ਬ੍ਰੈਂਟ ਜਲਦ ਹੋ ਸਕਦਾ ਹੈ 60 ਡਾਲਰ ਤੋਂ ਪਾਰ, ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ
Wednesday, Nov 25, 2020 - 07:11 PM (IST)
ਨਵੀਂ ਦਿੱਲੀ— ਪਿਛਲੇ 8 ਮਹੀਨਿਆਂ ਤੋਂ ਸੁਸਤ ਪਿਆ ਕੱਚਾ ਤੇਲ ਦੁਬਾਰਾ ਉਬਲਣ ਲਈ ਤਿਆਰ ਹੈ। ਅਜਿਹੇ ਅਨੁਮਾਨ ਹਨ ਕਿ ਇਸ ਦੀਆਂ ਕੀਮਤਾਂ 60 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਸਕਦੀਆਂ ਹਨ। ਇਸ ਸਮੇਂ ਇਹ 48 ਡਾਲਰ 'ਤੇ ਪਹੁੰਚ ਗਈਆਂ ਹਨ, ਜੋ ਕੁਝ ਦਿਨ ਪਹਿਲਾਂ ਲਗਭਗ 40 ਡਾਲਰ ਦੇ ਆਸਪਾਸ ਸਨ। ਇਸ ਨਾਲ ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵੀ ਵਾਧਾ ਹੋ ਸਕਦਾ ਹੈ। ਹਾਲਾਂਕਿ, ਦੋ ਮਹੀਨਿਆਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪਿਛਲੇ 5 ਦਿਨਾਂ ਤੋਂ ਵੱਧ ਰਹੀਆਂ ਹਨ।
ਬੁੱਧਵਾਰ ਨੂੰ ਬ੍ਰੈਂਟ ਕੱਚੇ ਤੇਲ ਦੀ ਕੀਮਤ 48 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈ। ਵਿਸ਼ਲੇਸ਼ਕਾਂ ਮੁਤਾਬਕ, ਇਸ 'ਚ ਅੱਗੇ ਵੀ ਤੇਜ਼ੀ ਜਾਰੀ ਰਹਿਣ ਵਾਲੀ ਹੈ। ਕੁਝ ਸਮੇਂ 'ਚ ਇਹ 50 ਡਾਲਰ ਪ੍ਰਤੀ ਬੈਰਲ 'ਤੇ ਜਾ ਸਕਦਾ ਹੈ ਪਰ 2021 'ਚ ਬ੍ਰੈਂਟ ਕਰੂਡ 60 ਡਾਲਰ ਤੱਕ ਪਹੁੰਚ ਸਕਦਾ ਹੈ।
12 ਡਾਲਰ ਪ੍ਰਤੀ ਬੈਰਲ ਦੀ ਤੇਜ਼ੀ-
ਨਵੰਬਰ 'ਚ ਹੁਣ ਤੱਕ ਬ੍ਰੈਂਟ 'ਚ 12 ਡਾਲਰ ਪ੍ਰਤੀ ਬੈਰਲ ਦੀ ਤੇਜ਼ੀ ਆ ਚੁੱਕੀ ਹੈ। 30 ਅਕਤੂਬਰ ਨੂੰ ਇਹ 36.8 ਡਾਲਰ ਪ੍ਰਤੀ ਬੈਰਲ 'ਤੇ ਸੀ, ਜੋ ਹੁਣ 48 ਡਾਲਰ ਪ੍ਰਤੀ ਬੈਰਲ ਤੋਂ ਉਪਰ ਆ ਗਿਆ ਹੈ। ਇਸ ਸਾਲ 22 ਅਪ੍ਰੈਲ ਦੇ ਹੇਠਲੇ ਪੱਧਰ ਦੀ ਤੁਲਨਾ 'ਚ ਇਸ 'ਚ 32 ਡਾਲਰ ਪ੍ਰਤੀ ਬੈਰਲ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਕੋਵਿਡ-19 ਕਾਰਨ ਤਾਲਾਬੰਦੀ ਦੇ ਮੱਦੇਨਜ਼ਰ ਮੰਗ ਘਟਣ ਨਾਲ 22 ਅਪ੍ਰੈਲ ਨੂੰ ਕੱਚਾ ਤੇਲ 16 ਡਾਲਰ ਦੇ ਆਸਪਾਸ ਆ ਗਿਆ ਸੀ।
ਇਹ ਵੀ ਪੜ੍ਹੋ- ਸੈਂਸੈਕਸ ਰਿਕਾਰਡ ਤੋਂ 700 ਅੰਕ ਟੁੱਟਾ, ਨਿਵੇਸ਼ਕਾਂ ਦੇ 2 ਲੱਖ ਕਰੋੜ ਰੁ: ਡੁੱਬੇ
ਕੱਚਾ ਤੇਲ ਕਿਉਂ ਹੋ ਰਿਹਾ ਮਹਿੰਗਾ-
ਬੈਂਕ ਆਫ਼ ਅਮਰੀਕਾ (ਬੋਫਾ) ਦੀ ਰਿਪੋਰਟ ਮੁਤਾਬਕ, ਕੋਰੋਨਾ ਟੀਕਾ ਆਉਣ ਅਤੇ ਕੋਰੋਨਾ ਦਾ ਡਰ ਘੱਟ ਹੋਣ ਨਾਲ ਅਰਥਵਿਵਸਥਾ ਦੇ ਮਜਬੂਤ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਓਪੇਕ ਵੱਲੋਂ ਉਤਪਾਦਨ 'ਚ ਕਟੌਤੀ ਦਾ ਵੀ ਮੌਜੂਦਾ ਸਮੇਂ ਅਸਰ ਦਿਸ ਰਿਹਾ ਹੈ। ਰਿਪੋਰਟ ਮੁਤਾਬਕ, ਜਿਵੇਂ-ਜਿਵੇਂ ਅਰਥਵਿਵਸਥਾ ਖੁੱਲ੍ਹੇਗੀ, ਯਾਤਰਾ ਵੀ ਸ਼ੁਰੂ ਹੋ ਜਾਏਗੀ। ਇਸ ਨਾਲ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀ ਮੰਗ ਤੇਜ਼ੀ ਨਾਲ ਵਧੇਗੀ। ਅਜਿਹੇ 'ਚ ਕੱਚੇ ਤੇਲ ਦੀ ਕੀਮਤ 'ਚ ਵੀ ਤੇਜ਼ੀ ਨਾਲ ਇਜ਼ਾਫ਼ਾ ਹੋਵੇਗਾ। ਇਹ ਅੱਗੇ 60 ਡਾਲਰ ਪ੍ਰਤੀ ਬੈਰਲ ਤੱਕ ਵੀ ਜਾ ਸਕਦਾ ਹੈ, ਯਾਨੀ ਹੁਣ ਦੇ ਮੁਕਾਬਲੇ 20-22 ਫ਼ੀਸਦੀ ਤੱਕ ਚੜ੍ਹ ਸਕਦਾ ਹੈ।
ਇਹ ਵੀ ਪੜ੍ਹੋ- ਦਿੱਲੀ ਤੋਂ ਉਡਾਣ ਭਰਨ ਵਾਲਿਆਂ ਲਈ ਇਸ ਸੂਬੇ ਨੇ ਲਾਜ਼ਮੀ ਕੀਤਾ ਕੋਰੋਨਾ ਟੈਸਟ
ਭਾਰਤ 'ਤੇ ਇਹ ਹੋਵੇਗਾ ਅਸਰ-
ਭਾਰਤ 80 ਫ਼ੀਸਦੀ ਤੋਂ ਜ਼ਿਆਦਾ ਕੱਚਾ ਤੇਲ ਦੂਜੇ ਦੇਸ਼ਾਂ ਤੋਂ ਖ਼ਰੀਦਦਾ ਹੈ। ਅਜਿਹੇ 'ਚ ਕੱਚਾ ਤੇਲ ਲੰਮੇ ਸਮੇਂ ਤੱਕ ਮਹਿੰਗਾ ਬਣਿਆ ਰਿਹਾ ਤਾਂ ਨਵੀਂ ਖੇਪ ਲਈ ਵੀ ਜ਼ਿਆਦਾ ਕੀਮਤ ਚੁਕਾਉਣੀ ਹੋਵੇਗੀ। ਅਜਿਹੇ 'ਚ ਤੇਲ ਕੰਪਨੀਆਂ ਨੂੰ ਪੈਟਰੋਲ-ਡੀਜ਼ਲ ਕੀਮਤਾਂ 'ਚ ਵਾਧਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ- Google Pay ਤੋਂ ਪੈਸੇ ਟਰਾਂਸਫਰ ਕਰਨ ਨੂੰ ਲੈ ਕੇ ਵੱਡੀ ਰਾਹਤ ਭਰੀ ਖ਼ਬਰ