BSNL ਦਾ ਧਮਾਕਾ, ਕੰਪਨੀ ਨੇ ਖਤਮ ਕੀਤੇ Blackout Days
Monday, Dec 31, 2018 - 12:32 PM (IST)

ਗੈਜੇਟ ਡੈਸਕ– ਬੀ.ਐੱਸ.ਐੱਨ.ਐੱਲ. ਦੇ ਗਾਹਕਾਂ ਲਈ ਇਕ ਖੁਸ਼ਖਬਰੀ ਹੈ। ਕੰਪਨੀ ਨੇ ਆਪਣੇ ਗਾਹਕਾਂ ਲਈ ਨਵੇਂ ਸਾਲ ਦੇ ਮੌਕੇ ’ਤੇ ਬਲੈਕਆਊਟ ਡੇਜ਼ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਗਾਹਕਾਂ ਨੂੰ 31 ਦਸੰਬਰ ਅਤੇ 1 ਜਨਵਰੀ ਨੂੰ ਐੱਸ.ਐੱਮ.ਐੱਸ. ਅਤੇ ਕਾਲਿੰਗ ਲਈ ਵਾਧੂ ਭੁਗਤਾਨ ਨਹੀਂ ਦੇਣਾ ਹੋਵੇਗਾ। ਇਸ ਤੋਂ ਇਲਾਵਾ ਕੰਪਨੀ ਨੇ ਕਿਹਾ ਹੈ ਕਿ ਆਉਮ ਵਾਲੇ ਸਾਲ ਤੋਂ ਸਾਰੇ ਬਲੈਕਆਊਟ ਡੇਜ਼ ਖਤਮ ਕਰ ਦਿੱਤੇ ਹਨ। ਗਾਹਕ ਹੁਣ ਵੱਡੇ ਮੌਕਿਆਂ ਜਾਂ ਤਿਉਹਾਰਾਂ ’ਤੇ ਵੀ ਆਪਣੇ ਰੀਚਾਰਜ ਪੈਕਸ ਅਤੇ ਐੱਸ.ਐੱਮ.ਐੱਸ. ਪੈਕਸ ਦਾ ਲਾਭ ਲੈ ਸਕਣਗੇ।
ਕੀ ਹੈ ਬਲੈਕਆਊਟ ਡੇਜ਼
ਦੱਸ ਦੇਈਏ ਕਿ ਟੈਲੀਕਾਮ ਕੰਪਨੀਆਂ ਤਿਉਹਾਰਾਂ ਮੌਕੇ (ਜਿਵੇਂ- ਨਵਾਂ ਸਾਲ, ਦੀਵਾਲੀ, ਹੋਲੀ) ਨੂੰ ਬਲੈਕਆਊਟ ਡੇਜ਼ ਮੰਨਦੀਆਂ ਹਨ। ਇਨ੍ਹਾਂ ਦਿਨਾਂ ’ਤੇ ਗਾਹਕਾਂ ਨੂੰ ਮੈਸੇਜ ਭੇਜਣ ਅਤੇ ਕਾਲਿੰਗ ਲਈ ਵਾਧੂ ਭੁਗਤਾਨ ਦੇਣਾ ਹੁੰਦਾ ਹੈ। ਯਾਨੀ ਗਾਹਕਾਂ ਦੇ ਸਪੈਸ਼ਲ ਟੈਰਿਫ ਵਾਊਚਰਜ਼ ਜਾਂ ਮੈਸੇਜ ਪੈਕਸ ਇਨ੍ਹਾਂ ਦਿਨਾਂ ’ਚ ਕੰਮ ਨਹੀਂ ਕਰਦੇ। ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, ਬੀ.ਐੱਸ.ਐੱਨ.ਐੱਲ. ਦੇ ਇਸ ਐਲਾਨ ਤੋਂ ਬਾਅਦ ਹੁਣ ਗਾਹਕਾਂ ਨੂੰ ਕਿਸੇ ਵੀ ਬਲੈਕਆਊਟ ਡੇਅ ’ਤੇ ਅਲੱਗ ਤੋਂ ਭੁਗਤਾਨ ਨਹੀਂਦੇਣਾ ਹੋਵੇਗਾ।
ਉਦਾਹਰਣ ਦੇ ਤੌਰ ’ਤੇ ਪਹਿਲਾਂ ਜੇਕਰ ਗਾਹਕ ਨੇ ਐੱਸ.ਐੱਮ.ਐੱਸ. ਪੈਕ ਵੀ ਲਿਆ ਹੁੰਦਾ ਸੀ ਤਾਂ ਵੀ ਗਾਹਕਾਂ ਨੂੰ ਮੇਨ ਬੈਲੇਂਸ ’ਚੋਂ ਭੁਗਤਾਨ ਦੇਣਾ ਹੁੰਦਾ ਸੀ। ਹੁਣ ਕੰਪਨੀ ਦੇ ਇਸ ਐਲਾਨ ਤੋਂ ਬਾਅਦ ਮੈਸੇਜ ਭੇਜਣ ਲਈ ਮੇਨ ਬੈਲੇਂਸ ’ਚੋਂ ਭੁਗਤਾਨ ਨਹੀਂ ਦੇਣਾ ਹੋਵੇਗਾ ਸਗੋਂ ਮੈਸੇਜ ਪੈਕ ਰਾਹੀਂ ਮੁਫਤ ਭੇਜੇ ਜਾ ਸਕਣਗੇ। ਜ਼ਿਕਰਯੋਗ ਹੈ ਕਿ ਸਤੰਬਰ 2016 ’ਚ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਤੋਂ ਬਾਅਦ ਰਿਲਾਇੰਸ ਜਿਓ ਪਹਿਲੀ ਕੰਪਨੀ ਸੀ ਜਿਸ ਨੇ ਬਲੈਕਆਊਟ ਡੇਜ਼ ਨੂੰ ਖਤਮ ਕੀਤਾ ਸੀ।