ਬਜਟ 2022 : ਦੋਪਹੀਆ ਵਾਹਨਾਂ ’ਤੇ ਜੀ. ਐੱਸ. ਟੀ. ਘਟਾ ਕੇ 18 ਫ਼ੀਸਦੀ ਕੀਤਾ ਜਾਵੇ : ਫਾਡਾ

Tuesday, Jan 18, 2022 - 10:53 AM (IST)

ਬਜਟ 2022 : ਦੋਪਹੀਆ ਵਾਹਨਾਂ ’ਤੇ ਜੀ. ਐੱਸ. ਟੀ. ਘਟਾ ਕੇ 18 ਫ਼ੀਸਦੀ ਕੀਤਾ ਜਾਵੇ : ਫਾਡਾ

ਨਵੀਂ ਦਿੱਲੀ (ਭਾਸ਼ਾ) - ਆਟੋਮੋਬਾਇਲ ਡੀਲਰਾਂ ਦੇ ਸੰਗਠਨ ਫਾਡਾ ਨੇ ਸਰਕਾਰ ਨੂੰ ਦੋਪਹੀਆ ਵਾਹਨਾਂ ’ਤੇ ਜੀ. ਐੱਸ. ਟੀ. ਦਰਾਂ ਨੂੰ ਘਟਾ ਕੇ 18 ਫ਼ੀਸਦੀ ਕਰਨ ਦੀ ਮੰਗ ਕੀਤੀ ਹੈ, ਤਾਕਿ ਇਸ ਸ਼੍ਰੇਣੀ ’ਚ ਮੰਗ ਪੈਦਾ ਕੀਤੀ ਜਾ ਸਕੇ। ਫੈੱਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ (ਫਾਡਾ) ਨੇ ਕਿਹਾ ਕਿ ਦੋਪਹੀਆ ਵਾਹਨ ਕੋਈ ਲਗਜ਼ਰੀ ਉਤਪਾਦ ਨਹੀਂ ਹੈ ਅਤੇ ਇਸ ਲਈ ਜੀ. ਐੱਸ. ਟੀ. ਦਰਾਂ ’ਚ ਕਮੀ ਦੀ ਜ਼ਰੂਰਤ ਹੈ।

ਫਾਡਾ ਦਾ ਦਾਅਵਾ ਹੈ ਕਿ ਉਹ 15,000 ਤੋਂ ਜ਼ਿਆਦਾ ਆਟੋਮੋਬਾਇਲ ਡੀਲਰਾਂ ਦੀ ਅਗਵਾਈ ਕਰਦਾ ਹੈ, ਜਿਨ੍ਹਾਂ ਕੋਲ ਲਗਭਗ 26,500 ਡੀਲਰਸ਼ਿਪ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਣ 1 ਫਰਵਰੀ ਨੂੰ ਵਿੱਤੀ ਸਾਲ 2022-23 ਦਾ ਆਮ ਬਜਟ ਸੰਸਦ ’ਚ ਪੇਸ਼ ਕਰੇਗੀ। ਫਾਡਾ ਨੇ ਕਿਹਾ ਕਿ ਦੋਪਹੀਆ ਵਾਹਨਾਂ ਦੀ ਵਰਤੋਂ ਐਸ਼ੋ-ਆਰਾਮ ਦੀ ਚੀਜ਼ ਦੇ ਰੂਪ ’ਚ ਨਹੀਂ, ਸਗੋਂ ਆਮ ਲੋਕਾਂ ਵੱਲੋਂ ਰੋਜ਼ਾਨਾ ਕੰਮਾਂ ਲਈ ਕੀਤੀ ਜਾਂਦੀ ਹੈ। ਫਾਡਾ ਨੇ ਅੱਗੇ ਕਿਹਾ, ‘‘ਇਸ ਲਈ 28 ਫੀਸਦੀ ਜੀ. ਐੱਸ. ਟੀ. ਦੇ ਨਾਲ 2 ਫ਼ੀਸਦੀ ਸੈੱਸ, ਜੋ ਲਗਜ਼ਰੀ ਉਤਪਾਦਾਂ ਲਈ ਹੈ, ਦੋਪਹੀਆ ਸ਼੍ਰੇਣੀ ਲਈ ਉਚਿਤ ਨਹੀਂ ਹੈ।’’ ਮੀਮੋ ’ਚ ਕਿਹਾ ਗਿਆ ਕਿ ਕੱਚੇ ਮਾਲ ’ਚ ਤੇਜ਼ੀ ਕਾਰਨ ਵਾਹਨਾਂ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਅਜਿਹੇ ’ਚ ਜੀ. ਐੱਸ. ਟੀ. ਦਰ ’ਚ ਕਮੀ ਨਾਲ ਲਾਗਤ ’ਚ ਵਾਧੇ ਦਾ ਮੁਕਾਬਲਾ ਕਰਨ ਅਤੇ ਮੰਗ ਨੂੰ ਵਧਾਉਣ ’ਚ ਮਦਦ ਮਿਲੇਗੀ।


author

Harinder Kaur

Content Editor

Related News