ਬਜਟ 2021 : ਸਸਤਾ ਹੋਵੇਗਾ ਸੋਨਾ ਕਸਟਮ ਡਿਊਟੀ ਘੱਟ ਕੇ 10 ਫ਼ੀਸਦੀ ਹੋਈ
Monday, Feb 01, 2021 - 12:52 PM (IST)
ਨਵੀਂ ਦਿੱਲੀ- ਸਰਕਾਰ ਨੇ 1 ਫਰਵਰੀ ਨੂੰ ਸੋਨੇ ਅਤੇ ਚਾਂਦੀ 'ਤੇ ਦਰਾਮਦ ਡਿਊਟੀ ਘਟਾ ਕੇ 10 ਫ਼ੀਸਦੀ ਕਰ ਦਿੱਤੀ। ਇਸ ਤੋਂ ਪਹਿਲਾਂ 12.5 ਫ਼ੀਸਦੀ ਦਰਾਮਦ ਡਿਊਟੀ ਲਗਾਈ ਜਾ ਰਹੀ ਸੀ। ਸਰਾਫ਼ਾ ਕਾਰੋਬਾਰੀ ਇਸ ਵਿਚ ਕਟੌਤੀ ਦੀ ਲਗਾਤਾਰ ਮੰਗ ਕਰ ਰਹੇ ਸਨ।
ਪ੍ਰਸਤਾਵਿਤ ਟੈਕਸ ਕਟੌਤੀ ਨਾਲ ਸੋਨੇ ਦੀ ਤਸਕਰੀ ਨੂੰ ਰੋਕਣ ਵਿਚ ਮਦਦ ਮਿਲੇਗੀ ਅਤੇ ਬਾਜ਼ਾਰ ਵਿਚ ਮੰਗ ਨੂੰ ਬੂਸਟ ਮਿਲੇਗਾ। ਸੋਨੇ ਅਤੇ ਹੀਰੇ ਦੇ ਗਹਿਣਿਆਂ ਦੇ ਵਪਾਰ ਦਾ ਦੇਸ਼ ਦੀ ਕੁੱਲ ਜੀ. ਡੀ. ਪੀ. ਵਿਚ 7.5 ਫ਼ੀਸਦੀ ਅਤੇ ਦੇਸ਼ ਦੀ ਕੁੱਲ ਬਰਾਮਦ ਵਿਚ 14 ਫ਼ੀਸਦੀ ਯੋਗਦਾਨ ਹੈ, ਇਹ ਖੇਤਰ 60 ਲੱਖ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ।
ਹਾਲਾਂਕਿ, ਕੋਰੋਨਾ ਮਹਾਮਾਰੀ ਕਾਰਨ 2020-21 ਵਿਚ ਇਸ ਇੰਡਸਟਰੀ ਨੇ ਸਭ ਤੋਂ ਵੱਡੀ ਮਾਰ ਝੱਲੀ ਹੈ।ਵਰਲਡ ਗੋਲਡ ਕੌਂਸਲ ਮੁਤਾਬਕ, ਸਾਲ 2020-21 ਵਿਚ ਕੌਮਾਂਤਰੀ ਬਾਜ਼ਾਰ ਵਿਚ ਕੀਮਤਾਂ ਵਿਚ ਭਾਰੀ ਉਛਾਲ ਕਾਰਨ ਭਾਰਤ ਵਿਚ ਸੋਨੇ ਦੀ ਦਰਾਮਦ ਸਾਲ 2019 ਦੀ 690.4 ਟਨ ਦੇ ਮੁਕਾਬਲੇ ਘੱਟ ਕੇ 446.4 ਟਨ ਰਹਿ ਗਈ। ਉੱਥੇ ਹੀ, ਗਹਿਣਿਆਂ ਦੀ ਮੰਗ 42 ਫ਼ੀਸਦੀ ਡਿੱਗੀ।