ਚਿਕਨ ਹਿਲਾ ਸਕਦੈ ਤੁਹਾਡਾ ਬਜਟ, ਇੰਨੀ ਵਧ ਹੋ ਗਈ ਹੈ ਕੀਮਤ

03/25/2019 1:59:57 PM

ਨਵੀਂ ਦਿੱਲੀ— ਚਿਕਨ ਦੇ ਸ਼ੌਕੀਨਾਂ ਨੂੰ ਹੁਣ ਜੇਬ ਢਿੱਲੀ ਕਰਨੀ ਪਵੇਗੀ। ਇਸ ਸੀਜ਼ਨ 'ਚ ਇਹ ਮਹਿੰਗਾ ਰਹਿਣ ਵਾਲਾ ਹੈ। ਉੱਥੇ ਹੀ, ਉਤਪਾਦਨ 'ਚ ਕਮੀ ਅਤੇ ਮੰਗ ਵਧਣ ਕਾਰਨ ਮਾਰਚ 'ਚ ਇਹ 50 ਫੀਸਦੀ ਤਕ ਮਹਿੰਗਾ ਵੀ ਹੋ ਚੁੱਕਾ ਹੈ। ਵਪਾਰਕ ਸੂਤਰਾਂ ਦਾ ਕਹਿਣਾ ਹੈ ਕਿ ਅੱਜ ਕੱਲ ਦਿੱਲੀ 'ਚ ਬਰੋਲਰ ਚਿਕਨ 94 ਰੁਪਏ ਕਿਲੋ ਵਿਕ ਰਿਹਾ ਹੈ, ਜੋ ਇਸ ਮਹੀਨੇ ਦੇ ਸ਼ੁਰੂ 'ਚ 62 ਰੁਪਏ ਸੀ। ਇਸ ਤਰ੍ਹਾਂ ਤਿੰਨ ਹਫਤਿਆਂ 'ਚ ਇਸ ਦੀ ਕੀਮਤ 50 ਫੀਸਦੀ ਤਕ ਵਧ ਗਈ ਹੈ। ਹੋਰ ਸ਼ਹਿਰਾਂ 'ਚ ਵੀ ਚਿਕਨ ਦੀ ਕੀਮਤ 35 ਫੀਸਦੀ ਤਕ ਵਧ ਗਈ ਹੈ। ਹੈਦਰਾਬਾਦ 'ਚ ਇਸ ਦੀ ਕੀਮਤ 105 ਰੁਪਏ ਕਿਲੋ ਹੋ ਗਈ ਹੈ, ਜੋ ਮਾਰਚ ਦੇ ਸ਼ੁਰੂ 'ਚ 78 ਰੁਪਏ ਪ੍ਰਤੀ ਕਿਲੋ ਸੀ। ਕਈ ਸ਼ਹਿਰਾਂ 'ਚ ਚਿਕਨ ਮਹਿੰਗਾ ਹੋ ਚੁੱਕਾ ਹੈ।

 

ਮੁਰਗੀ ਪਾਲਕਾਂ ਲਈ ਕੀਮਤਾਂ 'ਚ ਇਹ ਵਾਧਾ ਇਕ ਵੱਡੀ ਰਾਹਤ ਹੈ। ਇੰਨਾ ਹੀ ਨਹੀਂ ਘੱਟ ਉਤਪਾਦਨ ਦੇ ਨਾਲ-ਨਾਲ ਚਾਰੇ ਦੀ ਕੀਮਤ ਵਧਣ ਕਾਰਨ ਚਿਕਨ ਇਸ ਸੀਜ਼ਨ 'ਚ ਜੂਨ 2019 ਤਕ ਹੋਰ ਮਹਿੰਗਾ ਹੋ ਸਕਦਾ ਹੈ।
ਗੋਦਰੇਜ ਐਗਰੋਵੇਟ ਲਿਮਟਿਡ ਦੇ ਪ੍ਰਬੰਧਕ ਨਿਰਦੇਸ਼ਕ ਨੂੰ ਲੱਗਦਾ ਹੈ ਕਿ ਅਗਲੇ ਕੁਝ ਹਫਤਿਆਂ ਦੌਰਾਨ ਮੁੰਬਈ 'ਚ ਚਿਕਨ ਦੀ ਫਾਰਮ ਕੀਮਤ 84 ਰੁਪਏ ਦੇ ਮੌਜੂਦਾ ਪੱਧਰ ਤੋਂ ਵਧ ਕੇ 100 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਸਕਦੀ ਹੈ। ਉਨ੍ਹਾਂ ਕਿਹਾ ਕਿ ਚਾਰਾ ਮਹਿੰਗਾ ਹੋਣ ਕਾਰਨ ਚਿਕਨ ਦੀ ਕੀਮਤ 'ਚ ਉਛਾਲ ਆਉਣ ਦੀ ਸੰਭਾਵਨਾ ਹੈ। ਉਦਾਹਰਣ ਲਈ ਮੱਕੇ ਦੀ ਕੀਮਤ ਇਸ ਸਾਲ 50 ਫੀਸਦੀ ਵਧ ਕੇ 21-22 ਰੁਪਏ ਪ੍ਰਤੀ ਕਿਲੋ 'ਤੇ ਚੱਲ ਰਹੀ ਹੈ, ਜਦੋਂ ਕਿ ਪਿਛਲੇ ਸਾਲ ਇਸ ਦੌਰਾਨ ਕੀਮਤ 14-15 ਰੁਪਏ ਪ੍ਰਤੀ ਕਿਲੋ ਸੀ। ਇਸ ਦੇ ਇਲਾਵਾ ਸੋਇਆਬੀਨ ਦੀ ਕੀਮਤ 'ਚ ਵੀ ਤੇਜ਼ੀ ਆਈ ਹੈ। ਇਨ੍ਹਾਂ ਦੀ ਕੀਮਤ ਵਧਣ ਨਾਲ ਮੁਰਗੀ ਪਾਲਕਾਂ ਦੀ ਲਾਗਤ 4 ਰੁਪਏ ਪ੍ਰਤੀ ਕਿਲੋ ਤਕ ਵਧ ਚੁੱਕੀ ਹੈ, ਜਿਸ ਦਾ ਭਾਰ ਉਨ੍ਹਾਂ ਨੂੰ ਗਾਹਕਾਂ 'ਤੇ ਪਾਉਣਾ ਪਵੇਗਾ।


Related News