ਛੋਟੇ ਕਾਰੋਬਾਰੀਆਂ ਦੇ ਲਈ ਬੀਮਾ ਯੋਜਨਾ ਲਿਆਉਣ 'ਤੇ ਵਿਚਾਰ
Friday, Jan 11, 2019 - 05:15 PM (IST)

ਨਵੀਂ ਦਿੱਲੀ—ਆਮ ਚੋਣਾਂ ਤੋਂ ਪਹਿਲਾਂ ਸਰਕਾਰ ਜੀ.ਐੱਸ.ਟੀ. 'ਚ ਪੰਜੀਕ੍ਰਿਤ ਲੱਖਾਂ ਛੋਟੇ ਅਤੇ ਮੱਧ ਕਾਰੋਬਾਰੀਆਂ ਲਈ ਇਕ ਬੀਮਾ ਯੋਜਨਾ ਲਿਆਉਣ 'ਤੇ ਵਿਚਾਰ ਕਰ ਰਹੀ ਹੈ। ਇਸ ਯੋਜਨਾ ਦੇ ਰਾਹੀਂ ਸਰਕਾਰ ਛੋਟੇ ਕਾਰੋਬਾਰੀਆਂ ਦੀਆਂ ਵੱਖ-ਵੱਖ ਚਿੰਤਾਵਾਂ ਦਾ ਹੱਲ ਕਰਨਾ ਚਾਹੁੰਦੀ ਹੈ। ਸੂਤਰਾਂ ਮੁਤਾਬਕ ਇਸ ਯੋਜਨਾ ਦੇ ਤਹਿਤ ਕਾਰੋਬਾਰੀਆਂ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀ.ਐੱਮ.ਐੱਸ.ਬੀ.ਵਾਈ.) ਦੀ ਤਰਜ 'ਤੇ ਘੱਟ ਪ੍ਰੀਮੀਅਮ 'ਤੇ ਹਾਦਸਾ ਬੀਮਾ ਕਵਰ ਉਪਲੱਬਧ ਕਰਵਾਇਆ ਜਾ ਸਕਦਾ ਹੈ। ਇਹ ਯੋਜਨਾ ਉੱਤਰ ਪ੍ਰਦੇਸ਼ ਸਰਕਾਰ ਵਲੋਂ ਕਾਰੋਬਾਰੀਆਂ ਲਈ ਚਲਾਈ ਜਾ ਰਹੀ ਯੋਜਨਾ ਦੀ ਤਰਜ 'ਤੇ ਹੋ ਸਕਦੀ ਹੈ।
ਸੂਤਰਾਂ ਨੇ ਦੱਸਿਆ ਕਿ ਛੋਟੇ ਕਾਰੋਬਾਰੀਆਂ ਨੂੰ ਉਨ੍ਹਾਂ ਦੇ ਕਾਰੋਬਾਰ ਦੇ ਆਧਾਰ 'ਤੇ ਦਸ ਲੱਖ ਰੁਪਏ ਤੱਕ ਦਾ ਹਾਦਸਾ ਬੀਮਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੀ ਮਨਜ਼ੂਰੀ ਮਿਲਣ 'ਤੇ ਇਸ ਮਹੀਨੇ ਦੇ ਆਖੀਰ 'ਚ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਯੋਜਨਾ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਰਕਾਰ ਆਪਣੇ ਕਾਰੋਬਾਰ ਨੂੰ ਕੰਪਿਊਟਰੀਕ੍ਰਿਤ ਕਰਨ ਦੀ ਇੱਛਾ ਰੱਖਣ ਵਾਲਿਆਂ ਅਤੇ ਵਪਾਰ ਵਧਾਉਣ ਵਾਲਿਆਂ ਨੂੰ ਘਟ ਵਿਆਜ ਦਰ 'ਤੇ ਕਰਜ਼ ਦੇਣ ਦੀ ਯੋਜਨਾ 'ਤੇ ਵਿਚਾਰ ਕਰ ਰਹੀ ਹੈ।
ਸੂਤਰਾਂ ਨੇ ਦੱਸਿਆ ਕਿ ਮਹਿਲਾ ਉੱਦਮੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਵੀ ਇਕ ਵਿਸ਼ੇਸ਼ ਨੀਤੀ ਲਿਆਂਦੀ ਜਾ ਸਕਦੀ ਹੈ। ਸਰਕਾਰ ਨੇ ਇਸ ਤੋਂ ਪਹਿਲਾਂ 59 ਮਿੰਟ 'ਚ ਕਰਜ਼ ਦੇਣ ਦਾ ਵੀ ਐਲਾਨ ਕੀਤਾ ਹੈ। ਲੇਬਰ ਕਾਨੂੰਨਾਂ 'ਚ ਰਾਹਤ ਦਿੱਤੀ ਅਤੇ ਵਾਤਾਵਰਣ ਨਿਯਮਾਂ ਦੇ ਪਾਲਨ ਨੂੰ ਵੀ ਆਸਾਨ ਬਣਾਇਆ ਗਿਆ ਹੈ। ਛੋਟੇ ਉਦਯੋਗਾਂ ਲਈ ਕੰਪਨੀ ਕਾਨੂੰਨ 'ਚ ਵੀ ਕੁਝ ਬਦਲਾਅ ਕੀਤੇ ਗਏ ਹਨ। ਅਗਲੇ ਇਕ ਦੋ ਮਹੀਨੇ 'ਚ ਹੀ ਆਮ ਚੋਣਾਂ ਦਾ ਐਲਾਨ ਹੋਣ ਵਾਲਾ ਹੈ।