ਕੇਨਰਾ ਬੈਂਕ ਦਾ ਤੀਜੀ ਤਿਮਾਹੀ ''ਚ ਸ਼ੁੱਧ ਮੁਨਾਫਾ 739 ਕਰੋੜ ਰੁਪਏ ਰਿਹਾ

01/27/2021 5:01:22 PM

ਨਵੀਂ ਦਿੱਲੀ- ਜਨਤਕ ਖੇਤਰ ਦੇ ਕੇਨਰਾ ਬੈਂਕ ਨੇ ਚਾਲੂ ਵਿੱਤੀ ਸਾਲ ਦੀ ਦਸੰਬਰ 2020 ਨੂੰ ਖ਼ਤਮ ਹੋਈ ਤੀਜੀ ਤਿਮਾਹੀ ਵਿਚ 739 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਦਰਜ ਕੀਤਾ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਬੈਂਕ ਨੂੰ 406.43 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। ਹਾਲਾਂਕਿ, ਸਿੰਡੀਕੇਟ ਬੈਂਕ ਦੇ ਕੇਨਰਾ ਬੈਂਕ ਵਿਚ ਰਲੇਵੇਂ ਦੀ ਵਜ੍ਹਾ ਨਾਲ ਇਨ੍ਹਾਂ ਨਤੀਜਿਆਂ ਦੀ ਤੁਲਨਾ ਪਿਛਲੇ ਵਿੱਤੀ ਸਾਲ ਦੀ ਤਿਮਾਹੀ ਨਾਲ ਨਹੀਂ ਕੀਤੀ ਜਾ ਸਕਦੀ।

ਸਿੰਡੀਕੇਟ ਬੈਂਕ ਦਾ ਰਲੇਵਾਂ ਕੇਨਰਾ ਬੈਂਕ ਵਿਚ 1 ਅਪ੍ਰੈਲ 202 ਤੋਂ ਪ੍ਰਭਾਵੀ ਹੋਇਆ ਹੈ। ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ ਵਿਚ ਬੈਂਕ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ ਵਿਚ ਉਸ ਦੀ ਏਕੀਕ੍ਰਿਤ ਕੁੱਲ ਆਮਦਨ ਵੱਧ ਕੇ 24,490.63 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ 15,531.80 ਕਰੋੜ ਰੁਪਏ ਰਹੀ ਸੀ।

ਬੈਂਕ ਨੇ ਕਿਹਾ ਕਿ 31 ਦਸੰਬਰ, 2019 ਅਤੇ 31 ਮਾਰਚ, 2020 ਦੇ ਤਿਮਾਹੀ ਨਤੀਜੇ ਰਲੇਵੇਂ ਤੋਂ ਪਹਿਲਾਂ ਕੇਨਰਾ ਬੈਂਕ ਦੇ ਹਨ, ਲਿਹਾਜਾ ਇਨ੍ਹਾਂ ਦੀ ਤੁਲਨਾ ਰਲੇਵੇਂ ਤੋਂ ਬਾਅਦ ਦੇ ਨਤੀਜਿਆਂ ਨਾਲ ਨਹੀਂ ਕੀਤੀ ਜਾ ਸਕਦੀ। ਉੱਥੇ ਹੀ, ਦਸੰਬਰ 2020 ਦੀ ਤਿਮਾਹੀ ਵਿਚ ਬੈਂਕ ਦਾ ਐੱਨ. ਪੀ. ਏ. 7.48 ਫ਼ੀਸਦੀ ਰਿਹਾ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ਵਿਚ 8.40 ਫ਼ੀਸਦੀ ਸੀ।
 


Sanjeev

Content Editor

Related News