲੋਂ ਸੋਮਵਾਰ ਨੂੰ ਜਾਰੀ ਬਿਆਨ 'ਚ ਯੂ. ਐੱਸ. ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਪਰ ਵਾਸ਼ਿੰਗਟਨ ਨਾਲ ਪਹਿਲੇ ਪੜਾਅ ਦੇ ਵਪਾਰਕ ਸੌਦੇ ਦੀ ਘੋਸ਼ਣਾ ਕਰਨ ਦੀ ਕੋਸ਼ਿਸ਼ ਵਿਚਕਾਰ ਚੀਨ ਨੇ ਇੰਪੋਰਟ ਟੈਰਿਫ 'ਚ ਇਹ ਕਟੌਤੀ ਕਰਨ ਦਾ ਕਦਮ ਉਠਾਇਆ ਹੈ। ਬੀਜਿੰਗ ਨੇ ਕਿਹਾ ਕਿ ਦਰਾਮਦ ਲਾਗਤ ਨੂੰ ਘਟਾਉਣ, ਅੰਤਰਰਾਸ਼ਟਰੀ ਤੇ ਘਰੇਲੂ ਵਪਾਰ ਨੂੰ ਉਤਸ਼ਾਹਤ ਕਰਨ ਅਤੇ ਉੱਚ ਪੱਧਰੀ ਖੁੱਲ੍ਹੀ ਅਰਥਵਿਵਸਥਾ ਦੀ ਨਵੀਂ ਪ੍ਰਣਾਲੀ ਸਥਾਪਤ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ।


Related News