‘ਭਾਰਤ ਦੇ ਵਧਦੇ ਮੁਦਰਾ ਭੰਡਾਰ ਤੋਂ ਪ੍ਰੇਸ਼ਾਨ ਹੋਏ ਚੀਨ ਅਤੇ ਤੁਰਕੀ’
Sunday, Sep 19, 2021 - 09:57 AM (IST)
ਨਵੀਂ ਦਿੱਲੀ (ਅਨਸ) – ਚੀਨ ਅਤੇ ਤੁਰਕੀ ਨੂੰ ਇਨ੍ਹੀਂ ਦਿਨੀਂ ਇਕ ਖਾਸ ਤਰ੍ਹਾਂ ਦੀ ਪ੍ਰੇਸ਼ਾਨੀ ਸਤਾ ਰਹੀ ਹੈ, ਉਹ ਆਪਣੇ ਗੁਆਂਢੀ ਦੇਸ਼ ਭਾਰਤ ਦੇ ਵਧਦੇ ਵਿਦੇਸ਼ੀ ਮੁਦਰਾ ਤੋਂ ਕਾਫੀ ਚਿੰਤਤ ਹਨ। ਖੁਦ ਚੀਨ ਦਾ ਨਾਂ ਤਾਂ ਵਪਾਰ ਵਧ ਰਿਹਾ ਹੈ ਅਤੇ ਨਾ ਹੀ ਉਸ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਕੋਈ ਵਾਧਾ ਹੋ ਰਿਹਾ ਹੈ, ਹਾਲਾਂਕਿ ਚੀਨ ਕੋਲ ਇਸ ਸਮੇਂ 3.236 ਖਬਰ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਹੈ ਪਰ ਉਹ ਇਹ ਨਹੀਂ ਦੇਖ ਸਕਦਾ ਕਿ ਕਿਸੇ ਦੂਜੇ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਵਧੇ, ਇਸ ਲਈ ਚੀਨ ਨੇ ਭਾਰਤ ਖਿਲਾਫ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨੂੰ ਅਸੀਂ ਆਮ ਭਾਸ਼ਾ ’ਚ ‘ਹੱਸਦੀ ਬਿੱਲੀ ਖੰਭੇ ਨੂੰ ਖਿੱਚਦੀ ਹੈ’ ਕਹਿੰਦੇ ਹਨ।
ਇਸ ਸਮੇਂ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 642.453 ਅਰਬ ਡਾਲਰ ਹੈ। ਹਾਲ ਹੀ ’ਚ ਇਸ ’ਚ 8.895 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਹ ਡਾਟਾ ਭਾਰਤੀ ਰਿਜ਼ਰਵ ਬੈਂਕ ਨੇ ਜਾਰੀ ਕੀਤਾ ਹੈ। ਇੰਨਾ ਹੀ ਨਹੀਂ, ਇਸ ’ਚ ਹਰ ਹਫਤੇ 5 ਤੋਂ 6 ਅਰਬ ਡਾਲਰ ਦਾ ਵਾਧਾ ਵੀ ਹੋ ਰਿਹਾ ਹੈ। ਇਸ ਨੂੰ ਦੇਖਦੇ ਹੋਏ ਚੀਨ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਨਾਲ ਭਾਰਤ ਦੇ ਹੋਰ ਦੇਸ਼ਾਂ ਨੂੰ ਕਰਜ਼ਾ ਦੇਣ ਦੀ ਸਮਰੱਥਾ ’ਚ ਵਾਧਾ ਹੋਵੇਗਾ, ਜਿਸ ਨਾਲ ਭਾਰਤ ਅਫੀਰਕੀ ਮਹਾਦੀਪ ’ਚ ਚੀਨ ਦੇ ਵਧਦੇ ਵਿਸਤਾਰਵਾਦ ਨੂੰ ਚੁਣੌਤੀ ਦੇ ਸਕਦਾ ਹੈ।
ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੁਆ ਨੇ ਭਾਰਤ ਦੇ ਵਧਦੇ ਵਿਦੇਸ਼ੀ ਭੰਡਾਰ ਨੂੰ ਚੀਨ ਲਈ ਕਈ ਮੋਰਚਿਆਂ ’ਤੇ ਚੀਨ ਦੇ ਰਾਹ ’ਚ ਰੋੜਾ ਦੱਸਿਆ ਹੈ। ਚੀਨ ਦੀ ਸ਼ਾਸ਼ਨ ਪ੍ਰਣਾਲੀ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਚੀਨ ਜਿਵੇਂ ਕਰਜ਼ੇ ਦਿੰਦਾ ਰਿਹਾ ਹੈ, ਉਸੇ ਤਰ੍ਹਾਂ ਭਾਰਤ ਵੀ ਕਰਜ਼ਾ ਦੇਣ ਦੀ ਆਪਣੀ ਸਮਰੱਥਾ ਵਧਾ ਸਕਦਾ ਹੈ। ਚੀਨ ਨੂੰ ਇਸ ਸਮੇਂ ਇਹ ਚਿੰਤਾ ਸਤਾ ਰਹੀ ਹੈ ਕਿ ਚੀਨ ਦੀ ਜੋ ਕਰਜ਼ਾ ਦੇਣ ਦੀ ਨੀਤੀ ਹੈ, ਠੀਕ ਓਹੀ ਨੀਤੀ ਲੈ ਕੇ ਭਾਰਤ ਨੇ ਅੱਜ ਤੱਕ ਕਿਸੇ ਦੇਸ਼ ਨੂੰ ਕਰਜ਼ਾ ਦੇ ਕੇ ਉਸ ਨੂੰ ਆਪਣੇ ਕਰਜ਼ੇ ਦੇ ਜਾਲ ’ਚ ਨਹੀਂ ਫਸਾਇਆ, ਉਸ ਦੇਸ਼ ਦੀ ਅਰਥਵਿਵਸਥਾ ਅਤੇ ਵਪਾਰ ਨੂੰ ਢਹਿ-ਢੇਰੀ ਨਹੀਂ ਕੀਤਾ, ਕਰਜ਼ਾ ਲੈਣ ਵਾਲੇ ਦੇਸ਼ ਨੂੰ ਭਾਰਤ ਨੇ ਕਦੀ ਆਪਣਾ ਆਰਥਿਕ ਗੁਲਾਮ ਨਹੀਂ ਬਣਾਇਆ ਜਦ ਕਿ ਚੀਨ ਦੁਨੀਆ ਭਰ ’ਚ ਇਸ ਗੱਲ ਲਈ ਬਦਨਾਮ ਹੈ ਕਿ ਉਹ ਗਰੀਬ ਦੇਸ਼ਾਂ ਨੂੰ ਕਰਜ਼ਾ ਦੇ ਕੇ ਆਪਣੇ ਆਰਥਿਕ ਜਾਲ ’ਚ ਫਸਾ ਲੈਂਦਾ ਹੈ, ਫਿਰ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕਰਦਾ ਹੈ।
ਪੁਲਾੜ ਪ੍ਰੋਗਰਾਮ ਗੁਣਵੱਤਾ ’ਚ ਚੀਨ ਨੂੰ ਪੱਛੜਨ ਦਾ ਡਰ
ਚੀਨ ਨੂੰ ਇਸ ਗੱਲ ਦਾ ਵੀ ਡਰ ਹੈ ਕਿ ਭਾਰਤ ਦਾ ਪੁਲਾੜ ਪ੍ਰੋਗਰਾਮ ਗੁਣਵੱਤਾ ’ਚ ਸਰਬੋਤਮ ਅਤੇ ਦੁਨੀਆ ’ਚ ਸਭ ਤੋਂ ਸਸਤਾ ਹੈ, ਜਿਸ ਨਾਲ ਇਸ ਬਾਜ਼ਾਰ ’ਚ ਵੀ ਚੀਨ ਭਾਰਤ ਤੋਂ ਪੱਛੜ ਜਾਵੇਗਾ। ਭਾਰਤ ਨੇ ਜੋ ਵੀ ਤਕਨੀਕ ਹਾਸਲ ਕੀਤੀ ਹੈ, ਉਹ ਜਾਂ ਤਾਂ ਖੁਦ ਬਣਾਈ ਹੈ ਜਾਂ ਫਿਰ ਵਿਦੇਸ਼ੀ ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਹੈ। ਕਦੀ ਕਿਸੇ ਤਕਨੀਕ ਦੀ ਚੋਰੀ ਨਹੀਂ ਕੀਤੀ ਜੋ ਚੀਨ ਹਮੇਸ਼ਾ ਹਰ ਖੇਤਰ ’ਚ ਕਰਦਾ ਰਹਿੰਦਾ ਹੈ, ਭਾਂਵੇ ਉਹ ਖੇਤਰ ਮੋਬਾਇਲ, ਇੰਟਰਨੈੱਟ, ਆਟੋਮੋਟਿਵ, ਤੇਲ ਸੋਧ, ਹਥਿਆਰ ਜਾਂ ਫਿਰ ਪੁਲਾੜ ਹੀ ਕਿਉਂ ਨਾ ਹੋਵੇ। ਇਨ੍ਹਾਂ ਸਾਰੇ ਖੇਤਰਾਂ ’ਚ ਅੱਗੇ ਵਧਣ ਲਈ ਖੋਜ ਦੀ ਕਾਫੀ ਲੋੜ ਹੁੰਦੀ ਹੈ, ਜਿਸ ਲਈ ਧਨ ਦੀ ਲੋੜ ਹੈ।
ਤੁਰਕੀ ਦਾ ਵਿਦੇਸ਼ੀ ਮੁਦਰਾ ਭੰਡਾਰ ਅਰਸ਼ ਤੋਂ ਫਰਸ਼ ’ਤੇ
ਚੀਨੀ ਮੀਡੀਆ ਨੇ ਵੀ ਕਿਹਾ ਹੈ ਕਿ ਤੁਰਕੀ ਭਾਰਤ ਦੇ ਤੇਜ਼ੀ ਨਾਲ ਵਧਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਸਹੀ ਨਹੀਂ ਮੰਨਦਾ। ਸ਼ਿਨਹੁਆ ਮੁਤਾਬਕ ਤੁਰਕੀ ਦਾ ਮੰਨਣਾ ਹੈ ਿਕ ਜੇ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਇੰਝ ਹੀ ਵਧਦਾ ਰਿਹਾ ਤਾਂ ਉਹ ਤੁਰਕੀ ਅਤੇ ਪਾਕਿਸਤਾਨ ਦੇ ਹਿੱਤਾਂ ਨੂੰ ਜ਼ਰੂਰ ਨੁਕਸਾਨ ਪਹੁੰਚਾਏਗਾ। ਉੱਥੇ ਹੀ ਜੇ ਅਸੀਂ ਤੁਰਕੀ ਦੀ ਗੱਲ ਕਰੀਏ ਤਾਂ ਉਸ ਦਾ ਵਿਦੇਸ਼ੀ ਮੁਦਰਾ ਭੰਡਾਰ ਅਰਸ਼ ਤੋਂ ਫਰਸ਼ ’ਤੇ ਆ ਡਿਗਿਆ ਹੈ ਅਤੇ ਤੁਰਕੀ ਕੋਲ ਲੋੜੀਂਦਾ ਵਿਦੇਸ਼ੀ ਮੁਦਰਾ ਭੰਡਾਰ ਘੱਟ ਹੋਣ ਕਾਰਨ ਤੁਰਕੀ ਦੀਆਂ ਢੇਰ ਸਾਰੀਆਂ ਫੌਜੀ ਯੋਜਨਾਵਾਂ ਵੀ ਬੰਦ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਤੁਰਕੀ ਆਪਣਾ ਖੁਦ ਦਾ ਪੁਲਾੜ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਹੈ ਪਰ ਤੁਰਕੀ ਕੋਲ ਆਪਣਾ ਪੁਲਾੜ ਪ੍ਰੋਗਰਾਮ ਸ਼ੁਰੂ ਕਰਨ ਲਈ ਬਜਟ ਨਹੀਂ ਹੈ, ਜਿਸ ਕਾਰਨ ਤੁਰਕੀ ਦੀ ਇਹ ਯੋਜਨਾ ਅੱਧ ਵਿਚਾਲੇ ਲਟਕੀ ਹੋਈ ਹੈ।