ਦੁਨੀਆ ਭਰ ''ਚ ਵਧੀ ਅਰਬਪਤੀਆਂ ਦੀ ਗਿਣਤੀ ! ਭਾਰਤੀਆਂ ਦੀ ਗਿਣਤੀ ਵਧਣ ਦੀ ਮੱਠੀ ਰਹੀ ਰਫ਼ਤਾਰ

Sunday, Sep 06, 2026 - 01:47 PM (IST)

ਦੁਨੀਆ ਭਰ ''ਚ ਵਧੀ ਅਰਬਪਤੀਆਂ ਦੀ ਗਿਣਤੀ ! ਭਾਰਤੀਆਂ ਦੀ ਗਿਣਤੀ ਵਧਣ ਦੀ ਮੱਠੀ ਰਹੀ ਰਫ਼ਤਾਰ

ਬਿਜ਼ਨੈੱਸ ਡੈਸਕ- ਅਲਟਰਾਟਾ ਵੱਲੋਂ ਜਾਰੀ ਕੀਤੀ ਗਈ ਤਾਜ਼ਾ 'ਬਿਲੀਨੇਅਰ ਸੈਂਸਸ ਰਿਪੋਰਟ' ਅਨੁਸਾਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਕ੍ਰਾਂਤੀ ਅਤੇ ਗਲੋਬਲ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਕਾਰਨ ਦੁਨੀਆ ਭਰ 'ਚ ਅਰਬਪਤੀਆਂ ਦੀ ਗਿਣਤੀ 'ਚ ਰਿਕਾਰਡ ਵਾਧਾ ਹੋਇਆ ਹੈ। ਹਾਲਾਂਕਿ, ਇਸ ਉਛਾਲ ਦੇ ਬਾਵਜੂਦ ਭਾਰਤੀ ਅਰਬਪਤੀਆਂ ਦੀ ਜਾਇਦਾਦ ਅਤੇ ਗਿਣਤੀ ਵਧਣ ਦੀ ਰਫ਼ਤਾਰ ਕਾਫ਼ੀ ਮੱਠੀ ਰਹੀ ਹੈ।

ਬੀਤੇ ਇੱਕ ਸਾਲ ਦੌਰਾਨ ਭਾਰਤ ਵਿੱਚ ਅਰਬਪਤੀਆਂ ਦੀ ਗਿਣਤੀ ਵਿੱਚ ਮਹਿਜ਼ 3.9 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਮੌਜੂਦਾ ਸਮੇਂ ਭਾਰਤ ਵਿੱਚ ਕੁੱਲ 132 ਅਰਬਪਤੀ ਹਨ, ਜਿਨ੍ਹਾਂ ਦੀ ਕੁੱਲ ਸੰਪਤੀ 454 ਅਰਬ ਡਾਲਰ ਹੈ। ਭਾਰਤ ਲਗਾਤਾਰ ਦੂਜੇ ਸਾਲ ਰੂਸ, ਸਿੰਗਾਪੁਰ ਅਤੇ ਜਰਮਨੀ ਵਰਗੇ ਦੇਸ਼ਾਂ ਤੋਂ ਪਿੱਛੇ ਰਿਹਾ ਹੈ।

ਭਾਰਤੀ ਅਰਬਪਤੀਆਂ ਦੀ ਗਿਣਤੀ ਵਧਣ ਦੀ ਮੱਠੀ ਰਫ਼ਤਾਰ ਪਿੱਛੇ ਕਈ ਕਾਰ ਹਨ। ਅਮਰੀਕੀ ਟੈਰਿਫ ਨੀਤੀਆਂ, ਵਪਾਰਕ ਰੁਕਾਵਟਾਂ, ਰੁਪਏ 'ਚ ਉਤਾਰ-ਚੜ੍ਹਾਅ ਅਤੇ ਭਾਰਤੀ ਸ਼ੇਅਰ ਬਾਜ਼ਾਰ 'ਚੋਂ ਅਰਬਪਤੀਆਂ ਦੇ ਪੋਰਟਫੋਲੀਓ ਨੂੰ ਮਿਲੇ ਘੱਟ ਰਿਟਰਨ ਨੇ ਭਾਰਤੀ ਅਮੀਰਾਂ ਦੀ ਰਫ਼ਤਾਰ 'ਤੇ ਬ੍ਰੇਕ ਲਗਾਈ ਹੈ।

ਇਸ ਸਮੇਂ ਅਮਰੀਕਾ 'ਚ ਸਭ ਤੋਂ ਵੱਧ 1,265 ਅਰਬਪਤੀ ਹਨ, ਜਦਕਿ ਇਸ ਤੋਂ ਬਾਅਦ ਚੀਨ (363), ਜਰਮਨੀ (221), ਰੂਸ (151) ਤੇ ਭਾਰਤ (132) ਦਾ ਨੰਬਰ ਆਉਂਦਾ ਹੈ। ਏ.ਆਈ. (AI) ਤਕਨਾਲੋਜੀ 'ਚ ਭਾਰੀ ਨਿਵੇਸ਼ ਦੇ ਦਮ 'ਤੇ ਗਲੋਬਲ ਪੱਧਰ 'ਤੇ ਅਰਬਪਤੀਆਂ ਦੀ ਗਿਣਤੀ 8.2 ਫ਼ੀਸਦੀ ਵਧ ਕੇ 3,795 ਦੀ ਰਿਕਾਰਡ ਸਿਖਰ 'ਚ ਪਹੁੰਚ ਗਈ ਹੈ। ਏ.ਆਈ. ਸੈਕਟਰ 'ਚ ਕੰਮ ਕਰਨ ਵਾਲੀਆਂ ਕੰਪਨੀਆਂ ਦੀ ਕਮਾਈ 'ਚ 23 ਫ਼ੀਸਦੀ ਦੀ ਤੇਜ਼ੀ ਦੇਖੀ ਗਈ ਹੈ।


author

Harpreet SIngh

Content Editor

Related News