PAN-ਆਧਾਰ ਲਿੰਕਿੰਗ ਨੂੰ ਲੈ ਕੇ ਆਇਆ ਨਵਾਂ ਫੈਸਲਾ, CBDT ਨੇ ਜਾਰੀ ਕੀਤੀ ਨੋਟੀਫਿਕੇਸ਼ਨ

02/18/2020 1:15:44 PM

ਨਵੀਂ ਦਿੱਲੀ — ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਵਾਉਣ ਦੀ ਆਖਰੀ ਤਾਰੀਕ 31 ਮਾਰਚ 2020 ਹੈ। ਜੇਕਰ ਤੁਸੀਂ ਇਸ ਤਾਰੀਕ ਤੱਕ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕਰਵਾਇਆ ਤਾਂ ਇਹ ਰੱਦ ਹੋ ਸਕਦਾ ਹੈ। ਪੈਨ-ਆਧਾਰ ਲਿੰਕ ਨਾ ਕਰਵਾਉਣ ਵਾਲਿਆਂ ਨੂੰ ਆਮਦਨ ਟੈਕਸ ਵਿਭਾਗ ਨੇ ਥੋੜ੍ਹੀ ਰਾਹਤ ਦਿੱਤੀ ਹੈ ਪਰ ਇਹ ਰਾਹਤ ਇਕ ਸ਼ਰਤ ਨਾਲ ਦਿੱਤੀ ਗਈ ਹੈ। ਹੁਣ ਤੱਕ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ(CBDT) ਲਿੰਕ ਕਰਵਾਉਣ ਦੀ ਤਾਰੀਕ ਨੂੰ 4 ਵਾਰ ਵਧਾ ਚੁੱਕਾ ਹੈ ਪਰ ਇਸ ਵਾਰ ਤਾਰੀਕ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ ਕਿਉਂਕਿ CBDT ਨੇ ਇਕ ਸ਼ਰਤ ਤੈਅ ਕਰ ਦਿੱਤੀ ਹੈ। ਸ਼ਰਤ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।

ਨੋਟੀਫਿਕੇਸ਼ਨ ਜਾਰੀ ਹੋਣ ਨਾਲ ਇਹ ਸਾਫ ਹੋ ਗਿਆ ਹੈ ਕਿ ਹੁਣ ਪੈਨ-ਆਧਾਰ ਲਿੰਕ ਕਰਵਾਉਣ ਦੀ ਤਾਰੀਕ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ।

ਕੀ ਹੈ ਸ਼ਰਤ?

ਸ਼ਰਤ ਇਹ ਹੋਵੇਗੀ ਕਿ 31 ਮਾਰਚ ਦੇ ਬਾਅਦ ਜਦੋਂ ਤੱਕ ਤੁਸੀਂ ਪੈਨ-ਆਧਾਰ ਲਿੰਕ ਨਹੀਂ ਕਰਵਾਉਂਦੇ ਉਸ ਸਮੇਂ ਤੱਕ ਇਸ ਨੂੰ ਰੱਦ ਮੰਨਿਆ ਜਾਵੇਗਾ। ਮਤਲਬ ਇਸਨੂੰ ਰੱਦ ਕੈਟੇਗਰੀ ਵਿਚ ਪਾ ਦਿੱਤਾ ਜਾਵੇਗਾ। ਲਿੰਕ ਕਰਵਾਉਣ ਦੇ ਬਾਅਦ ਹੀ ਪੈਨ ਕਾਰਡ ਵਾਪਸ ਆਪਰੇਸ਼ਨਲ ਹੋਵੇਗਾ। ਆਸਾਨ ਭਾਸ਼ਾ ਵਿਚ ਸਮਝੀਏ ਤਾਂ 31 ਮਾਰਚ ਦੇ ਬਾਅਦ ਪੈਨ-ਆਧਾਰ ਲਿੰਕ ਨਾ ਹੋਣ ਦੀ ਸਥਿਤੀ 'ਚ ਪੈਨ ਕਾਰਡ ਉਸ ਸਮੇਂ ਤੱਕ ਰੱਦ ਰਹੇਗਾ, ਜਦੋਂ ਤੱਕ ਇਹ ਆਧਾਰ ਨਾਲ ਲਿੰਕ ਨਹੀਂ ਹੁੰਦਾ। ਇਸ ਦੌਰਾਨ ਕਿਸੇ ਵੀ ਵਿੱਤੀ ਟਰਾਂਜੈਕਸ਼ਨ 'ਚ ਤੁਹਾਡੇ ਪੈਨ ਕਾਰਡ ਨੂੰ ਵੈਲਿਡ ਨਹੀਂ ਮੰਨਿਆ ਜਾਵੇਗਾ।

CBDT ਨੇ ਬਦਲਿਆ ਨਿਯਮ

CBDT ਨੇ ਹੁਣੇ ਜਿਹੇ ਇਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿਚ ਇਨਕਮ ਟੈਕਸ ਦੇ ਐਕਟ 1962 'ਚ ਕੁਝ ਬਦਲਾਅ ਕੀਤੇ ਗਏ ਹਨ। ਆਮਦਨ ਟੈਕਸ ਐਕਟ 1962 ਦੇ ਨਿਯਮ 114ਏਏ 'ਚ ਸਬ ਸੈਕਸ਼ਨ 114ਏਏਏ ਜੋੜਿਆ ਗਿਆ ਹੈ। ਨਵੇਂ ਨਿਯਮ ਵਿਚ ਜੇਕਰ ਕੋਈ ਟੈਕਸ ਦਾਤਾ 31 ਮਾਰਚ 2020 ਤੱਕ ਆਪਣਾ ਪੈਨ-ਆਧਾਰ ਨੰਬਰ ਲਿੰਕ ਨਹੀਂ ਕਰਵਾਉਂਦਾ ਤਾਂ ਉਸ 'ਤੇ ਇਹ ਨਵਾਂ ਨਿਯਮ ਲਾਗੂ ਹੋਵੇਗਾ। CBDT ਦੀ ਨੋਟੀਫਿਕੇਸ਼ਨ ਮੁਤਾਬਕ 1 ਜੁਲਾਈ 2017 ਤੱਕ ਜਿਹੜੇ ਲੋਕਾਂ ਨੂੰ ਪੈਨ ਕਾਰਡ ਵੰਡੇ ਗਏ ਸਨ ਉਨ੍ਹਾਂ ਲਈ 31 ਮਾਰਚ 2020 ਤੱਕ ਆਧਾਰ ਕਾਰਡ ਨਾਲ ਲਿੰਕ ਕਰਵਾਉਣਾ ਜ਼ਰੂਰੀ ਹੈ। ਲਿੰਕ ਨਾ ਕਰਵਾਉਣ ਵਾਲੇ ਦੇ ਪੈਨ ਕਾਰਡ 31 ਮਾਰਚ ਦੇ ਬਾਅਦ ਰੱਦ ਕਰ ਦਿੱਤੇ ਜਾਣਗੇ। ਹਾਲਾਂਕਿ ਲਿੰਕ ਕਰਵਾਉਣ ਦੇ ਬਾਅਦ ਇਨ੍ਹਾਂ ਕਾਰਡ ਨੂੰ ਦੁਬਾਰਾ ਆਪਰੇਟਿਵ ਕਰ ਦਿੱਤਾ ਜਾਵੇਗਾ।


Related News