ਕਾਰੋਬਾਰੀ ਈਵੈਂਟਸ ਨੇ ਵਧਾਈ Hotel Industry ਦੀ ਚਮਕ: ਸਤੰਬਰ ’ਚ ਬੁਕਿੰਗ 36% ਵਧੀ, ਕਮਰਿਆਂ ਦੇ ਕਿਰਾਏ ਮਹਿੰਗੇ
Sunday, Sep 13, 2026 - 04:27 AM (IST)
ਬਿਜ਼ਨੈੱਸ ਡੈਸਕ : ਸਤੰਬਰ ਮਹੀਨਾ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ’ਚ ਹੋਟਲ ਕਾਰੋਬਾਰ ਲਈ ਬੇਹੱਦ ਮਸ਼ਰੂਫ ਸਾਬਤ ਹੋ ਰਿਹਾ ਹੈ। ਕਾਰਪੋਰੇਟ ਯਾਤਰਾਵਾਂ, ਸਰਕਾਰੀ ਸਰਗਰਮੀਆਂ, ਸੰਮੇਲਨਾਂ, ਪ੍ਰਦਰਸ਼ਨੀਆਂ ਅਤੇ ਹੋਰ ਵੱਡੇ ਆਯੋਜਨਾਂ ਕਾਰਨ ਹੋਟਲ ਕਮਰਿਆਂ ਦੀ ਮੰਗ ਤੇਜ਼ੀ ਨਾਲ ਵਧੀ ਹੈ। ਇਕ ਰਿਪੋਰਟ ਮੁਤਾਬਕ ਮਹੀਨੇ ਦੇ ਪਹਿਲੇ 8 ਦਿਨਾਂ ’ਚ ਹੋਟਲ ਬੁਕਿੰਗ 36 ਫੀਸਦੀ ਅਤੇ ਬੁਕਿੰਗ ਦੀ ਕੁੱਲ ਕੀਮਤ 82 ਫੀਸਦੀ ਵਧ ਗਈ। ਰੇਟਗੇਨ ਟ੍ਰੈਵਲ ਟੈਕਨਾਲੋਜੀਜ਼ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਭਾਨੂ ਚੋਪੜਾ ਮੁਤਾਬਕ ਲੋਕ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਕਮਰੇ ਅਤੇ ਲੰਬੇ ਸਮੇਂ ਲਈ ਬੁਕਿੰਗ ਕਰ ਰਹੇ ਹਨ। ਹੋਟਲ ਵੈੱਬਸਾਈਟਾਂ ’ਤੇ ਸਿੱਧੇ ਬੁਕਿੰਗ ਮੁਹੱਈਆ ਕਰਵਾਉਣ ਵਾਲੀ ਕੰਪਨੀ ਮੁਤਾਬਕ ਇਹ ਰੁਝਾਨ ਵੱਡੇ ਸੰਮੇਲਨਾਂ ਅਤੇ ਪ੍ਰਦਰਸ਼ਨੀਆਂ ਦੀ ਮੰਗ ਨੂੰ ਦਰਸਾਉਂਦਾ ਹੈ।
ਕਾਰਪੋਰੇਟ ਆਯੋਜਨਾਂ ’ਚ 20-30 ਫ਼ੀਸਦੀ ਦੀ ਤੇਜ਼ੀ
ਕੰਪਨੀਆਂ ਅਤੇ ਆਯੋਜਨਾਂ ਲਈ ਯਾਤਰਾ ਅਤੇ ਮਹਿਮਾਨ-ਨਿਵਾਜ਼ੀ ਪ੍ਰਬੰਧਨ ਸੇਵਾਵਾਂ ਦੇਣ ਵਾਲੀ ਕੋਟ੍ਰੈਵ ਦੇ ਸਹਿ-ਸੰਸਥਾਪਕ ਅਤੇ ਮੁੱਖ ਟੈਕਨਾਲੋਜੀ ਅਧਿਕਾਰੀ ਵਿਨੋਦ ਕੁਮਾਰ ਸਾਹ ਨੇ ਮੀਡੀਆ ਨੂੰ ਦੱਸਿਆ ਕਿ ਮੌਜੂਦਾ ਖਪਤਕਾਰਾਂ ਵੱਲੋਂ ਕਾਰਪੋਰੇਟ ਪ੍ਰੋਗਰਾਮ, ਐੱਮ. ਆਈ. ਸੀ. ਈ. ਅਤੇ ਯਾਤਰਾ ਸਰਗਰਮੀਆਂ 20 ਤੋਂ 30 ਫੀਸਦੀ ਵਧੀਆਂ ਹਨ। ਸਤੰਬਰ ’ਚ ਨਵੇਂ ਖਪਤਕਾਰਾਂ ਦੀ ਸਰਗਰਮੀ 50 ਫੀਸਦੀ ਵਧੀ ਹੈ ਅਤੇ ਸਤੰਬਰ 2025 ਦੇ ਮੁਕਾਬਲੇ ਕੁੱਲ ਕਾਰੋਬਾਰ 70 ਫੀਸਦੀ ਤੋਂ ਜ਼ਿਆਦਾ ਉੱਪਰ ਹੈ।
ਇਹ ਵੀ ਪੜ੍ਹੋ : BRICS Summit: PM ਮੋਦੀ ਨੇ ਸ਼ੀ ਜਿਨਪਿੰਗ ਨੂੰ ਦਿੱਤੇ 3 'ਮਿਊਚਲ' ਮੰਤਰ, 50 ਮਿੰਟ ਤੱਕ ਹੋਈ ਦੁਵੱਲੀ ਗੱਲਬਾਤ
ਹੋਟਲ ਕਿਰਾਇਆਂ ’ਚ ਵੀ ਆਇਆ ਉਛਾਲ
ਭਾਰਤ ’ਚ ਆਈਬਿਸ ਅਤੇ ਆਈਬਿਸ ਸਟਾਈਲਜ਼ ਹੋਟਲਾਂ ’ਚ ਮਹੀਨੇ ਦੇ ਪਹਿਲੇ 10 ਦਿਨਾਂ ਦੀ ਔਸਤ ਕਮਰੇ ਦੀ ਉਪਲਬਧਤਾ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 8-10 ਫੀਸਦੀ ਜ਼ਿਆਦਾ ਰਹੀ। ਉੱਥੇ ਹੀ ਔਸਤ ਪ੍ਰਤੀ ਦਿਨ ਦੇ ਕਿਰਾਏ ’ਚ 16-18 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਤੋਂ ਸਾਫ਼ ਹੈ ਕਿ ਵਧਦੀ ਮੰਗ ਦਾ ਸਿੱਧਾ ਅਸਰ ਹੋਟਲ ਕਿਰਾਇਆਂ ’ਤੇ ਪੈ ਰਿਹਾ ਹੈ।
ਦਿੱਲੀ-ਮੁੰਬਈ ’ਚ ਵੱਡੇ ਆਯੋਜਨਾਂ ਦਾ ਅਸਰ
ਮੁੰਬਈ ’ਚ 8 ਤੋਂ 11 ਸਤੰਬਰ ਤੱਕ ਆਯੋਜਿਤ ਗਲੋਬਲ ਫਿਨਟੈੱਕ ਫੈਸਟ 2026 ਨੇ ਹੋਟਲ ਕਮਰਿਆਂ ਦੀ ਮੰਗ ਵਧਾਈ ਹੈ। ਦਿੱਲੀ ’ਚ 17 ਤੋਂ 19 ਸਤੰਬਰ ਤੱਕ ਹੋਣ ਵਾਲੇ ਸੈਮੀਕਾਨ ਇੰਡੀਆ 2026 ਕਾਰਨ ਵੀ ਹੋਟਲ ਕਾਰੋਬਾਰ ’ਚ ਤੇਜ਼ੀ ਦੀ ਉਮੀਦ ਹੈ। ਉੱਥੇ ਹੀ ਬ੍ਰਿਕਸ ਸੰਮੇਲਨ ਕਾਰਨ ਦਿੱਲੀ ’ਚ ਪਹਿਲਾਂ ਹੀ ਹੋਟਲ ਕਿਰਾਇਆਂ ’ਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਕਲੀਅਰਟ੍ਰਿਪ ਅਨੁਸਾਰ ਦਿੱਲੀ ’ਚ ਲਗਜ਼ਰੀ ਹੋਟਲਾਂ ਦੀਆਂ ਦਰਾਂ ਪਿਛਲੇ ਸਾਲ ਦੇ ਮੁਕਾਬਲੇ 59 ਫੀਸਦੀ ਵਧੀਆਂ ਹਨ, ਜਦਕਿ 4 ਤਾਰਾ ਹੋਟਲਾਂ ’ਚ ਲਗਭਗ 113 ਫੀਸਦੀ ਦਾ ਉਛਾਲ ਆਇਆ ਹੈ। ਬਜਟ ਹੋਟਲ ਬੁਕਿੰਗ ਵੀ 138 ਫੀਸਦੀ ਵਧੀ ਹੈ। ਯਾਤਰਾ ਆਨਲਾਈਨ ਅਨੁਸਾਰ ਮੁੰਬਈ ’ਚ ਵਪਾਰਕ ਪ੍ਰਦਰਸ਼ਨੀਆਂ ਅਤੇ ਮੀਟਿੰਗਜ਼, ਇੰਸੈਂਟਿਵਜ਼, ਕਾਨਫਰੰਸਜ਼ ਐਂਡ ਐਗਜ਼ੀਬਿਸ਼ਨਜ਼ (ਐੱਮ. ਆਈ. ਸੀ. ਈ.) ਆਯੋਜਨਾਂ ਕਾਰਨ ਪ੍ਰਮੁੱਖ ਹੋਟਲਾਂ ਦੀ ਬੁਕਿੰਗ ਲਗਭਗ 5 ਫੀਸਦੀ ਵਧੀ ਹੈ।
ਇਹ ਵੀ ਪੜ੍ਹੋ : ਸਕੂਲ 'ਚ ਮੋਬਾਈਲ ਲਿਜਾਣ 'ਤੇ ਪਈਆਂ ਝਿੜਕਾਂ ਤਾਂ ਲੁਕ ਗਈਆਂ ਵਿਦਿਆਰਥਣਾਂ, ਪੁਲਸ ਨੇ ਅੱਧੀ ਰਾਤ ਨੂੰ ਲੱਭਿਆ
ਵਿਦੇਸ਼ ਦੀ ਬਜਾਏ ਭਾਰਤ ’ਚ ਆਯੋਜਨ ਦਾ ਵਧਿਆ ਰੁਝਾਨ
ਭਾਰਤੀ ਐੱਮ. ਆਈ. ਸੀ. ਈ. ਏਜੰਟਾਂ ਦੇ ਨੈੱਟਵਰਕ ਮੁਤਾਬਕ ਦੇਸ਼ ’ਚ ਐੱਮ. ਆਈ. ਸੀ. ਈ. ਦਰਾਂ ਸਾਲਾਨਾ ਆਧਾਰ ’ਤੇ 10-15 ਫੀਸਦੀ ਵਧੀਆਂ ਹਨ। ਵਿਦੇਸ਼ ’ਚ ਆਯੋਜਨ ਕਰਾਉਣ ਦੀ ਬਜਾਏ ਭਾਰਤ ’ਚ ਹੀ ਪ੍ਰੋਗਰਾਮ ਆਯੋਜਿਤ ਕਰਨ ਦੇ ਵਧਦੇ ਰੁਝਾਨ ਨਾਲ ਉਦੈਪੁਰ, ਜੈਪੁਰ, ਸ਼੍ਰੀਨਗਰ, ਮੁੰਬਈ, ਭੁਵਨੇਸ਼ਵਰ ਅਤੇ ਗੋਆ ਵਰਗੇ ਸੈਰ-ਸਪਾਟੇ ਵਾਲੇ ਸਥਾਨਾਂ ’ਚ ਵੀ ਹੋਟਲ ਕਿਰਾਇਆਂ ’ਚ ਹੋਰ ਵਾਧੇ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
