ਕੈਗ ਨੇ GST ਕੰਪੋਜ਼ੀਸ਼ਨ ਸਕੀਮ ’ਤੇ ਕੀਤਾ ਅਲਰਟ, ਕਿਹਾ- ਹਾਈ ਰਿਸਕ ਵਾਲੇ ਕਰਦਾਤਿਆਂ ’ਤੇ ਰੱਖੋ ਨਜ਼ਰ
Tuesday, Aug 20, 2024 - 11:45 AM (IST)
ਨਵੀਂ ਦਿੱਲੀ (ਭਾਸ਼ਾ) - ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਨੇ ਵਿੱਤ ਮੰਤਰਾਲਾ ਨੂੰ ਜੀ. ਐੱਸ. ਟੀ. ਕੰਪੋਜ਼ੀਸ਼ਨ ਸਕੀਮ ’ਚ ਹਾਈ ਰਿਸਕ ਵਾਲੇ ਕਰਦਾਤਿਆਂ (ਟੈਕਸਪੇਅਰ) ਦੀ ਸਮੇਂ-ਸਮੇਂ ’ਤੇ ਪਛਾਣ ਕਰਨ ਅਤੇ ਟੈਕਸ ਚੋਰੀ ਰੋਕਣ ਲਈ ਤੀਸਰੇ ਪੱਖ ਸਮੇਤ ਹੋਰ ਸਰੋਤਾਂ ਤੋਂ ਉਨ੍ਹਾਂ ਦੀ ਵਿਕਰੀ ਦੇ ਐਲਾਨੇ ਮੁੱਲ ਦੀ ਤਸਦੀਕ ਕਰਨ ਲਈ ਕਿਹਾ ਹੈ।
ਕੈਗ ਨੇ ਵਿੱਤੀ ਸਾਲ 2019-20 ਤੋਂ 2021-22 ਦੇ ਦਰਮਿਆਨ ਕੇਂਦਰੀ ਖੇਤਰ ਅਧਿਕਾਰ ਦੇ ਤਹਿਤ 8.66 ਲੱਖ ਕੰਪੋਜ਼ੀਸ਼ਨ ਕਰਦਾਤਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਦੇ ਆਧਾਰ ’ਤੇ ਕੈਗ ਨੇ ਪਾਇਆ ਕਿ ਵੱਡੀ ਗਿਣਤੀ ’ਚ ਜੀ. ਐੱਸ. ਟੀ. ਕਰਦਾਤਿਆਂ ਦੇ ਕੰਪੋਜ਼ੀਸ਼ਨ ਲੇਵੀ ਸਕੀਮ (ਸੀ. ਐੱਲ. ਐੱਸ.) ਲਈ ਕਾਰੋਬਾਰ ਹੱਦ ਪਾਰ ਕਰਨ ਦਾ ਹਾਈ ਰਿਸਕ ਹੈ। ਇਨ੍ਹਾਂ ਹਾਈ ਰਿਸਕ ਵਾਲੇ ਕਰਦਾਤਿਆਂ ਦੀ ਪਛਾਣ ਜੀ. ਐੱਸ. ਟੀ. ਰਿਟਰਨ ਵਰਗੇ ਜੀ. ਐੱਸ. ਟੀ. ਆਰ.-4ਏ, ਜੀ. ਐੱਸ. ਟੀ. ਆਰ.-7 ’ਚ ਸ਼ਾਮਲ ਡਾਟਾ ਦੇ ਨਾਲ-ਨਾਲ ਤੀਸਰੇ ਪੱਖ ਦੇ ਡਾਟਾ ਸਰੋਤਾਂ ਜਿਵੇਂ ਆਈ. ਟੀ. ਰਿਟਰਨ, ਵਾਹਨ ਡਾਟਾਬੇਸ ਆਦਿ ਦੇ ਆਡਿਟ ਨਾਲ ਕੀਤੀ ਗਈ ਸੀ।
ਆਡਿਟ ’ਚ ਪਾਇਆ ਗਿਆ ਕਿ ਕੁੱਝ ਸੀ. ਐੱਲ. ਐੱਸ. ਕਰਦਾਤੇ ਅਜਿਹੇ ਸਨ, ਜੋ ਕਾਨੂੰਨ ਅਤੇ ਨਿਯਮਾਂ ’ਚ ਨਿਰਧਾਰਤ ਯੋਗਤਾ ਮਾਪਦੰਡਾਂ ਨੂੰ ਪੂਰਾ ਨਾ ਕਰਨ ਦੇ ਬਾਵਜੂਦ ਯੋਜਨਾ ’ਚ ਬਣੇ ਹੋਏ ਸਨ ਅਤੇ ਵੱਡੀ ਗਿਣਤੀ ’ਚ ਸੀ. ਐੱਲ. ਐੱਸ. ਕਰਦਾਤਾ ਰਿਟਰਨ ਦਾਖਲ ਕਰਨ ਅਤੇ ਰਿਵਰਸ ਚਾਰਜ ਤਹਿਤ ਟੈਕਸ ਦਾ ਭੁਗਤਾਨ ਕਰਨ ਦੀਆਂ ਆਪਣੀਆਂ ਲਾਜ਼ਮੀ ਜ਼ਿੰਮੇਵਾਰੀਆਂ ਨਹੀਂ ਨਿਭਾਅ ਰਹੇ ਸਨ।