ਕੀਮਤਾਂ ਵਧਾਉਣ 'ਤੇ ਜ਼ੋਰ ਦੇ ਰਹੀਆਂ ਹਨ ਕਾਰ ਕੰਪਨੀਆਂ

Wednesday, Jan 18, 2023 - 04:16 PM (IST)

ਕੀਮਤਾਂ ਵਧਾਉਣ 'ਤੇ ਜ਼ੋਰ ਦੇ ਰਹੀਆਂ ਹਨ ਕਾਰ ਕੰਪਨੀਆਂ

ਨਵੀਂ ਦਿੱਲੀ- ਮਾਰੂਤੀ ਸੁਜ਼ੂਕੀ ਇੰਡੀਆ (ਐੱਮ.ਐੱਸ.ਆਈ.ਐੱਲ), ਟਾਟਾ ਮੋਟਰਜ਼, ਕੀਆ ਇੰਡੀਆ ਅਤੇ ਹੀਰੋ ਮੋਟੋਕਾਰਪ ਵਰਗੀਆਂ ਮੁੱਖ ਵਾਹਨ ਕੰਪਨੀਆਂ ਨੇ ਲਗਾਤਾਰ ਕੀਮਤਾਂ 'ਚ ਵਾਧਾ ਕੀਤਾ ਹੈ, ਭਾਵੇਂ ਹੀ ਜਿੰਸ ਕੀਮਤਾਂ 'ਚ ਪਿਛਲੇ ਕੁਝ ਮਹੀਨਿਆਂ ਤੋਂ ਨਰਮੀ ਆਈ ਹੈ। 
ਐੱਮ.ਐੱਸ.ਆਈ.ਐੱਲ ਨੇ ਘੋਸ਼ਣਾ ਕੀਤੀ ਹੈ ਕਿ ਉਨ੍ਹਾਂ ਨੇ ਆਪਣੇ ਮਾਡਲਾਂ ਦੀਆਂ ਕੀਮਤਾਂ ਸੋਮਵਾਰ ਤੋਂ 1.1 ਫੀਸਦੀ ਤੱਕ ਵਧਾ ਦਿੱਤੀਆਂ ਹਨ। ਵਧਦੇ ਲਾਗਤ ਦਬਾਅ, ਉੱਚੀ ਮੁਦਰਾਸਫੀਤੀ ਅਤੇ ਰੈਗੂਲੇਟਰੀ ਲੋੜਾਂ ਨੂੰ ਧਿਆਨ 'ਚ ਰੱਖਦੇ ਹੋਏ ਕੰਪਨੀ ਨੇ ਆਪਣੇ ਵਾਹਨਾਂ ਦੇ ਭਾਅ ਵਧਾਉਣ ਦੀ ਘੋਸ਼ਣਾ ਕੀਤੀ ਹੈ। ਪਿਛਲੇ ਸਾਲ 31 ਮਾਰਚ ਅਤੇ ਇਸ ਸਾਲ 13 ਜਨਵਰੀ ਦੇ ਵਿਚਾਲੇ ਐਲੂਮੀਨੀਅਮ , ਤਾਂਬਾ ਅਤੇ ਟਿਨ ਵਰਗੇ ਕੱਚੇ ਮਾਲ ਦੀਆਂ ਕੀਮਤਾਂ ਲੰਡਨ ਮੈਟਲ ਐਕਸਚੇਂਜ (ਐੱਲ.ਐੱਮ.ਈ) 'ਤੇ 28.3 ਫੀਸਦੀ ਅਤੇ 35.5 ਫੀਸਦੀ ਤੱਕ ਵਧੀ ਹੈ। ਹੁੰਡਈ ਮੋਟਰ ਇੰਡੀਆ ਨੇ 15 ਦਸੰਬਰ ਨੂੰ ਕਿਹਾ ਸੀ ਕਿ ਉਹ ਜਨਵਰੀ ਤੋਂ ਆਪਣੇ ਮਾਡਲਾਂ ਦੀਆਂ ਕੀਮਤਾਂ ਵਧਾਏਗੀ, ਕਿਉਂਕਿ ਉਤਪਾਦਨ ਲਾਗਤ 'ਚ ਵਾਧਾ ਹੋਇਆ ਹੈ। 
ਉੱਚੇ ਲਾਗਤ ਦਬਾਅ ਦੀ ਵਜ੍ਹਾ ਨਾਲ ਹੀਰੋ ਮੋਟੋਕਾਰਪ ਨੇ ਆਪਣੀ ਮੋਟਰਸਾਈਕਲਾਂ ਅਤੇ ਸਕੂਟਰਾਂ ਦੀਆਂ ਕੀਮਤਾਂ 'ਚ 1 ਦਸੰਬਰ ਤੋਂ 15,000 ਤੱਕ ਦਾ ਵਾਧਾ ਕੀਤਾ ਹੈ। ਕੀਆ ਇੰਡੀਆ ਨੇ ਆਪਣੇ ਮਾਡਲਾਂ ਦੀਆਂ ਕੀਮਤਾਂ ਜਨਵਰੀ 'ਚ 1 ਲੱਖ ਰੁਪਏ ਤੱਕ ਵਧਾਈਆਂ ਹਨ। ਰਿਲਾਇੰਸ ਸਕਿਓਰਟੀਜ਼ 'ਚ ਸੋਧ ਮੁਖੀ ਮਿਤੁਲ ਸ਼ਾਹ ਦਾ ਕਹਿਣਾ ਹੈ ਕਿ ਵਾਹਨ ਕੰਪਨੀਆਂ ਵਲੋਂ ਤਾਜ਼ਾ ਕੀਮਤ ਵਾਧਾ ਪਿਛਲੀ ਘੱਟ ਵਸੂਲੀ ਦੀ ਭਰਪਾਈ ਕਰਨ ਲਈ ਹੈ ਕਿਉਂਕਿ ਸ਼ੁਰੂ 'ਚ ਕੀਮਤ ਵਾਧਾ ਲਾਗਤ ਵਾਧੇ ਦੇ ਲਿਹਾਜ਼ ਨਾਲ ਉਚਿਤ ਨਹੀਂ ਸੀ। ਸ਼ਾਹ ਨੇ ਕਿਹਾ ਕਿ ਸਥਿਰ ਜਿੰਸ ਲਾਗਤ ਨੂੰ ਦੇਖਦੇ ਹੋਏ, ਆਉਣ ਵਾਲੇ ਮਹੀਨਿਆਂ 'ਚ ਕੀਮਤ ਵਾਧਾ ਉੱਚੀ ਊਰਜਾ ਲਾਗਤ ਅਤੇ ਹੋਰ ਮੁਦਰਾਸਫੀਤੀ ਲਾਗਤ ਦਬਾਅ ਦੀ ਭਰਪਾਈ ਕਰਨ ਦੇ ਲਿਹਾਜ਼ ਤੋਂ ਕਾਫ਼ੀ ਘੱਟ ਹੋਵੇਗੀ। 2023 'ਚ ਕੀਮਤ ਵਾਧੇ ਦੀ ਰਫਤਾਰ ਪਿਛਲੇ ਦੋ ਸਾਲ ਦੇ ਮੁਕਾਬਲੇ ਕਾਫ਼ੀ ਘੱਟ ਰਹੇਗੀ।
ਐੱਸ ਐਂਡ ਪੀ ਗਲੋਬਲ ਦੇ ਨਿਰਦੇਸ਼ਕ (ਮੋਬਿਲਿਟੀ) ਪੁਨੀਤ ਗੁਪਤਾ ਦਾ ਕਹਿਣਾ ਹੈ ਕਿ ਵਾਹਨ ਕੰਪਨੀਆਂ ਵਲੋਂ ਤਾਜ਼ਾ ਲਾਗਤ ਵਾਧਾ ਮੁੱਖ ਤੌਰ 'ਤੇ ਆਰ.ਡੀ.ਈ. ਮਾਨਕ ਵਰਗੇ ਰੇਗੂਲੇਟਰ ਬਦਲਾਵਾਂ ਕਾਰਨ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲਾਗਤ ਵਾਧਾ ਖ਼ਾਸ ਕਰਕੇ ਡੀਜ਼ਲ ਵਾਹਨ ਨੂੰ ਅਪਗ੍ਰੇਡ ਕੀਤੇ ਜਾਣ ਨਾਲ ਵੀ ਜੁੜਿਆ ਹੋਇਆ ਹੈ। ਪੈਟਰੋਲ ਵਾਹਨਾਂ 'ਤੇ, ਕੀਮਤ ਵਾਧਾ ਕਰੀਬ 20,000 ਰੁਪਏ ਰਹਿਣ ਦੀ ਸੰਭਾਵਨਾ ਹੈ। ਡੀਜ਼ਲ ਵਾਹਨਾਂ 'ਤੇ ਕੀਮਤ ਵਾਧਾ 65,000-70,000 ਰੁਪਏ ਦੇ ਆਲੇ-ਦੁਆਲੇ ਹੈ। ਇਸ ਲਈ ਮੂਲ ਉਪਕਰਨ ਨਿਰਮਾਤਾਵਾਂ (ਓ.ਈ.ਐੱਮ) 'ਤੇ ਇਸ ਦਾ ਕੁਝ ਅਸਰ ਦਿਖੇਗਾ।  


author

Aarti dhillon

Content Editor

Related News