ਡੀਲਰ, ਸ਼ੋਅਰੂਮ 'ਲਾਕਡਾਊਨ' ਰਹਿਣ ਨਾਲ ਚੱਕਰਾਂ 'ਚ ਕਾਰਾਂ ਦੀ ਪ੍ਰਾਡਕਸ਼ਨ
Monday, Apr 20, 2020 - 01:19 PM (IST)

ਨਵੀਂ ਦਿੱਲੀ : ਡੀਲਰ ਨੈੱਟਵਰਕ ਤੇ ਰਿਟੇਲ ਸ਼ੋਅਰੂਮ ਬੰਦ ਹੋਣ ਕਾਰਨ ਕਾਰ ਕੰਪਨੀਆਂ ਸਰਕਾਰ ਵੱਲੋਂ ਪ੍ਰਾਡਕਸ਼ਨ ਸ਼ੁਰੂ ਕਰਨ ਦੀ ਮਿਲੀ ਪ੍ਰਵਾਨਗੀ ਨੂੰ ਲੈ ਕੇ ਭੰਬਲਭੂਸੇ 'ਚ ਹਨ। ਪ੍ਰਾਡਕਸ਼ਨ ਸ਼ੁਰੂ ਨਾ ਕਰਨ ਦਾ ਵੱਡਾ ਕਾਰਨ ਇਹ ਹੈ ਕਿ ਮੌਜੂਦਾ ਸਮੇਂ ਕਾਰ ਕੰਪਨੀਆਂ ਕੋਲ ਕੁੱਲ ਮਿਲਾ ਕੇ ਲਗਭਗ 2.6-3 ਲੱਖ ਇਨਵੈਂਟਰੀ ਪਈ ਹੋਈ ਹੈ, ਜੋ ਮਹੀਨਾਵਾਰ ਵਿਕਰੀ ਦੀ ਤੁਲਨਾ 'ਚ ਵੀ ਜ਼ਿਆਦਾ ਹੈ।
ਮਾਰੂਤੀ ਸੁਜ਼ੂਕੀ, ਹੁੰਡਈ, ਟਾਟਾ ਤੇ ਮਹਿੰਦਰਾ ਐਂਡ ਮਹਿੰਦਰਾ ਸਮੇਤ ਲਗਭਗ ਸਾਰੇ ਯਾਤਰੀ ਵਾਹਨ ਨਿਰਮਾਤਾਵਾਂ ਕੋਲ ਇਸ ਸਮੇਂ ਉਨ੍ਹਾਂ ਦੀ ਮਾਰਚ ਵਿਕਰੀ ਨਾਲੋਂ ਵੱਧ ਇਨਵੈਂਟਰੀ ਪਈ ਹੈ। ਉਦਾਹਰਣ ਲਈ ਮਾਰੂਤੀ ਕੋਲ ਇਸ ਦੇ ਸਟਾਕਯਾਰਡ ਤੇ ਡੀਲਰ ਨੈੱਟਵਰਕ ਇਨਵੈਂਟਰੀ ਨੂੰ ਮਿਲਾ ਕੇ 1,30,000 ਯੂਨਿਟਸ ਪਏ ਹਨ, ਜਦੋਂ ਕਿ ਮਾਰਚ 'ਚ ਇਸ ਦੀ ਘਰੇਲੂ ਵਿਕਰੀ 78,344 ਯੂਨਿਟਸ ਰਹੀ ਸੀ।
ਉੱਥੇ ਹੀ, ਹੁੰਡਈ ਕੋਲ 26,300 ਕਾਰਾਂ ਦੀ ਮਾਰਚ ਵਿਕਰੀ ਦੇ ਮੁਕਾਬਲੇ 35,000 ਇਨਵੈਂਟਰੀ ਪਈ ਹੈ। ਟਾਟਾ ਮੋਟਰਜ਼ ਦੇ ਮਾਮਲੇ 'ਚ ਇਨਵੈਂਟਰੀ ਮਾਰਚ ਮਹੀਨੇ ਦੀ ਵਿਕਰੀ 5,714 ਦੇ ਮੁਕਾਬਲੇ ਲਗਭਗ 20,000 ਹੈ। ਮਹਿੰਦਰਾ ਤੇ ਮਹਿੰਦਰਾ ਦੀ ਇਨਵੈਂਟਰੀ ਲਗਭਗ 15,000 ਹੈ, ਜਦੋਂ ਕਿ ਮਾਰਚ ਦੀ ਵਿਕਰੀ 3,383 ਯੂਨਿਟਸ ਰਹੀ ਸੀ। ਹੌਂਡਾ ਕਾਰਸ ਦੇ ਮਾਮਲੇ 'ਚ ਇਨਵੈਂਟਰੀ 8,000 ਯੂਨਿਟਸ ਹੈ, ਜਦੋਂ ਕਿ ਮਾਰਚ ਦੀ ਵਿਕਰੀ 3,697 ਯੂਨਿਟਸ ਸੀ।
ਮਾਰੂਤੀ ਸੁਜ਼ੂਕੀ ਇੰਡੀਆ ਦੇ ਬੁਲਾਰੇ ਨੇ ਕਿਹਾ, “BS-VI ਲਈ ਅਸੀਂ ਬਹੁਤ ਪਹਿਲਾਂ ਤੋਂ ਤਿਆਰ ਸੀ ਤੇ ਹਰ ਮਹੀਨੇ ਇਕ ਮਾਡਲ ਲਿਆ ਰਹੇ ਸੀ। ਜਨਵਰੀ 2020 ਤੋਂ BS-IV ਦਾ ਉਤਪਾਦਨ ਬੰਦ ਕਰ ਦਿੱਤਾ ਸੀ। ਇਸ ਲਈ BS-IV ਦਾ ਕੋਈ ਸਟਾਕ ਨਹੀਂ ਹੈ। ਨੈੱਟਵਰਕ ਸਟਾਕ ਦੇ ਸੰਬੰਧ 'ਚ ਸਾਡੇ ਕੋਲ ਲਗਭਗ 1,30,000 ਕਾਰਾਂ ਹਨ।"
ਹੁੰਡਈ ਮੋਟਰ ਇੰਡੀਆ ਦੇ ਬੁਲਾਰੇ ਮੁਤਾਬਕ, “ਅਸੀਂ ਕਈ ਮਹੀਨੇ ਪਹਿਲਾਂ ਹੀ BS-IV ਕਾਰਾਂ ਬਣਾਉਣਾ ਬੰਦ ਕਰ ਦਿੱਤਾ ਸੀ ਤੇ ਸਿਰਫ BS-VI ਕਾਰਾਂ ਬਣਾ ਰਹੇ ਹਾਂ। ਸਾਡੇ ਕੋਲ ਪਲਾਂਟ 'ਚ BS-IV ਕਾਰਾਂ ਦੀ ਕੋਈ ਇਨਵੈਂਟਰੀ ਨਹੀਂ ਹੈ। ਜਿੱਥੇ ਤੱਕ BS-VI ਕਾਰਾਂ ਦੇ ਸਟਾਕ ਦੀ ਗੱਲ ਹੈ ਅਸੀਂ ਅਜੇ ਵੀ ਇਸ ਦੀ ਗਣਨਾ ਦੀ ਪ੍ਰਕਿਰਿਆ 'ਚ ਹਾਂ।”
ਉਦਯੋਗ ਦੇ ਅਧਿਕਾਰੀ, ਇਸ ਲਈ ਮਹਿਸੂਸ ਕਰਦੇ ਹਨ ਕਿ ਜੇਕਰ ਡੀਲਰ ਨੈੱਟਵਰਕ ਅਤੇ ਪ੍ਰਚੂਨ ਸ਼ੋਅਰੂਮਾਂ ਨੂੰ ਸੰਚਾਲਨ ਦੀ ਇਜਾਜ਼ਤ ਨਹੀਂ ਹੈ ਤਾਂ ਵਾਹਨਾਂ ਦਾ ਉਤਪਾਦਨ ਕਰਨਾ ਕੋਈ ਅਰਥ ਨਹੀਂ ਰੱਖਦਾ। ਜਿਵੇਂ ਕਿ ਮਾਰੂਤੀ ਸੁਜ਼ੂਕੀ ਇੰਡੀਆ ਦੇ ਚੇਅਰਮੈਨ ਆਰ. ਸੀ. ਭਾਰਗਵ ਕਹਿੰਦੇ ਹਨ, “ਕਿਸ ਲਈ ਉਤਪਾਦਨ ਕਰੀਏ?"