1 ਅਕਤੂਬਰ ਤੋਂ ਬੰਦ ਹੋ ਜਾਣਗੇ ਇਨ੍ਹਾਂ ਲੋਕਾਂ ਦੇ ਰਾਸ਼ਨ ਕਾਰਡ! 21 ਸਤੰਬਰ ਹੈ ਡੈਡਲਾਈਨ
Tuesday, Sep 08, 2026 - 11:51 PM (IST)
ਝਾਰਖੰਡ : ਪਿਛਲੇ ਛੇ ਮਹੀਨਿਆਂ ਤੋਂ ਜਨਤਕ ਵੰਡ ਪ੍ਰਣਾਲੀ (PDS) ਦੀਆਂ ਦੁਕਾਨਾਂ ਤੋਂ ਅਨਾਜ ਨਾ ਲੈਣ ਵਾਲੇ ਲਾਭਪਾਤਰੀਆਂ ਦੇ ਰਾਸ਼ਨ ਕਾਰਡ 1 ਅਕਤੂਬਰ ਤੋਂ ਅਸਥਾਈ ਤੌਰ 'ਤੇ ਬੰਦ ਕੀਤੇ ਜਾ ਸਕਦੇ ਹਨ। ਅਜਿਹੇ ਕਾਰਡਧਾਰਕਾਂ, ਜਿਨ੍ਹਾਂ ਨੂੰ 'ਸਾਈਲੈਂਟ ਕਾਰਡਧਾਰਕ' ਕਿਹਾ ਜਾਂਦਾ ਹੈ, ਨੂੰ ਸਰਕਾਰ ਵੱਲੋਂ ਆਪਣੇ ਹਿੱਸੇ ਦਾ ਰਾਸ਼ਨ ਚੁੱਕਣ ਲਈ 21 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਉਹ ਇਸ ਮਿਤੀ ਤੱਕ ਰਾਸ਼ਨ ਲੈ ਲੈਂਦੇ ਹਨ, ਤਾਂ ਉਨ੍ਹਾਂ ਦੇ ਰਾਸ਼ਨ ਕਾਰਡ ਐਕਟਿਵ ਰਹਿਣਗੇ। ਇਸ ਸਬੰਧੀ ਝਾਰਖੰਡ ਸਰਕਾਰ ਵੱਲੋਂ ਜਲਦ ਹੀ ਅਧਿਕਾਰਤ ਸੂਚਨਾ ਜਾਰੀ ਕੀਤੀ ਜਾਵੇਗੀ ਤਾਂ ਜੋ ਲਾਭਪਾਤਰੀਆਂ ਨੂੰ ਸਮੇਂ ਸਿਰ ਜਾਣਕਾਰੀ ਮਿਲ ਸਕੇ।
ਇਹ ਫ਼ੈਸਲਾ ਹਾਲ ਹੀ ਵਿੱਚ ਦਿੱਲੀ ਵਿਖੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਨਾਲ ਜੁੜੇ ਮੁੱਦਿਆਂ 'ਤੇ ਹੋਈ ਖੁਰਾਕ ਸਕੱਤਰਾਂ ਦੀ ਬੈਠਕ ਦੌਰਾਨ ਲਿਆ ਗਿਆ ਹੈ। ਪ੍ਰਸ਼ਾਸਨਿਕ ਸੂਤਰਾਂ ਅਨੁਸਾਰ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਹਨ ਜਿਨ੍ਹਾਂ ਨੇ ਸਿਰਫ਼ 'ਆਯੁਸ਼ਮਾਨ ਭਾਰਤ' ਅਤੇ 'ਮੰਈਆਂ ਸਨਮਾਨ ਯੋਜਨਾ' ਵਰਗੀਆਂ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਹੀ ਰਾਸ਼ਨ ਕਾਰਡ ਬਣਵਾਏ ਹਨ, ਪਰ ਉਹ PDS ਦੁਕਾਨਾਂ ਤੋਂ ਰਾਸ਼ਨ ਨਹੀਂ ਚੁੱਕ ਰਹੇ। ਅਜਿਹੇ ਫਰਜ਼ੀ ਕਾਰਡਧਾਰਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਿਸਟਮ ਵਿੱਚੋਂ ਬਾਹਰ ਕੱਢਣ ਲਈ ਇਹ ਤਿਆਰੀ ਕੀਤੀ ਗਈ ਹੈ।
ਕੇਂਦਰੀ ਮੰਤਰਾਲੇ ਵੱਲੋਂ ਅਜਿਹੇ ਸਾਈਲੈਂਟ ਕਾਰਡਾਂ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਅਤੇ ਅਗਲੇ ਤਿੰਨ ਮਹੀਨਿਆਂ ਵਿੱਚ ਉਨ੍ਹਾਂ ਦੀ e-KYC ਕਰਵਾਉਣ ਸਬੰਧੀ ਗਜ਼ਟ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜੁਲਾਈ 2025 ਵਿੱਚ ਵੀ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਅਜਿਹੇ ਲਾਭਪਾਤਰੀਆਂ ਦੇ ਕਾਰਡ ਅਸਥਾਈ ਤੌਰ 'ਤੇ ਬੰਦ ਕਰਨ ਦੇ ਨਿਰਦੇਸ਼ ਦਿੱਤੇ ਸਨ। ਜਿਹੜੇ ਲਾਭਪਾਤਰੀ 21 ਸਤੰਬਰ ਤੱਕ e-KYC ਨਹੀਂ ਕਰਵਾਉਂਦੇ, ਉਨ੍ਹਾਂ ਨੂੰ 1 ਅਕਤੂਬਰ ਤੋਂ ਬਾਅਦ 1 ਜਨਵਰੀ 2027 ਤੱਕ (ਯਾਨੀ 3 ਮਹੀਨੇ ਦਾ ਸਮਾਂ) ਫੀਲਡ ਵੈਰੀਫਿਕੇਸ਼ਨ (ਜ਼ਮੀਨੀ ਪੜਤਾਲ) ਰਾਹੀਂ ਆਪਣੀ e-KYC ਪੂਰੀ ਕਰਵਾਉਣ ਦਾ ਮੌਕਾ ਦਿੱਤਾ ਜਾਵੇਗਾ।
