ਹੁਣ ਖਰੀਦ ਸਕਦੇ ਹੋ 4 ਕਿਲੋ ਤੱਕ ਸੋਨਾ, ਸਰਕਾਰ ਨੇ ਕੀਤਾ ਇਹ ਵੱਡਾ ਬਦਲਾਅ

07/27/2017 12:40:42 PM

ਨਵੀਂ ਦਿੱਲੀ—ਸਰਕਾਰ ਨੇ ਸਾਵਰੇਨ ਗੋਲਡ ਬਾਂਡ (ਐੱਸ. ਜੀ. ਬੀ. ) 'ਚ ਸਲਾਨਾ ਨਿਵੇਸ਼ ਦੀ ਵਿਅਕਤੀਗਤ ਸੀਮਾ ਵਧਾ ਕੇ ਚਾਰ ਕਿਲੋਗ੍ਰਾਮ ਪ੍ਰਤੀ ਵਿਅਕਤੀ ਸੋਨਾ ਕਰ ਦਿੱਤਾ ਹੈ, ਪਹਿਲਾਂ ਇਹ ਸੀਮਾ 500 ਗ੍ਰਾਮ ਸੀ। ਇਸ ਤੋਂ ਇਲਾਵਾ ਹੋਰ ਨਿਯਮਾਂ ਨੂੰ ਵੀ ਉਦਾਰ ਕੀਤਾ ਗਿਆ ਹੈ ਜਿਸ ਨਾਲ ਇਸ ਯੋਜਨਾ ਨੂੰ ਖਰੀਦਦਾਰਾਂ ਲਈ ਜ਼ਿਆਦਾ ਆਕਰਸ਼ਕ ਬਣਾਇਆ ਜਾ ਸਕੇ। 
ਗਿਰਵੀ ਰੱਖੇ ਬਾਂਡ ਨਹੀਂ ਹੋਣਗੇ ਸ਼ਾਮਲ
ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਜਾਰੀ ਅਧਿਕਾਰਿਕ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਸੀਮਾ ਵਿੱਤੀ ਸਾਲ ਦੇ ਆਧਾਰ 'ਤੇ ਹੋਵੇਗੀ। ਇਸ 'ਚ ਬਾਜ਼ਾਰ 'ਚ ਸੂਚੀਬੱਧ ਅਜਿਹੇ ਬਾਂਡਾਂ ਦੀ ਖਰੀਦ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਬਿਆਨ 'ਚ ਕਿਹਾ ਗਿਆ ਕਿ ਪ੍ਰਤੀ ਵਿੱਤੀ ਸਾਲ 'ਚ ਲੋਕਾਂ ਲਈ ਨਿਵੇਸ਼ ਦੀ ਸੀਮਾ ਨੂੰ 4 ਕਿਲੋਗ੍ਰਾਮ ਕੀਤਾ ਗਿਆ ਹੈ। ਹਿੰਦੂ ਪਰਿਵਾਰ (ਐੱਚ. ਯੂ. ਐੱਫ. ਲਈ ਵੀ ਇਹ ਸੀਮਾ 4 ਕਿਲੋਗ੍ਰਾਮ ਹੋਵੇਗੀ ਜਦਕਿ ਟਰੱਸਟਾਂ ਅਤੇ ਸਰਕਾਰ ਵਲੋਂ ਸਮੇਂ-ਸਮੇਂ 'ਤੇ ਅਧਿਸੂਚਿਤ ਇਸ ਤਰ੍ਹਾਂ ਦੀਆਂ ਇਕਾਈਆਂ ਲਈ ਇਹ ਸੀਮਾ 20 ਕਿਲੋਗ੍ਰਾਮ ਦੀ ਹੋਵੇਗੀ। ਨਿਵੇਸ਼ ਦੀ ਇਸ ਸੀਮਾ 'ਚ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਦੇ ਕੋਲ ਗਿਰਵੀ ਰੱਖੇ ਬਾਂਡ ਸ਼ਾਮਲ ਨਹੀਂ ਹੋਣਗੇ। 
ਕੀਤੇ ਗਏ ਕਈ ਬਦਲਾਅ 
ਇਸ 'ਚ ਕਿਹਾ ਗਿਆ ਕਿ ਐੱਸ. ਜੀ. ਬੀ. (ਇਕ ਟੈਪ) ਭਾਵ ਮੰਗ 'ਤੇ ਉਲੱਬਧ ਕਰਵਾਇਆ ਜਾਵੇਗਾ। ਵਿੱਤ ਮੰਤਰਾਲਾ ਨੈਸ਼ਨਲ ਸਟਾਕ ਐਕਸਚੇਂਜ, ਬੰਬਈ ਸ਼ੇਅਰ ਬਾਜ਼ਾਰ ਅਤੇ ਡਾਕ ਵਿਭਾਗ ਨਾਲ ਵਿਚਾਰ-ਵਟਾਂਦਰਾ ਕਰਕੇ ਇਸ ਸੁਵਿਧਾ ਦੇ ਤੌਰ ਤਰੀਕੇ ਨੂੰ ਆਖਰੀ ਰੂਪ ਦੇਵੇਗੀ। 
ਯੋਜਨਾ 'ਚ ਕੁਝ ਵਿਸ਼ੇਸ਼ ਬਦਲਾਅ ਕੀਤੇ ਗਏ ਹਨ ਜਿਸ ਨਾਲ ਇਸ ਨੂੰ ਜ਼ਿਆਦਾ ਆਕਰਸ਼ਕ ਬਣਾਇਆ ਜਾ ਸਕੇ, ਇਸ ਦੇ ਮਾਧਿਅਮ ਨਾਲ ਟੀਚੇ ਮੁਤਾਬਕ ਵਿੱਤ ਜੁਟਾਇਆ ਜਾ ਸਕੇ ਅਤੇ ਸੋਨੇ ਦੇ ਆਯਾਤ ਕਾਰਨ ਬਣੇ ਆਰਥਿਕ ਦਬਾਅ ਨੂੰ ਘੱਟ ਕੀਤਾ ਜਾ ਸਕੇ ਅਤੇ ਚਾਲੂ ਖਾਤੇ ਦੇ ਘਾਟੇ 'ਚ ਕਮੀ ਕੀਤੀ ਜਾ ਸਕੇ। 
ਵੱਖ-ਵੱਖ ਹੋਣਗੀਆਂ ਵਿਆਜ ਦਰਾਂ
ਵਿੱਤ ਮੰਤਰਾਲੇ ਨੂੰ ਐੱਸ. ਜੀ. ਬੀ. ਦੇ ਵੱਖ-ਵੱਖ ਐਡੀਸ਼ਨ ਤੈਅ ਕਰਕੇ ਪੇਸ਼ ਕਰਨ ਦਾ ਅਧਿਕਾਰ ਦਿੱਤਾ ਗਿਆ। ਇਨ੍ਹਾਂ 'ਚ ਵੱਖ-ਵੱਖ ਵਰਗਾਂ ਦੇ ਨਿਵੇਸ਼ਕਾਂ ਲਈ ਵੱਖ-ਵੱਖ ਵਿਆਜ ਦਰਾਂ ਅਤੇ ਖਤਰੇ ਸੁਰੱਖਿਆ ਦੇ ਪ੍ਰਬੰਧ ਹੋਣਗੇ। ਇਸ ਤਰ੍ਹਾਂ ਦੇ ਲਚੀਲੇਪਨ ਨਾਲ ਨਿਵੇਸ਼ ਦੇ ਨਵੇਂ-ਨਵੇਂ ਉਤਪਾਦਾਂ ਨਾਲ ਮੁਕਾਬਲੇ ਦੇ ਤੱਤਾਂ ਨੂੰ ਪ੍ਰਭਾਵੀ ਤਰੀਕੇ ਨਾਲ ਨਿਪਟਿਆ ਜਾ ਸਕੇਗਾ। ਸਰਕਾਰ ਨੇ ਐੱਸ. ਜੀ. ਬੀ. ਯੋਜਨਾ 5 ਨਵੰਬਰ 2015 ਨੂੰ ਅਧਿਸੂਚਿਤ ਕੀਤੀ ਸੀ। ਇਸ ਲਈ ਪਹਿਲੇ ਮੰਤਰੀ ਮੰਡਲ ਦੀ ਮਨਜ਼ੂਰੀ ਲਈ ਗਈ ਸੀ। ਇਸ ਦਾ ਮੁੱਖ ਉਦੇਸ਼ ਹਾਜ਼ਰ ਸੋਨੇ ਦੇ ਬਦਲਦੇ ਰੂਪ 'ਚ ਵਿੱਤੀ ਪਰਿਸੰਪਤੀ ਦਾ ਵਿਕਾਸ ਕਰਨਾ ਹੈ।


Related News