ਦੁਨੀਆ ਭਰ ’ਚ ਵਧ ਰਹੀ ਸਟੀਲ ਦੀ ਮੰਗ ਦਰਮਿਆਨ ਸਾਹਮਣੇ ਆਈ ਚੀਨ ਦੀ ਚਲਾਕੀ
Tuesday, May 25, 2021 - 09:58 AM (IST)
ਜਲੰਧਰ (ਬਿਜ਼ਨੈੱਸ ਡੈਸਕ) – ਕੋਰੋਨਾ ਦੇ ਪ੍ਰਭਾਵ ਤੋਂ ਮੁਕਤ ਹੋ ਰਹੀ ਦੁਨੀਆ ’ਚ ਵਧ ਰਹੀ ਸਟੀਲ ਦੀ ਮੰਗ ਤੋਂ ਬੇਚੈਨ ਚੀਨ ਨੇ ਆਇਰਨ ਓਰ ਦੀਆਂ ਕੀਮਤਾਂ ’ਤੇ ਕਾਬੂ ਪਾਉਣ ਲਈ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮਹੀਨੇ ਚੀਨ ’ਚ ਕਮੋਡਿਟੀ ਐਕਸਚੇਂਜ ਡੇਲੀਅਨ ’ਚ ਆਇਰਨ ਓਰ ਦੀਆਂ ਕੀਮਤਾਂ ਨੇ ਆਪਣਾ ਉੱਚ ਪੱਧਰ ਛੂਹਿਆ ਤਾਂ ਚੀਨ ਨੇ ਆਇਰਨ ਓਰ ਦੇ ਟ੍ਰੇਡਰਾਂ ’ਤੇ ਸਖਤੀ ਕਰ ਦਿੱਤੀ। ਪਿਛਲੇ ਹਫਤੇ ਕੀਤੀ ਗਈ ਪ੍ਰਸ਼ਾਸਨਿਕ ਸਖਤੀ ਨਾਲ ਆਇਰਨ ਓਰ ਦੀਆਂ ਕੀਮਤਾਂ ਸੋਮਵਾਰ ਨੂੰ ਲਗਾਤਾਰ ਚੌਥੇ ਦਿਨ ਡਿਗੀਆਂ ਹਨ। ਚੀਨ ਪਿਛਲੇ ਹਫਤੇ ਸਪੌਟ ਮਾਰਕੀਟ ’ਚ ਆਇਰਨ ਓਰ ਦੀਆਂ ਕੀਮਤਾਂ 235 ਡਾਲਰ ਪ੍ਰਤੀ ਟਨ ਸਨ ਜੋ ਘੱਟ ਹੋ ਕੇ ਕਰੀਬ 200 ਡਾਲਰ ਪ੍ਰਤੀ ਟਨ ਰਹਿ ਗਈਆਂ ਹਨ। ਫਿਊਚਰ ਮਾਰਕੀਟ ’ਚ ਆਇਰਨ ਓਰਨ ਦਾ ਜ਼ਿਆਦਾ ਬੁਰਾ ਹਾਲ ਹੈ। ਪਿਛਲੇ ਹਫਤੇ ਡੇਨੀਅਲ ਐਕਸਚੇਂਜ ’ਚ ਆਇਰਨ ਓਰ ਦਾ ਸਤੰਬਰ ਫਿਊਚਰ 5.4 ਫੀਸਦੀ ਡਿੱਗ ਕੇ 1090 ਯੁਆਨ ਪ੍ਰਤੀ ਟਨ ’ਤੇ ਬੰਦ ਹੋਇਆ ਸੀ ਅਤੇ ਇਹ ਸੋਮਵਾਰ ਨੂੰ 9.5 ਫੀਸਦੀ ਡਿੱਗ ਗਿਆ ਅਤੇ ਅਖੀਰ ’ਚ 1016 ਯੁਆਨ ’ਤੇ ਬੰਦ ਹੋਇਆ। ਇਹ 15 ਅਪ੍ਰੈਲ ਤੋਂ ਬਾਅਦ ਆਇਰਨ ਓਰ ਦਾ ਸਭ ਤੋਂ ਹੇਠਲਾ ਪੱਧਰ ਹੈ।
ਬੇਚੈਨ ਚੀਨ ਨੇ ਵਧਾਈ ਆਇਰਨ ਓਰ ਦੀ ਦਰਾਮਦ, ਰਿਕਾਰਡ ਸਟੀਲ ਦਾ ਨਿਰਮਾਣ
ਚੀਨ ਦੁਨੀਆ ਦਾ 70 ਫੀਸਦੀ ਸੀ ਬੋਰਨ ਆਇਰਨ ਓਰ ਖਰੀਦਦਾ ਹੈ ਅਤੇ ਦੁਨੀਆ ਦਾ ਅੱਧਾ ਸਟੀਲ ਚੀਨ ਵਲੋਂ ਬਣਾਇਆ ਜਾਂਦਾ ਹੈ। ਕੋਰੋਨਾ ਕਾਰਨ ਦੁਨੀਆ ਦੀ ਅਰਥਵਿਵਸਥਾ ਖੁੱਲ੍ਹਣ ਕਾਰਨ ਚੀਨ ਜ਼ਿਆਦਾ ਸਟੀਲ ਨਿਰਮਾਣ ਕਰ ਕੇ ਦੁਨੀਆ ਭਰ ’ਚ ਵੇਚਣਾ ਚਾਹੁੰਦਾ ਹੈ। ਲਿਹਾਜਾ ਇਸ ਨੇ ਹਰ ਪਾਸੇਓਂ ਆਇਰਨ ਓਰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਚੀਨ ਦੀ ਦਰਾਮਦ ਦੇ ਅਧਿਕਾਰਕ ਅੰਕੜੇ ਇਸ ਦੀ ਪੁਸ਼ਟੀ ਕਰਦੇ ਹਨ। ਚੀਨ ਨੇ ਇਸ ਸਾਲ ਪਹਿਲੇ ਚਾਰ ਮਹੀਨਿਆਂ ’ਚ 381.98 ਮਿਲੀਅਨ ਟਨ ਸਟੀਲ ਦੀ ਦਰਾਮਦ ਕੀਤੀ ਹੈ ਅਤੇ ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 6.7 ਫੀਸਦੀ ਜ਼ਿਆਦਾ ਹੈ। ਇਸ ਮਿਆਦ ਦੌਰਾਨ ਚੀਨ ਨੇ ਸਾਲ ਦੇ ਪਹਿਲੇ ਚਾਰ ਮਹੀਨਿਆਂ ’ਚ 374.56 ਮਿਲੀਅਨ ਟਨ ਸਟੀਲ ਦਾ ਉਤਪਾਦਨ ਕੀਤਾ ਹੈ ਅਤੇ ਇਹ 2020 ਦੇ ਪਹਿਲੇ ਚਾਰ ਮਹੀਨਿਆਂ ਦੇ ਉਤਪਾਦਨ ਦੇ ਮੁਕਾਬਲੇ 16 ਫੀਸਦੀ ਜ਼ਿਆਦਾ ਹੈ।
ਚੌਗਿਰਦੇ ਸਬੰਧੀ ਵਚਨਬੱਧਤਾਵਾਂ ਨੂੰ ਭੁੱਲਿਆ ਚੀਨ
ਹਾਲਾਂਕਿ ਚੀਨ ਨੇ ਚੌਗਿਰਦੇ ਸਬੰਧੀ ਆਪਣੀਆਂ ਵਚਨਬੱਧਤਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਪਿਛਲੇ ਸਾਲ ਦੇ ਕੁਲ ਸਟੀਲ ਨਿਰਮਾਣ (1085) ਬਿਲੀਅਨ ਟਨ ’ਚ ਕਮੀ ਕਰਨ ਦੀ ਗੱਲ ਕਹੀ ਹੋਈ ਹੈ ਪਰ ਜਿਸ ਰਫਤਾਰ ਨਾਲ ਚੀਨ ’ਚ ਸਟੀਲ ਦਾ ਨਿਰਮਾਣ ਹੋ ਰਿਹਾ ਹੈ, ਉਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਹ ਚੌਗਿਰਦੇ ਸਬੰਧੀ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਨਹੀਂ ਕਰ ਸਕੇਗਾ ਕਿਉਂਕਿ ਸਟੀਲ ਨਿਰਮਾਣ ’ਚ ਵੱਡੇ ਪੱਧਰ ’ਤੇ ਐਨਰਜੀ ਦਾ ਇਸਤੇਮਾਲ ਹੁੰਦਾ ਹੈ, ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ। ਜੇ ਚੀਨ ’ਚ ਸਟੀਲ ਦੇ ਨਿਰਮਾਣ ਦੀ ਰਫਤਾਰ ਅਜਿਹੀ ਹੀ ਰਹੀ ਤਾਂ ਸਟੀਲ ਦੀਆਂ ਕੀਮਤਾਂ ’ਚ ਵੀ ਗਿਰਾਵਟ ਦਾ ਆਸਾਰ ਨਹੀਂ ਹੈ ਕਿਉਂਕਿ ਮੰਗ ਅਤੇ ਸਪਲਾਈ ਦੇ ਨਿਯਮ ਮੁਤਾਬਕ ਤੁਸੀਂ ਬਾਜ਼ਾਰ ਨੂੰ ਜ਼ਿਆਦਾ ਦੇਰ ਤੱਕ ਨਹੀਂ ਰੋਕ ਸਕਦੇ।
ਇੰਝ ਸਮਝੋ ਮੰਗ ਅਤੇ ਸਪਲਾਈ ਦਾ ਫਰਕ ਅਤੇ ਕੀਮਤ ਦੀ ਖੇਡ
ਆਇਰਨ ਓਰ ਦੀ ਵਧਦੀ ਮੰਗ
ਜਾਪਾਨ
ਇਹ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਦਰਾਮਦਕਾਰ ਹੈ।
ਜਾਪਾਨ ਨੇ ਅਪ੍ਰੈਲ ’ਚ 8.99 ਮਿਲੀਅਨ ਟਨ ਆਇਰਨ ਓਰ ਦੀ ਦਰਾਮਦ ਕੀਤੀ, ਇਹ ਸਤੰਬਰ 2019 ਤੋਂ ਬਾਅਦ ਸਭ ਤੋਂ ਜ਼ਿਆਦਾ ਦਰਾਮਦ ਹੈ।
ਦੱਖਣੀ ਕੋਰੀਆ
ਇਹ ਏਸ਼ੀਆ ਦਾ ਤੀਜਾ ਸਭ ਤੋਂ ਵੱਡਾ ਦਰਾਮਦਕਾਰ ਹੈ, ਇਸ ਨੇ ਮਾਰਚ ’ਚ 7.32 ਮਿਲੀਅਨ ਟਨ ਆਇਰਨ ਓਰ ਦੀ ਦਰਾਮਦ ਕੀਤੀ, ਇਹ ਅਕਤੂਬਰ 2015 ਤੋਂ ਬਾਅਦ ਸਭ ਤੋਂ ਵੱਧ ਹੈ। ਹਾਲਾਂਕਿ ਅਪ੍ਰੈਲ ’ਚ ਉਸ ਦੀ ਦਰਾਮਦ ਥੋੜੀ ਘੱਟ ਹੋ ਕੇ 6.79 ਮਿਲੀਅਨ ਟਨ ਰਹਿ ਗਈ ਪਰ ਅਪ੍ਰੈਲ ਦਾ ਸਟੀਲ ਨਿਰਮਾਣ ਰਿਕਾਰਡ ਪੱਧਰ ’ਤੇ ਰਿਹਾ।
ਯੂਰਪ
ਇਸ ਦਰਮਿਆਨ ਯੂਰਪ ਨੇ ਆਇਰਨ ਓਰ ਦਰਾਮਦ ’ਚ ਅਪ੍ਰੈਲ ’ਚ ਲਗਾਤਾਰ ਤੀਜੇ ਮਹੀਨੇ ਵਾਧਾ ਦਰਜ ਕੀਤਾ ਗਿਆ ਅਤੇ ਇਹ ਵਧ ਕੇ 8.71 ਮਿਲੀਅਨ ਟਨ ਪਹੁੰਚ ਗਈ।
ਮੰਗ ਦੀ ਬਜਾਏ ਸਪਲਾਈ ਘੱਟ
ਬ੍ਰਾਜ਼ੀਲ ਨੇ ਅਪ੍ਰੈਲ ਮਹੀਨੇ ’ਚ 25.75 ਮਿਲੀਅਨ ਟਨ ਦੀ ਸ਼ਿਪਿੰਗ ਕੀਤੀ ਹੈ ਅਤੇ ਇਹ ਮਾਰਚ ਦੇ 27.54 ਮਿਲੀਅਨ ਟਨ ਦੇ ਮੁਕਾਬਲੇ ਘੱਟ ਹੈ। ਪਿਛਲੇ ਸਾਲ ਅਗਸਤ-ਸਤੰਬਰ ਮਹੀਨੇ ’ਚ ਬ੍ਰਾਜ਼ੀਲ 34 ਤੋਂ 35 ਮਿਲੀਅਨ ਟਨ ਆਇਰਨ ਓਰ ਦੀ ਸਪਲਾਈ ਕਰ ਰਿਹਾ ਸੀ। ਲਿਹਾਜਾ ਇਹ ਆਪਣੇ ਉੱਚ ਪੱਧਰ ਤੋਂ ਕਰੀਬ 10 ਮਿਲੀਅਨ ਟਨ ਘੱਟ ਸਪਲਾਈ ਕਰ ਰਿਹਾ ਹੈ।
ਆਇਰਨ ਓਰ ਦੇ ਸਭ ਤੋਂ ਵੱਡੇ ਬਰਾਮਦਕਾਰ ਆਸਟ੍ਰੇਲੀਆ ਨੇ ਅਪ੍ਰੈਲ ’ਚ 71.28 ਮਿਲੀਅਨ ਟਨ ਆਇਰਨ ਓਰ ਦੀ ਸ਼ਿਪਿੰਗ ਕੀਤੀ ਹੈ ਅਤੇ ਇਹ ਮਾਰਚ ’ਚ ਉਸ ਦੇ ਵਲੋਂ ਕੀਤੀ ਗਈ 76.73 ਮਿਲੀਅਨ ਟਨ ਤੋਂ ਕਰੀਬ 5 ਮਿਲੀਅਨ ਟਨ ਘੱਟ ਹੈ। ਪੱਛਮੀ ਆਸਟ੍ਰੇਲੀਆ ਦੇ ਆਇਰਨ ਓਰ ਦੀ ਸਪਲਾਈ ਵਾਲੇ ਖੇਤਰ ’ਚ ਤੂਫਾਨ ਆਉਣ ਨਾਲ ਸਪਲਾਈ ਪ੍ਰਭਾਵਿਤ ਹੋਈ ਹੈ। ਹਾਲਾਂਕਿ ਮਈ ਮਹੀਨੇ ’ਚ ਆਸਟ੍ਰੇਲੀਆ ਤੋਂ ਹੋਣ ਵਾਲੀ ਬਰਾਮਦ ’ਚ ਵਾਧੇ ਦੀ ਉਮੀਦ ਹੈ ਪਰ ਇਹ 80 ਮਿਲੀਅਨ ਟਨ ਦੀ ਆਪਣੀ ਪੂਰੀ ਸਮਰੱਥਾ ਦੇ ਟੀਚੇ ਨੂੰ ਹਾਸਲ ਨਹੀਂ ਕਰ ਸਕੇਗਾ।
ਨਤੀਜਾ-ਮਤਲਬ ਸਪੱਸ਼ਟ ਹੈ ਕਿ ਕੀਮਤਾਂ ’ਤੇ ਕੰਟਰੋਲ ਤਾਂ ਹੀ ਹੋਵੇਗਾ ਜੇ ਆਇਰਨ ਓਰ ਦੀ ਸਪਲਾਈ ਆਪਣੇ ਉੱਚ ਪੱਧਰ ’ਤ ਪਹੁੰਚੇਗੀ ਅਤੇ ਚੀਨ ਆਪਣੇ ਸਟੀਲ ਨਿਰਮਾਣ ’ਚ ਕਮੀ ਕਰੇਗਾ। ਇਸ ਦਰਮਿਆਨ 2021 ’ਚ ਦੁਨੀਆ ਨੂੰ ਹੌਲੀ-ਹੌਲੀ ਮਿਲ ਰਹੀ ਮੁਕਤੀ ਇਕ ਅਹਿਮ ਭੂਮਿਕਾ ਅਦਾ ਕਰੇਗੀ। ਕੋਰੋਨਾ ਦਾ ਪ੍ਰਭਾਵ ਘੱਟ ਹੋਇਆ ਤਾਂ ਆਰਥਿਕਤਾ ਖੁੱਲ੍ਹੇਗੀ ਅਤੇ ਆਰਥਿਕਤਾ ਖੁੱਲ੍ਹੀ ਤਾਂ ਸਟੀਲ ਅਤੇ ਆਇਰਨ ਓਰ ਦੋਹਾਂ ਦੀ ਮੰਗ ਵਧੇਗੀ ਅਤੇ ਮੰਗ ਵਧੇਗੀ ਤਾਂ ਕੀਮਤਾਂ ਚੀਨ ਦੇ ਸਖਤੀ ਵਾਲੇ ਤਰੀਕੇ ਨਾਲ ਘੱਟ ਨਹੀਂ ਹੋ ਸਕਣਗੀਆਂ।