ਹਵਾਈ ਯਾਤਰਾ ਲਈ ਕੋਵਿਡ ਨੈਗੇਟਿਵ ਰਿਪੋਰਟ ਨੂੰ ਲੈ ਕੇ ਬਦਲ ਸਕਦੈ ਨਿਯਮ
Monday, May 10, 2021 - 10:40 AM (IST)
ਨਵੀਂ ਦਿੱਲੀ- ਗਲੋਬਲ ਮਹਾਮਾਰੀ ਕਾਰਨ ਕਾਰੋਬਾਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਨਾਲ ਜੂਝ ਰਹੀਆਂ ਭਾਰਤੀ ਜਹਾਜ਼ ਕੰਪਨੀਆਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਹਵਾਈ ਯਾਤਰੀਆਂ ਲਈ ਕੋਵਿਡ ਨੈਗੇਟਿਵ ਰਿਪੋਰਟ ਦੀ ਜ਼ਰੂਰਤ ਖ਼ਤਮ ਕਰਨ ਦੀ ਮੰਗ ਕੀਤੀ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਇਸ ਦੀ ਜਗ੍ਹਾ ਫਿਟ-ਟੂ-ਫਲਾਈ ਪ੍ਰਮਾਣ ਪੱਤਰ ਦੀ ਵਿਵਸਥਾ ਲਾਗੂ ਕੀਤੀ ਜਾਣੀ ਚਾਹੀਦੀ ਹੈ, ਜਿਸ ਨੂੰ ਡਾਕਟਰ ਵੱਲੋਂ ਜਾਰੀ ਕੀਤਾ ਜਾਵੇ।
ਨਿੱਜੀ ਜਹਾਜ਼ ਕੰਪਨੀਆਂ ਅਤੇ ਸਰਕਾਰੀ ਕੰਪਨੀ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਸੂਬਾ ਸਰਕਾਰਾਂ ਨੂੰ ਇਸ ਤਰ੍ਹਾਂ ਦੀ ਬੇਨਤੀ ਕੀਤੀ ਹੈ। ਹਵਾਬਾਜ਼ੀ ਕੰਪਨੀਆਂ ਦਾ ਤਰਕ ਹੈ ਕਿ ਦੇਸ਼ ਦੇ ਕਿਸੇ ਵੀ ਮਹਾਨਗਰ ਵਿਚ ਆਰ. ਟੀ.-ਪੀ. ਸੀ. ਆਰ. ਜਾਂਚ ਦੀ ਰਿਪੋਰਟ 72 ਘੰਟੇ ਵਿਚ ਪਾਉਣਾ ਮੁਸ਼ਕਲ ਹੈ, ਜਿਸ ਦੀ ਵਜ੍ਹਾ ਨਾਲ ਲੋਕਾਂ ਨੂੰ ਯਾਤਰਾਵਾਂ ਰੱਦ ਕਰਨੀਆਂ ਪੈ ਰਹੀਆਂ ਹਨ।
ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ 'ਚ ਮਈ 'ਚ ਹੀ ਵੱਡਾ ਵਾਧਾ, ਪੰਜਾਬ 'ਚ 100 ਤੱਕ ਜਾਏਗਾ ਮੁੱਲ
ਇਸ ਤੋਂ ਇਲਾਵਾ ਜਹਾਜ਼ ਕੰਪਨੀਆਂ ਨੇ ਭਾਰਤੀ ਮੈਡੀਕਲ ਰਿਸਰਚ ਕੌਂਸਲ (ਆਈ. ਸੀ. ਐੱਮ. ਆਰ.) ਦੇ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਵੀ ਦਿੱਤਾ ਹੈ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਨੂੰ ਤਿੰਨ ਮਹੀਨਿਆਂ ਅੰਦਰ ਕੋਵਿਡ ਦੀ ਦੁਬਾਰਾ ਜਾਂਚ ਕਰਾਉਣ ਦੀ ਜ਼ਰੂਰਤ ਨਹੀਂ ਹੈ। ਹਵਾਬਾਜ਼ੀ ਕੰਪਨੀ ਦੇ ਇਕ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਦਿੱਲੀ, ਮੁੰਬਈ ਅਤੇ ਬੇਂਗਲੁਰੂ ਵਿਚ ਜਾਂਚ ਦੀ ਰਿਪੋਰਟ ਜਲਦ ਪਾਉਣਾ ਮੁਸ਼ਕਲ ਹੈ ਕਿਉਂਕਿ ਜਾਂਚ ਦਾ ਸਮਾਂ ਲੈਣ ਵਿਚ ਹੀ 48 ਘੰਟੇ ਲੱਗ ਜਾਂਦੇ ਹਨ। ਇਸ ਵਜ੍ਹਾ ਨਾਲ ਕਈ ਤੰਦਰੁਸਤ ਅਤੇ ਕੋਵਿਡ ਤੋਂ ਠੀਕ ਹੋ ਚੁੱਕੇ ਲੋਕ ਯਾਤਰਾ ਨਹੀਂ ਕਰ ਪਾਉਂਦੇ। ਇਸ ਨਾਲ ਉਦਯੋਗ ਨੂੰ ਨੁਕਸਾਨ ਹੋ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਯਾਤਰਾ ਲਈ ਡਾਕਟਰ ਵੱਲੋਂ ਉਡਾਣ ਲਈ ਫਿਟ ਪ੍ਰਮਾਣ ਪੱਤਰ ਦਿੱਤੇ ਜਾਣ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ- FD ਗਾਹਕਾਂ ਲਈ ਵੱਡੀ ਖ਼ਬਰ, ਸਾਲ ਦੇ ਡਿਪਾਜ਼ਿਟ 'ਤੇ ਇੱਥੇ ਇੰਨਾ ਬਣੇਗਾ ਪੈਸਾ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ