ਦੂਜੀ ਤਿਮਾਹੀ ’ਚ ਨਾਰਮਲ ਹੋਣ ਲੱਗਾ ਕਾਰੋਬਾਰ, ਗਹਿਣਿਆਂ ਦੀ ਵਿਕਰੀ ’ਚ ਤੇਜ਼ੀ :ਟਾਈਟਨ

Thursday, Oct 08, 2020 - 10:54 AM (IST)

ਦੂਜੀ ਤਿਮਾਹੀ ’ਚ ਨਾਰਮਲ ਹੋਣ ਲੱਗਾ ਕਾਰੋਬਾਰ, ਗਹਿਣਿਆਂ ਦੀ ਵਿਕਰੀ ’ਚ ਤੇਜ਼ੀ :ਟਾਈਟਨ

ਨਵੀਂ ਦਿੱਲੀ (ਭਾਸ਼ਾ) – ਟਾਟਾ ਸਮੂਹ ਦੀ ਕੰਪਨੀ ਟਾਈਟਨ ਨੇ ਬੁੱਧਵਾਰ ਨੂੰ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਉਸ ਦਾ ਕਾਰੋਬਾਰ ਨਾਰਮਲ ਹੋ ਗਿਆ ਹੈ। ਕੰਪਨੀ ਨੇ ਕਿਹਾ ਕਿ ਖਾਸ ਕਰ ਕੇ ਗਹਿਣਿਆਂ ਦੀ ਵਿਕਰੀ ’ਚ ਤੇਜ਼ੀ ਨਾਲ ਇਹ ਸੁਧਾਰ ਹੋਇਆ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਣ ਕੰਪਨੀ ਨੂੰ ਜੂਨ ਤਿਮਾਹੀ ’ਚ 297 ਕਰੋੜ ਰੁਪਏ ਦਾ ਅਸਿੱਧਾ ਘਾਟਾ ਹੋਇਆ ਹੈ। ਕੰਪਨੀ ਨੇ ਤਿਮਾਹੀ ਤੋਂ ਬਾਅਦ ਦਿੱਤੀਆਂ ਜਾਣ ਵਾਲੀਆਂ ਜਾਣਕਾਰੀਆਂ ’ਚ ਕਿਹਾ ਕਿ ਪਿਛਲੇ ਕੁਝ ਮਹੀਨੇ ਦੌਰਾਨ ਦੇਸ਼ ਭਰ ’ਚ ਪੜਾਅਬੱਧ ਤਰੀਕੇ ਨਾਲ ਪਾਬੰਦੀਆਂ ਹਟਾਏ ਜਾਣ ਕਾਰਣ ਕਾਰੋਬਾਰ ਦੇ ਮੋਰਚੇ ’ਤੇ ਕੰਪਨੀ ਦੇ ਪ੍ਰਦਰਸ਼ਨ ਦੇ ਉਭਰਨ ਦੀ ਪ੍ਰਕਿਰਿਆ ਜਾਰੀ ਹੈ।

ਉਸ ਨੇ ਕਿਹਾ ਕਿ ਖਪਤਕਾਰ ਨਵੇਂ ਹਾਲਾਤਾਂ ਨੂੰ ਸਵੀਕਾਰ ਕਰ ਰਹੇ ਹਨ ਅਤੇ ਉਹ ਨਾਰਮਲ ਸਰਗਰਮੀਆਂ ਵੱਲ ਪਰਤ ਰਹੇ ਹਨ। ਉਹ ਹੁਣ ਸਟੋਰ ਵੀ ਆ ਰਹੇ ਹਨ ਅਤੇ ਸਟੋਰ ’ਚ ਸਮਾਂ ਵੀ ਬਿਤਾ ਰਹੇ ਹਨ। ਕੰਪਨੀ ਨੇ ਕਿਹਾ ਕਿ ਉਹ ਹੁਣ ਤਿਓਹਾਰੀ ਸੈਸ਼ਨ ’ਚ ਵਧੀਆ ਪ੍ਰਦਰਸ਼ਨ ਕਰਨ ਨੂੰ ਤਿਆਰ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਤਿਓਹਾਰੀ ਸੈਸ਼ਨ ਨਾਲ ਬਾਜ਼ਾਰ ਦੀ ਧਾਰਨਾ ਮਜ਼ਬੂਤ ਹੋਵੇਗੀ। ਟਾਈਟਨ ਨੇ ਕਿਹਾ ਕਿ ਈ-ਵਣਜ ਦੇ ਮਾਧਿਅਮ ਰਾਹੀਂ ਵਿਕਰੀ ’ਚ ਤੇਜ਼ੀ ਆਈ ਹੈ। ਮਾਲ ਦੇ ਖੁੱਲ੍ਹਣ ਨਾਲ ਵੀ ਮਦਦ ਮਿਲੀ ਹੈ। ਵਿਕਰੀ ’ਚ ਸੁਧਾਰ ਹੋਣ ਦੇ ਨਾਲ ਹੀ ਕੰਪਨੀ ਨੇ ਨੈੱਟਵਰਕ ’ਚ ਵਿਸਤਾਰ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਗਹਿਣਾ ਇਕਾਈ ਨੇ ਕਾਰੋਬਾਰ ਨੂੰ ਉਭਾਰਨ ਦੀ ਅਗਵਾਈ ਕੀਤੀ ਹੈ। ਦੂਜੀ ਤਿਮਾਹੀ ਦੌਰਾਨ ਸਾਲ ਭਰ ਪਹਿਲਾਂ ਦੀ ਸਮਾਨ ਮਿਆਦ ਦੀ ਤੁਲਨਾ ’ਚ ਗਹਿਣਿਆਂ ਦੀ ਵਿਕਰੀ 98 ਫੀਸਦੀ ਤੱਕ ਉਭਰ ਚੁੱਕੀ ਹੈ।


author

Harinder Kaur

Content Editor

Related News