PNB ਘੋਟਾਲਾ : CBI ਨੇ ਮੁੰਬਈ ਦੀ ਬ੍ਰੈਡੀ ਹਾਊਸ ਬ੍ਰਾਂਚ ਨੂੰ ਕੀਤਾ ਸੀਲ
Monday, Feb 19, 2018 - 10:31 AM (IST)
ਮੁੰਬਈ— ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਨੇ ਸੋਮਵਾਰ ਨੂੰ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੀ ਮੁੰਬਈ 'ਚ ਬ੍ਰੈਡੀ ਹਾਊਸ ਬ੍ਰਾਂਚ ਨੂੰ ਸੀਲ ਕਰ ਦਿੱਤਾ ਹੈ। ਪੀ. ਐੱਨ. ਬੀ. 'ਚ ਹੋਏ 11,400 ਦੇ ਘੋਟਾਲੇ ਨੂੰ ਇਸੇ ਬ੍ਰਾਂਚ 'ਚ ਅੰਜਾਮ ਦਿੱਤਾ ਗਿਆ ਸੀ। 11,400 ਕਰੋੜ ਰੁਪਏ ਦੇ ਘੋਟਾਲੇ 'ਚ ਸੀ. ਬੀ. ਆਈ. ਪਹਿਲਾਂ ਹੀ ਸ਼ਨੀਵਾਰ ਨੂੰ ਸਾਬਕਾ ਡਿਪਟੀ ਬ੍ਰਾਂਚ ਮੈਨੇਜਰ ਗੋਕੁਲਨਾਥ ਸ਼ੈਟੀ ਸਮੇਤ ਮਨੋਜ ਕਰਾਤ ਅਤੇ ਹੇਮੰਤ ਭੱਟ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਨ੍ਹਾਂ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ 14 ਦਿਨ ਯਾਨੀ 3 ਮਾਰਚ ਤਕ ਰਿਮਾਂਡ 'ਤੇ ਭੇਜਿਆ ਗਿਆ ਹੈ।
ਗੋਕੁਲਨਾਥ ਸ਼ੈਟੀ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਡਿਪਟੀ ਬ੍ਰਾਂਚ ਮੈਨੇਜਰ ਰਹਿੰਦੇ ਹੋਏ ਬਿਨਾਂ ਗਾਰੰਟੀ ਦੇ 'ਲੈਟਰ ਆਫ ਅੰਡਰਟੇਕਿੰਗ' (ਐੱਲ. ਓ. ਯੂ.) ਜਾਰੀ ਕੀਤੇ ਸਨ। ਇਹ ਐੱਲ. ਓ. ਯੂ. ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੀਆਂ ਕੰਪਨੀਆਂ ਨੂੰ ਜਾਰੀ ਕੀਤੇ ਗਏ ਸਨ। ਪੀ. ਐੱਨ. ਬੀ. 'ਚ ਇਹ ਘੋਟਾਲਾ 2011 ਤੋਂ ਚੱਲ ਰਿਹਾ ਸੀ, ਜੋ ਕਿ ਜਨਵਰੀ 2018 'ਚ ਫੜ੍ਹਿਆ ਗਿਆ। ਗੋਕੁਲਨਾਥ ਸ਼ੈਟੀ ਘੋਟਾਲੇਬਾਜ਼ਾਂ ਲਈ ਆਪਣੀ ਰਿਟਾਇਰਮੈਂਟ ਤਕ ਐੱਲ. ਓ. ਯੂ. ਜਾਰੀ ਕਰਦਾ ਰਿਹਾ। ਉੱਥੇ ਹੀ, ਦੇਸ਼ ਭਾਰ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਅਤੇ ਸੀ. ਬੀ. ਆਈ. ਵੱਲੋਂ ਘੋਟਾਲੇ 'ਚ ਸ਼ਾਮਲ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇ ਸਟੋਰਾਂ 'ਤੇ ਵੀ ਛਾਪੇ ਮਾਰੇ ਜਾ ਰਹੇ ਹਨ।