ਮੁੰਬਈ ’ਚ ਥਾਂ ਦੀ ਘਾਟ ਕਾਰਨ ਸਾਈਕਲ ਟ੍ਰੈਕ ਨਹੀਂ ਬਣਾ ਸਕਦੇ : ਗਡਕਰੀ

Tuesday, Oct 18, 2022 - 06:37 PM (IST)

ਮੁੰਬਈ ’ਚ ਥਾਂ ਦੀ ਘਾਟ ਕਾਰਨ ਸਾਈਕਲ ਟ੍ਰੈਕ ਨਹੀਂ ਬਣਾ ਸਕਦੇ : ਗਡਕਰੀ

ਮੁੰਬਈ (ਭਾਸ਼ਾ) – ਕੇਂਦਰੀ ਵਿੱਤ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਵਿੱਤੀ ਰਾਜਧਾਨੀ ਮੁੰਬਈ ’ਚ ਥਾਂ ਦੀ ਘਾਟ ਕਾਰਨ ਸਾਈਕਲ ਟ੍ਰੈਕ ਬਣਾਉਣਾ ਮੁਸ਼ਕਲ ਹੈ। ਉਨ੍ਹਾਂ ਨੇ ਕਿਹਾ ਕਿ ਥਾਂ ਦੀ ਘਾਟ ਕਾਰਨ ਸੜਕਾਂ ਨੂੰ ਚੌੜਾ ਕਰਨਾ ਅਸੰਭਵ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਹਾਲਾਂਕਿ ਕਿਹਾ ਕਿ ਸਾਈਕਲ ਚਲਾਉਣ ਦੀਆਂ ਸਿਹਤਮੰਦ ਆਦਤਾਂ ਨੂੰ ਉਤਸ਼ਾਹਿਤ ਕਰਨਾ ਅਹਿਮ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਟੀਅਰ-2 ਅਤੇ ਟੀਅਰ-3 ਸ਼ਹਿਰਾਂ ’ਚ ਅਜਿਹੇ ਸਮਰਪਿਤ ਟ੍ਰੈਕ ਬਣਾ ਸਕਦੇ ਹਾਂ।

ਗਡਕਰੀ ਨੇ ਕਿਹਾ,‘‘ਅਸਲ ’ਚ, ਮੈਂ ਤੁਹਾਡੇ ਵਿਚਾਰ (ਸਾਈਕਲ ਟ੍ਰੈਕ) ਦਾ ਸਮਰਥਨ ਕਰ ਰਿਹਾ ਹਾਂ। ਪਰ ਮੇਰੀ ਵਿਵਹਾਰਿਕ ਸਮੱਸਿਆ ਇਹ ਹੈ ਕਿ ਸ਼ਹਿਰ ’ਚ ਸੜਕ ਦੀ ਚੌੜਾਈ ਵਧਾਉਣਾ ਬਹੁਤ ਮੁਸ਼ਕਲ ਹੈ। ਮੁੰਬਈ ’ਚ ਅਸੀਂ ਸਾਈਕਲ ਟ੍ਰੈਕ ਨਹੀਂ ਬਣਾ ਸਕਦੇ ਹਾਂ। ਉਨ੍ਹਾਂ ਨੇ ਫਿਲਿਪ ਕੈਪੀਟਲ ਵਲੋਂ ਸੋਮਵਾਰ ਸ਼ਾਮ ਇੱਥੇ ਆਯੋਜਿਤ ਸੰਸਥਾਗਤ ਨਿਵੇਸ਼ਕਾਂ ਨਾਲ ਇਕ ਇੰਟਰਐਕਟਿਵ ਬੈਠਕ ’ਚ ਇਹ ਗੱਲ ਕਹੀ। ਮੰਤਰੀ ਨੇ ਕਿਹਾ ਕਿ ਮੁੰਬਈ ’ਚ ਕਬਜ਼ੇ ਅਤੇ ਸਿਆਸੀ ਸਮੱਸਿਆਵਾਂ ਵੀ ਹਨ, ਜਿਨ੍ਹਾਂ ਕਰ ਕੇ ਸਾਈਕਲ ਟ੍ਰੈਕ ਬਣਾਉਣ ’ਚ ਦਿੱਕਤ ਪੇਸ਼ ਆਉਂਦੀ ਹੈ। ਗਡਕਰੀ ਦੀ ਇਹ ਟਿੱਪਣੀ ਮੁੰਬਈ ’ਚ ਬੇਹੱਦ ਅਭਿਲਾਸ਼ੀ 40 ਕਿਲੋਮੀਟਰ ਦੀ ਸਾਈਕਲ ਟ੍ਰੈਕ ਯੋਜਨਾ ਦੇ ਸ਼ੁਰੂ ਨਾ ਹੋਣ ਦੀਆਂ ਖਬਰਾਂ ਦਰਮਿਆਨ ਆਈ ਹੈ। ਗਡਕਰੀ ਨੇ ਕਿਹਾ ਕਿ ਉਹ ਨਾਗਪੁਰ ’ਚ ਇਕ ਸਾਈਕਲ ਟ੍ਰੈਕ ਦਾ ਨਿਰਮਾਣ ਕਰ ਰਹੇ ਹਨ।


author

Harinder Kaur

Content Editor

Related News