ਰਿਸ਼ਤੇ ਦੇ 3 ਦਹਾਕੇ ਪੂਰੇ ਹੋਣ ’ਤੇ ਚੀਨ ਨੇ ਕਰਾਚੀ ਪ੍ਰਮਾਣੂ ਬਿਜਲੀਘਰ ’ਚ ਭਰਿਆ ‘ਦੋਸਤੀ ਦਾ ਈਂਧਨ’
Sunday, Jan 02, 2022 - 12:14 PM (IST)
ਇਸਲਾਮਾਬਾਦ (ਭਾਸ਼ਾ) - ਪਾਕਿਸਤਾਨ ਨੇ ਆਪਣੇ ਮਿੱਤਰ ਦੇਸ਼ ਚੀਨ ਦੇ ਨਾਲ ਸਹਿਯੋਗ ਦੇ 3 ਦਹਾਕੇ ਪੂਰੇ ਹੋਣ ਮੌਕੇ ਚੀਨੀ ਸਹਾਇਤਾ ਪ੍ਰਾਪਤ ਕਰਾਚੀ ਪ੍ਰਮਾਣੂ ਊਰਜਾ ਪਲਾਂਟ ਵਿਚ ਈਂਧਨ ਪਾਉਣ ਦਾ ਕੰਮ ਪੂਰਾ ਕਰ ਲਿਆ ਹੈ। ਇਥੇ ਸ਼ਨੀਵਾਰ ਨੂੰ ਜਾਰੀ ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਸਰਕਾਰੀ ‘ਐਸੋਸੀਏਟਿਡ ਪ੍ਰੈੱਸ ਆਫ ਪਾਕਿਸਤਾਨ (ਏ. ਪੀ. ਪੀ.) ਨੇ ਦੱਸਿਆ ਕਿ ਪਾਕਿਸਤਾਨ ਪ੍ਰਮਾਣੂ ਰੈਗੂਲੇਟਰੀ ਅਥਾਰਿਟੀ (ਪੀ. ਐੱਨ. ਆਰ. ਏ.) ਵਿਚ ਰਸਮੀ ਮਨਜ਼ੂਰੀ ਮਿਲ ਜਾਣ ਤੋਂ ਬਾਅਦ ਪਾਕਿਸਤਾਨ ਅਥਾਰਿਟੀਜ਼ ਨੇ ਸ਼ੁੱਕਰਵਾਰ ਨੂੰ 1,100 ਮੈਗਾਵਾਟ ਦੇ ਪ੍ਰਮਾਣੂ ਪਲਾਂਟ ਵਿਚ ਈਂਧਨ ਪਾਉਣ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ।
ਉਸਨੇ ਦੱਸਿਆ ਕਿ ਪ੍ਰਮਾਣੂ ਊਰਜਾ ਦੇ ਸ਼ਾਂਤਮਈ ਇਸਤੇਮਾਲ ਦੇ ਖੇਤਰ ਵਿਚ ਚੀਨ ਅਤੇ ਪਾਕਿ ਦਰਮਿਆਨ ਸਹਿਯੋਗ ਦੇ ਤਿੰਨ ਦਹਾਕੇ ਪੂਰੇ ਹੋਣ ਅਤੇ ਕੇ-3 ਦੇ ਨਾਂ ਤੋਂ ਜਾਣੇ ਜਾਣ ਵਾਲੇ ਕਰਾਚੀ ਪ੍ਰਮਾਣੂ ਊਰਜਾ ਪਲਾਂਟ ਇਕਾਈ-ਤਿੰਨ ਵਿਚ ਈਂਧਨ ਪਾਉਣ ਦਾ ਕੰਮ ਪੂਰਾ ਹੋਣ ਮੌਕੇ ਆਯੋਜਿਤ ਸਮਾਰੋਹ ਵਿਚ ਦੋਨੋਂ ਦੇਸ਼ਾਂ ਦੇ ਪ੍ਰਮਾਣੂ ਊਰਜਾ ਸਬੰਧੀ ਸੰਗਠਨਾਂ ਦੇ ਚੋਟੀ ਦੇ ਅਧਿਕਾਰੀ ਸ਼ਾਮਲ ਹੋਏ।