ਸੇਬੀ ਦੇ ਦੋਸ਼ਾਂ ਤੋਂ ਚੰਦਾ ਕੋਚਰ ਨੇ ਕੀਤਾ ਇਨਕਾਰ, ਆਪਣੇ ਹੱਕ ''ਚ ਦਿੱਤੀ ਸਫਾਈ
Thursday, Sep 06, 2018 - 11:53 AM (IST)

ਨਵੀਂ ਦਿੱਲੀ — ਆਚਾਰ ਸੰਹਿਤਾ(ਕੋਡ ਆਫ ਕੰਡਕਟ) ਦੀ ਪਾਲਣਾ ਨਾ ਕਰਨ ਅਤੇ ਹਿੱਤਾ ਦੇ ਟਕਰਾਅ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ICICI Bank ਦੀ CEO ਚੰਦਾ ਕੋਚਰ ਨੇ ਸਕਿਓਰਟੀਜ਼ ਅਤੇ ਭਾਰਤ ਦੇ ਐਕਸਚੇਂਜ ਬੋਰਡ(ਸੇਬੀ) ਵਲੋਂ ਲਗਾਏ ਗਏ ਦੋਸ਼ਾਂ ਦਾ ਖੰਡਨ ਕੀਤਾ ਹੈ। ਸੇਬੀ ਵਲੋਂ ਭੇਜੇ ਗਏ ਕਾਰਨ ਦੱਸੋ ਨੋਟਿਸ ਦੇ ਜਵਾਬ 'ਚ ਚੰਦਾ ਕੋਚਰ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਦੀਪਕ ਕੋਚਰ ਅਤੇ ਵੀਡੀਓਕਾਨ ਸਮੂਹ ਦੇ ਪ੍ਰਮੋਟਰ ਵੇਣੂਗੋਪਾਲ ਧੂਤ ਦੇ ਵਿਚਕਾਰ ਕਾਰੋਬਾਰੀ ਸੌਦੇ ਦੇ ਬਾਰੇ 'ਚ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਸੂਤਰਾਂ ਨੇ ਦੱਸਿਆ ਹੈ ਕਿ ਚੰਦਾ ਕੋਚਰ ਨੇ 30 ਸਫ਼ਿਆਂ ਦੇ ਆਪਣੇ ਜਵਾਬ 'ਚ ਵੱਖ-ਵੱਖ ਦੋਸ਼ਾਂ ਤੋਂ ਆਪਣਾ ਬਚਾਅ ਕਰਨ ਦੇ ਆਪਣੇ ਤਰਕ ਅਤੇ ਕਾਰਨ ਦੱਸੇ। ਰੈਗੂਲੇਟਰ ਹੁਣ ਕੋਚਰ ਅਤੇ ਬੈਂਕ ਦੇ ਪ੍ਰਤੀਨਿਧਿਆਂ ਨੂੰ ਨਿੱਜੀ ਤੌਰ 'ਤੇ ਸੁਣਵਾਈ ਲਈ ਬੁਲਾਏਗਾ।
ਚੰਦਾ ਕੋਚਰ ਨੇ ਦਿੱਤੀ ਇਹ ਸਫਾਈ
ਚੰਦਾ ਕੋਚਰ ਨੇ ਕਿਹਾ ਕਿ ਸਾਡੇ ਦੋਵਾਂ ਦਾ ਆਪਣਾ ਪੇਸ਼ੇਵਰ ਜੀਵਨ ਹੈ, ਅਜਿਹੇ 'ਚ ਉਹ ਆਪਣੇ ਕਾਰੋਬਾਰ ਦੀ ਗੁਪਤਤਾ ਨਿਯਮਾਂ ਦੁਆਰਾ ਬੱਝੇ ਹੋਏ ਸਨ। ਚੰਦਾ ਕੋਚਰ ਉਸ ਸਮੇਂ ਕਮੇਟੀ ਦੀ ਚੇਅਰਪਰਸਨ ਨਹੀਂ ਸੀ। ਉਸ ਸਮੇਂ 12 ਮੈਂਬਰੀ ਕਮੇਟੀ ਦੇ ਚੇਅਰਮੈਨ ਕੇ.ਵੀ.ਕਾਮਤ ਸਨ। ਇਸ ਤੋਂ ਇਲਾਵਾ ICICI Bank ਨੇ 20 ਬੈਂਕਾਂ ਦੇ ਕਨਸੋਰਟੀਅਮ ਦੁਆਰਾ ਮਨਜ਼ੂਰ 400 ਬਿਲੀਅਨ ਰੁਪਿਆ ਦੇ ਇਕ ਹਿੱਸਾ(32.5 ਅਰਬ ਡਾਲਰ) ਦਾ ਕਰਜ਼ਾ ਦਿੱਤਾ। ਚੰਦਾ ਕੋਚਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਕਮੇਟੀ ਦਾ ਹਿੱਸਾ ਜ਼ਰੂਰ ਸੀ ਪਰ ਉਸ ਕੋਲ ਅਧਿਕਾਰ ਨਹੀਂ ਸਨ। ਕੋਚਰ ਨੇ ਇਹ ਵੀ ਦੱਸਿਆ ਕਿ ਵੀਡੀਓਕਾਨ ਦੇ ਕਰਜ਼ਾ ਅਲਾਟਮੈਂਟ ਮਾਮਲੇ ਦੀਆਂ 30 ਬੈਠਕਾਂ ਵਿਚੋਂ ਉਹ ਸਿਰਫ 8 ਬੈਠਕਾਂ ਵਿਚ ਹੀ ਸ਼ਾਮਲ ਹੋਈ ਸੀ।
ਇਸ ਦੇ ਨਾਲ ਹੀ ਕੋਚਰ ਨੇ ਦੱਸਿਆ ਕਿ ਵੀਡੀਓਕਾਨ ਸਮੂਹ 'ਤੇ ਹੁਣ 28.1 ਅਰਬ ਰੁਪਏ ਦਾ ਬਕਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਵੀਡੀਓਕਾਨ ਅਤੇ ICICI Bank ਦੇ ਵਿਚਕਾਰ 1985 ਤੋਂ ਹੀ ਕਾਰੋਬਾਰੀ ਸੰਬੰਧ ਹਨ ਅਤੇ ਉਹ 1984 'ਚ ਬੈਂਕ ਵਿਚ ਬਤੌਰ ਪ੍ਰਬੰਧਨ ਸਿਖਿਆਰਥੀ ਦੇ ਤੌਰ 'ਤੇ ਆਈ ਸੀ।
ਚੰਦਾ ਕੋਚਰ ਲੰਮੀ ਛੁੱਟੀ 'ਤੇ
ਵਰਤਮਾਨ ਸਮੇਂ 'ਚ ਚੰਦਾ ਕੋਚਰ ਜਾਂਚ ਪੂਰੀ ਹੋਣ ਤੱਕ ਅਣਮਿੱਥੇ ਸਮੇਂ ਲਈ ਛੁੱਟੀ 'ਤੇ ਹੈ। ਇਸ ਬਾਰੇ ਪੱਖ ਜਾਣਨ ਲਈ ICICI Bank ਨੂੰ ਈ-ਮੇਲ ਭੇਜਿਆ ਗਿਆ ਹੈ ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ।