ਪੈਟਰੋਲ-ਡੀਜ਼ਲ ਕਾਰਾਂ ਦਾ ਉਤਪਾਦਨ ਵਧਾਉਣ ’ਤੇ 21 ਹਜ਼ਾਰ ਕਰੋੜ ਖਰਚ ਕਰਨਗੀਆਂ ਆਟੋ ਕੰਪਨੀਆਂ
Wednesday, Nov 16, 2022 - 01:53 PM (IST)
ਆਟੋ ਡੈਸਕ– ਇਲੈਕਟ੍ਰਿਕ ਕਾਰਾਂ ਭਵਿੱਖ ਦਾ ਟ੍ਰਾਂਸਪੋਰਟ ਹੋ ਸਕਦੀਆਂ ਹਨ ਪਰ ਪੈਟਰੋਲ-ਡੀਜ਼ਲ ਕਾਰਾਂ ਦੀ ਮੰਗ ਘੱਟ ਨਹੀਂ ਹੋਈ। ਵੱਡੀਆਂ ਘਰੇਲੂ ਕੰਪਨੀਆਂ ਪਾਰੰਪਰਿਕ ਕਾਰਾਂ ਦਾ ਉਤਪਾਦ ਵਧਾਉਣ ’ਤੇ 21 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰਨ ਵਾਲੀਆਂ ਹਨ।
ਮਾਰੂਤੀ ਸੁਜ਼ੂਕੀ, ਟਾਟਾ ਮੋਟਰਸ, ਮਹਿੰਦਰਾ ਐਂਡ ਮਹਿੰਦਰਾ, ਕੀਆ ਮੋਟਰਸ, ਹੁੰਡਈ, ਟੌਇਟਾ ਵਰਗੀਆਂ ਕੰਪਨੀਆਂ ਪੈਟਰੋਲ-ਡੀਜ਼ਲ ਕਾਰਾਂ ਦਾ ਉਤਪਾਦਨ ਵਧਾਉਣ ’ਚ ਜੁਟੀਆਂ ਹਨ। ਅਜਿਹੀਆਂ ਕਾਰਾਂ ਦੀ ਮੰਗ ਦਾ ਹਾਲ ਇਹ ਹੈ ਕਿ ਇਨ੍ਹਾਂ ਲਈ 20-22 ਮਹੀਨਿਆਂ ਦੀ ਵੇਟਿੰਗ ਚੱਲ ਰਹੀ ਹੈ। 8 ਲੱਖ ਤੋਂ ਜ਼ਿਆਦਾ ਕਾਰਾਂ ਦੀ ਡਿਲਿਵਰੀ ਪੈਂਡਿੰਗ ਹੈ। ਇਸ ਵਿਚ 99 ਫੀਸਦੀ ਪੈਟਰੋਲ-ਡੀਜ਼ਲ ਕਾਰਾਂ ਹਨ। ਇਸ ਲਈ ਮਾਰੂਤੀ-ਸੁਜ਼ੂਕੀ, ਟਾਟਾ ਮੋਟਰਸ ਅਤੇ ਮਹਿੰਦਰਾ ਦੇ ਚੀਫ ਫਾਈਨੈਂਸ਼ੀਅਲ ਅਫ਼ਸਰਾਂ ਦੇ ਮੁਤਾਬਕ, ਇਹ ਕੰਪਨੀਆਂ ਪੈਟਰੋਲ-ਡੀਜ਼ਲ ਕਾਰਾਂ ਦੀ ਉਤਪਾਦਨ ਸਮਰੱਥਾ ਵਧਾਉਣ ’ਤੇ ਕਰੀਬ 21 ਹਜ਼ਾਰ ਕਰੋੜ ਰੁਪਏ ਖਰਚ ਕਰਨਗੀਆਂ।
ਲਗਾਤਾਰ ਵੱਧ ਰਹੀ ਐੱਸ.ਯੂ.ਵੀ. ਦੀ ਮੰਗ, ਤਿਆਰੀ ’ਚ ਕੰਪਨੀਆਂ
ਮਹਿੰਦਰਾ ਐਂਡ ਮਹਿੰਦਰਾ : ਅਗਲੇ ਇਕ-ਡੇਢ ਸਾਲ ’ਚ ਐੱਸ.ਯੂ.ਵੀ. ਮੈਨਿਊਫੈਕਚਰਿੰਗ ਸਮਰੱਥਾ ਵਧਾ ਕੇ ਸਾਲਾਨਾ 6 ਲੱਖ ਕਰੇਗੀ। ਅਜੇ ਕੰਪਨੀ ਹਰ ਸਾਲ 3-3.5 ਲੱਖ ਐੱਸ.ਯੂ.ਵੀ. ਬਣਾਉਂਦੀ ਹੈ। ਉਤਪਾਦਨ ਵਧਾਉਣ ਲਈ ਕੰਪਨੀ 3 ਸਾਲਾਂ ’ਚ 8,000 ਕਰੋੜ ਰੁਪਏ ਖਰਚ ਕਰੇਗੀ।
ਟਾਟਾ ਮੋਟਰਸ : ਉਤਪਾਦਨ ਸਮਰੱਥਾ ਸਾਲਾਨਾ 6 ਲੱਖ ਤੋਂ ਵੱਧ ਕੇ 9 ਲੱਖ ਕਰੇਗੀ। ਸਾਣੰਦ ਪਲਾਂਟ ਚਾਲੂ ਹੋਣ ਤੋਂ ਬਾਅਦ ਮਾਸਿਕ ਉਤਪਾਦਨ ਸਮਰੱਥਾ 25-30 ਹਜ਼ਾਰ ਵਧੇਗਾ। ਉਤਪਾਦਨ ਸਮਰੱਥਾ ਵਧਾਉਣ ’ਤੇ ਕੰਪਨੀ 6,000 ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ।
ਮਾਰੂਤੀ ਸੁਜ਼ੂਕੀ : ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਨੇ ਹਰਿਆਣਾ ’ਚ ਨਵੇਂ ਪਲਾਂਟ ਦੇ ਨਿਰਮਾਣ ਸਮੇਤ ਸਮਰੱਥਾ ਵਿਸਤਾਰ ਦੀਆਂ ਹੋਰ ਯੋਜਨਾਵਾਂ ਵੀ ਬਣਾਈਆਂ ਹਨ। ਇਨ੍ਹਾਂ ’ਤੇ 7,000 ਕਰੋੜ ਰੁਪਏ ਖਰਚ ਕੀਤੇ ਜਾਣਗੇ। ਕੰਪਨੀ ਪੈਟਰੋਲ-ਡੀਜ਼ਲ ਵੇਰੀਐਂਟ ’ਚ ਨਵੇਂ ਮਾਡਲ ਲਾਂਚ ਕਰੇਗੀ।
ਨਵੀਆਂ ਕਾਰਾਂ ਦੀ ਵਿਕਰੀ ’ਚ EV ਦੀ ਹਿੱਸੇਦਾਰੀ 1 ਫੀਸਦੀ ਵੀ ਨਹੀਂ
ਅਪ੍ਰੈਲ-ਸਤੰਬਰ ਵਿਚਕਾਰ ਦੇਸ਼ ’ਚ 18,142 EV ਵਿਕੀਆਂ। ਦੂਜੇ ਪਾਸੇ ਇਸੇ ਦੌਰਾਨ 19,36,740 ਕਾਰਾਂ ਵਿਕੀਆਂ। ਨਵੀਆਂ ਕਾਰਾਂ ਦੀ ਵਿਕਰੀ ’ਚ EV ਦੀ ਹਿੱਸੇਦਾਰੀ ਸਿਰਫ 0.93 ਫੀਸਦੀ ਰਹੀ।
ਓਧਰ ਅਮਰੀਕੀ ਬਾਜ਼ਾਰ ’ਚ ਮੁੱਖ ਧਾਰਾ ’ਚ ਆ ਰਹੀ EV
ਅਮਰੀਕਾ ’ਚ EV ਮੁੱਖ ਧਾਰਾ ’ਚ ਸ਼ਾਮਲ ਹੋ ਰਹੀ ਹੈ। ਪੈਟਰੋਲ-ਡੀਜ਼ਲ ਮਹਿੰਗਾ ਹੋਣ ਤੋਂ ਬਾਅਦ ਵੱਡੇ ਪੱਧਰ ’ਤੇ ਲੋਕ EV ਅਪਣਾ ਰਹੇ ਹਨ। ਜਨਵਰੀ-ਸਤੰਬਰ ਵਿਚਕਾਰ EV ਦੀ ਵਿਕਰੀ 70 ਫੀਸਦੀ ਵਧੀ। ਨਵੀਆਂ ਕਾਰਾਂ ਦੀ ਵਿਕਰੀ ’ਚ ਵੀ EV ਦੀ ਹਿੱਸੇਦਾਰੀ ਇਕ ਸਾਲ ’ਚ ਦੁਗਣੀ ਹੋ ਗਈ ਹੈ। ਬੀਤੇ ਸਾਲ ਇਹ 2.9 ਫੀਸਦੀ ਸੀ, ਜੋ 5.6 ਫੀਸਦੀ ਹੋ ਗਈ ਹੈ।