CBI ਨੇ ਦਰਜ ਕੀਤਾ ਆਮਰਪਾਲੀ ਖ਼ਿਲਾਫ਼ 230 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦਾ ਕੇਸ
Friday, May 20, 2022 - 03:47 PM (IST)
ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਆਮਰਪਾਲੀ ਲੇਜ਼ਰ ਵੈਲੀ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਅਤੇ ਇਸ ਦੇ ਡਾਇਰੈਕਟਰ ਅਨਿਲ ਸ਼ਰਮਾ ਅਤੇ ਕੁਝ ਹੋਰਾਂ ਖਿਲਾਫ 230 ਕਰੋੜ ਰੁਪਏ ਦੀ ਕਥਿਤ ਬੈਂਕ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
ਸੀਬੀਆਈ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੰਪਨੀ ਨੇ ਬੈਂਕ ਆਫ ਮਹਾਰਾਸ਼ਟਰ ਅਤੇ ਆਂਧਰਾ ਬੈਂਕ ਨਾਲ ਕਥਿਤ ਤੌਰ 'ਤੇ 230 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਐੱਫ.ਆਈ.ਆਰ. ਮੁਤਾਬਕ ਇਨ੍ਹਾਂ ਬੈਂਕਾਂ ਨੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਦੇ ਟੇਕ ਜ਼ੋਨ-4 ਖੇਤਰ ਵਿੱਚ 1.06 ਲੱਖ ਵਰਗ ਮੀਟਰ ਦੇ ਪਲਾਟ 'ਤੇ ਰਿਹਾਇਸ਼ੀ ਇਮਾਰਤ ਵਿਕਸਤ ਕਰਨ ਲਈ ਕਰਜ਼ਾ ਮਨਜ਼ੂਰ ਕੀਤਾ ਸੀ।
ਇਹ ਵੀ ਪੜ੍ਹੋ : ਹੁਣ ਨਹੀਂ ਖ਼ਰੀਦ ਸਕੋਗੇ Hyundai ਦੀ Santro, ਕੰਪਨੀ ਲਾਂਚ ਕਰੇਗੀ ਇਹ ਨਵੀਂ ਕਾਰ
ਕੰਪਨੀ ਕਰਜ਼ੇ ਦੀ ਅਦਾਇਗੀ ਕਰਨ ਵਿੱਚ ਅਸਫਲ ਰਹੀ, ਜਿਸ ਤੋਂ ਬਾਅਦ ਉਸਦੇ ਖਾਤੇ ਨੂੰ 31 ਮਾਰਚ, 2017 ਨੂੰ ਗੈਰ-ਕਾਰਗੁਜ਼ਾਰੀ ਸੰਪਤੀ ਘੋਸ਼ਿਤ ਕੀਤਾ ਗਿਆ। ਬੈਂਕ ਆਫ ਮਹਾਰਾਸ਼ਟਰ ਨੇ ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਹੈ ਕਿ ਇਸ ਰਵੱਈਏ ਨਾਲ ਬੈਂਕ ਨੂੰ 230.97 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।
ਆਮਰਪਾਲੀ ਗਰੁੱਪ ਦੇ ਫਲੈਟ ਖਰੀਦਦਾਰਾਂ ਦੇ ਇੱਕ ਸਮੂਹ ਨੇ ਨੋਇਡਾ ਅਤੇ ਗ੍ਰੇਟਰ ਨੋਇਡਾ ਖੇਤਰ ਵਿੱਚ ਵਾਅਦਾ ਕੀਤੇ ਫਲੈਟਾਂ ਦੀ ਸਮੇਂ ਸਿਰ ਡਿਲੀਵਰੀ ਨਾ ਹੋਣ 'ਤੇ ਸੁਪਰੀਮ ਕੋਰਟ ਵਿੱਚ ਸ਼ਿਕਾਇਤ ਕੀਤੀ ਸੀ। ਆਮਰਪਾਲੀ ਡਿਵੈਲਪਰਸ ਨੇ 42,000 ਫਲੈਟ ਵਿਕਸਿਤ ਕਰਨ ਅਤੇ ਵੇਚਣ ਦਾ ਵਾਅਦਾ ਕੀਤਾ ਸੀ।
ਇਸ ਮਾਮਲੇ 'ਚ ਸੁਪਰੀਮ ਕੋਰਟ ਨੇ ਕੰਪਨੀ ਦੀ ਵਿੱਤੀ ਸਥਿਤੀ ਦੀ ਸਮੀਖਿਆ ਕਰਨ ਲਈ ਫੋਰੈਂਸਿਕ ਆਡਿਟ ਦਾ ਹੁਕਮ ਦਿੱਤਾ ਸੀ।
ਸੀਬੀਆਈ ਨੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 120-ਬੀ (ਅਪਰਾਧਿਕ ਸਾਜ਼ਿਸ਼) ਅਤੇ 420 (ਧੋਖਾਧੜੀ) ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦਾ ਤਕੜਾ ਝਟਕਾ, ਘਰੇਲੂ ਤੇ ਵਪਾਰਕ ਗੈਸ ਸਿਲੰਡਰ ਦੋਵੇਂ ਹੋਏ ਮਹਿੰਗੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।