ਚੰਦਾ ਕੋਚਰ ਤੇ ਦੀਪਕ ਕੋਚਰ ਅੱਜ ਫਿਰ ਪਹੁੰਚੇ ED ਦਫਤਰ, ਕੱਲ੍ਹ ਵੀ ਹੋਈ ਸੀ 8 ਘੰਟੇ ਪੁੱਛਗਿੱਛ

05/14/2019 12:13:52 PM

ਬਿਜ਼ਨੈੱਸ ਡੈਸਕ — ਮੰਗਲਵਾਰ ਨੂੰ ICICI Bank ਦੀ ਸਾਬਕਾ ਪ੍ਰਬੰਧਕ ਨਿਰਦੇਸ਼ਕ ਅਤੇ ਕਾਰਜਕਾਰੀ ਅਧਿਕਾਰੀ CEO ਚੰਦਾ ਕੋਚਰ ਅਤੇ ਉਸ ਦੇ ਪਤੀ ਦੀਪਕ ਕੋਚਰ ਇਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਦੇ ਦਫਤਰ ਪਹੁੰਚ ਗਏ ਹਨ। ਦਰਅਸਲ ਈ.ਡੀ. ਵਿਭਾਗ ਚੰਦਾ ਕੋਚਰ ਅਤੇ ਦੀਪਕ ਕੋਚਰ ਕੋਲੋਂ ICICI Bank-Videocon ਬੈਂਕ ਕਰਜ਼ਾ ਧੋਖਾਧੜੀ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਮਾਮਲੇ ਬਾਰੇ ਪੁੱਛਗਿੱਛ ਕਰ ਰਿਹਾ ਹੈ। ਸੋਮਵਾਰ ਨੂੰ ਈ.ਡੀ. ਨੇ ਚੰਦਾ ਕੋਚਰ ਅਤੇ ਉਨ੍ਹਾਂ ਦੇ ਪਤੀ ਦੀਪਕ ਕੋਚਰ ਕੋਲੋਂ 8 ਘੰਟੇ ਤੱਕ ਪੁੱਛਗਿੱਛ ਕੀਤੀ ਸੀ।
 

ਸੋਮਵਾਰ ਨੂੰ ਚੰਦਾ ਕੋਚਰ ਅਤੇ ਦੀਪਕ ਕੋਚਰ ਕੋਲੋਂ ਈ.ਡੀ. ਨੇ 11 ਵਜੇ ਪੁੱਛਗਿੱਛ ਕਰਨੀ ਸੀ, ਜਿਸ ਲਈ ਇਹ ਦੋਵੇਂ ਸਵੇਰੇ 10.35 ਵਜੇ ਹੀ ਪਹੁੰਚ ਗਏ। ਇਸ ਤੋਂ ਪਹਿਲਾਂ ਈ.ਡੀ. ਨੇ ਚੰਦਾ ਕੋਚਰ, ਉਨ੍ਹਾਂ ਦੇ ਪਰਿਵਾਰ ਅਤੇ ਵੀਡੀਓਕਾਨ ਸਮੂਹ ਦੇ ਵੇਨੁਗੋਪਾਲ ਧੂਤ ਦੇ ਮੁੰਬਈ ਅਤੇ ਓਰੰਗਾਬਾਦ ਠਿਕਾਣਿਆਂ 'ਤੇ ਛਾਪੇਮਾਰੀ ਵੀ ਕੀਤੀ ਸੀ।

ਰਾਜੀਵ ਕੋਚਰ ਕੋਲੋਂ ਵੀ ਕੀਤੀ ਗਈ ਸੀ ਪੁੱਛਗਿੱਛ

ਇਸ ਤੋਂ ਪਹਿਲਾਂ ਈ.ਡੀ. ਨੇ ਰਾਜੀਵ ਕੋਚਰ ਕੋਲੋਂ ਵੀ ਪੁੱਛਗਿੱਛ ਕੀਤੀ ਸੀ। ਜ਼ਿਕਰਯੋਗ ਹੈ ਕਿ ਰਾਜੀਵ ਕੋਚਰ ਚੰਦਾ ਦੇ ਪਤੀ ਦੀਪਕ ਕੋਚਰ ਦੇ ਭਰਾ ਹਨ। ਰਾਜੀਵ ਸਿੰਗਾਪੁਰ ਸਥਿਤ ਅਵਿਸਤਾ ਐਡਵਾਇਜ਼ਰੀ ਦੇ ਫਾਊਂਡਰ ਹਨ। ਰਾਜੀਵ ਕੋਚਰ ਕੋਲੋਂ ਸੀ.ਬੀ.ਆਈ. ਨੇ ICICI ਬੈਂਕ ਤੋਂ ਕਰਜ਼ੇ ਦੇ ਸੰਬੰਧ ਵਿਚ ਵੀਡੀਓਕਾਨ ਨੂੰ ਦਿੱਤੀ ਗਈ ਮਦਦ ਦੇ ਬਾਰੇ ਪੁੱਛਿਆ ਸੀ, ਜਿਹੜਾ ਕਿ ਮੁੱਖ ਪ੍ਰਮੋਟਰ ਵੇਨੁਗੋਪਾਲ ਧੂਤ ਦੇ ਸਮੂਹ ਨੂੰ 20 ਬੈਂਕਾਂ ਦੇ ਸਮੂਹ ਦੁਆਰਾ ਦਿੱਤੇ ਗਏ 400 ਬਿਲੀਅਨ ਕ੍ਰੈਡਿਟ ਦਾ ਹਿੱਸਾ ਸਨ।

ਕੀ ਹੈ ਪੂਰਾ ਮਾਮਲਾ?

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਸਾਲ ਦੀ ਸ਼ੁਰੂਆਤ 'ਚ ਚੰਦਾ ਕੋਚਰ, ਉਨ੍ਹਾਂ ਦੇ ਪਤੀ ਦੀਪਕ ਕੋਚਰ, ਧੂਤ ਅਤੇ ਹੋਰਾਂ ਦੇ ਖਿਲਾਫ ICICI ਬੈਂਕ ਵਲੋਂ ਵੀਡੀਓਕਾਨ ਸਮੂਹ ਨੂੰ 1,875 ਕਰੋੜ ਰੁਪਏ ਦੇ ਕਰਜ਼ੇ ਨੂੰ ਮਨਜ਼ੂਰੀ ਦੇਣ ਦੇ ਮਾਮਲੇ ਵਿਚ ਕਥਿਤ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੀ ਜਾਂਚ ਲਈ ਪੀ.ਐਮ.ਐਲ.ਏ. ਦੇ ਤਹਿਤ ਅਪਰਾਧਿਕ ਮਾਮਲਾ ਦਰਜ ਕੀਤਾ ਸੀ। ਇਸ ਤੋਂ ਬਾਅਦ ਈ.ਡੀ. ਨੇ ਸਬੂਤਾਂ ਲਈ ਇਕ ਮਾਰਚ ਨੂੰ ਛਾਪੇਮਾਰੀ ਵੀ ਕੀਤੀ ਸੀ।
 


Related News