2021 ''ਚ 45 ਡਾਲਰ ''ਤੇ ਆ ਸਕਦਾ ਹੈ ਬ੍ਰੈਂਟ ਕਰੂਡ : ਫਿਚ ਰੇਟਿੰਗਜ਼
Friday, Dec 04, 2020 - 07:29 PM (IST)
ਸਿੰਗਾਪੁਰ— ਕੌਮਾਂਤਰੀ ਬੈਂਚਮਾਰਕ ਬ੍ਰੈਂਟ ਕਰੂਡ ਦੀ ਕੀਮਤ 49 ਡਾਲਰ ਤੋਂ ਪਾਰ ਹੋ ਗਈ ਹੈ ਪਰ ਇਸ ਵਿਚਕਾਰ ਫਿਚ ਰੇਟਿੰਗਜ਼ ਦਾ ਕਹਿਣਾ ਹੈ ਕਿ 2021 'ਚ ਬ੍ਰੈਂਟ ਦੀਆਂ ਕੀਮਤਾਂ ਡਿੱਗ ਕੇ 45 ਡਾਲਰ 'ਤੇ ਆ ਜਾਣਗੀਆਂ, ਭਾਵੇਂ ਹੀ ਇਸ ਹਫ਼ਤੇ ਕੋਰੋਨਾ ਵਾਇਰਸ ਟੀਕੇ ਦੇ ਮੋਰਚੇ 'ਤੇ ਚੰਗੀ ਖ਼ਬਰ ਆਈ ਹੈ।
ਫਿਚ ਰੇਟਿੰਗਜ਼ ਦੇ ਸੀਨੀਅਰ ਡਾਇਰੈਕਟਰ ਦਿਮਿਤਰੀ ਮਾਰਿੰਚੇਨਕੋ ਨੇ ਕਿਹਾ, ''ਸਾਨੂੰ ਉਮੀਦ ਹੈ ਕਿ ਬ੍ਰੈਂਟ ਦੀਆਂ ਕੀਮਤਾਂ ਅਗਲੇ ਸਾਲ ਔਸਤ 45 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਹੋਣਗੀਆਂ। ਘੱਟੋ-ਘੱਟ ਸਾਲ ਦੀ ਦੂਜੀ ਛਿਮਾਹੀ ਤੱਕ ਮੰਗ ਕਮਜ਼ੋਰ ਰਹੇਗੀ ਕਿਉਂਕਿ ਵੱਡੇ ਪੱਧਰ 'ਤੇ ਟੀਕਾਕਰਨ ਇੰਨੀ ਛੇਤੀ ਨਹੀਂ ਹੋਵੇਗਾ।''
ਯੂ. ਕੇ. ਹਾਲ ਹੀ 'ਚ ਫਾਈਜ਼ਰ-ਬਾਇਓਨਟੈਕ ਕੋਵਿਡ-19 ਟੀਕੇ ਨੂੰ ਸੰਕਟਕਾਲੀ ਵਰਤੋਂ ਲਈ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣਿਆ ਹੈ। ਇਹ ਅਗਲੇ ਹਫ਼ਤੇ ਤੋਂ ਮੈਡੀਕਲ ਕਰਮਚਾਰੀਆਂ ਨੂੰ ਦਿੱਤਾ ਜਾਣਾ ਨਿਰਧਾਰਤ ਹੋਇਆ ਹੈ। ਡਾਕਟਰਾਂ ਨੇ ਨਾਲ ਹੀ ਸਾਵਧਾਨ ਵੀ ਕੀਤਾ ਹੈ ਕਿ ਟੀਕੇ ਦੇ ਵੱਡੇ ਪੱਧਰ 'ਤੇ ਉਪਲਬਧ ਹੋਣ 'ਚ ਕਈ ਮਹੀਨੇ ਲੱਗ ਸਕਦੇ ਹਨ। ਪਿਛਲੇ ਮਹੀਨੇ ਫਾਈਜ਼ਰ ਤੇ ਮੋਡੇਰਨਾ ਸਣੇ ਕਈ ਹੋਰ ਫਾਰਮਾ ਕੰਪਨੀਆਂ ਵੱਲੋਂ ਟੀਕੇ ਦੇ 90 ਫ਼ੀਸਦੀ ਅਸਰਦਾਰ ਹੋਣ ਦੀ ਘੋਸ਼ਣਾ ਪਿੱਛੋਂ ਤੇਲ ਕੀਮਤਾਂ 'ਚ ਤੇਜ਼ੀ ਆਈ ਹੈ। ਫਿਰ ਵੀ ਮਾਰਿੰਚੇਨਕੋ ਨੇ ਕਿਹਾ ਕਿ ਸ਼ਾਇਦ 2021 ਦੀ ਦੂਜੀ ਛਿਮਾਹੀ ਤੱਕ ਤੇਲ ਦੀ ਮੰਗ 'ਤੇ ਇਸ ਦਾ ਮਹੱਤਵਪੂਰਨ ਪ੍ਰਭਾਵ ਨਹੀਂ ਹੋਵੇਗਾ।
ਉਨ੍ਹਾਂ ਕਿਹਾ, ''ਬਾਜ਼ਾਰ 'ਚ ਸਰਪਲੱਸ ਸਪਲਾਈ ਅਤੇ ਵਾਡੇ ਘਾਟੇ ਤੋਂ ਬਚਣ ਲਈ ਓਪੇਕ ਕਮਜ਼ੋਰ ਮੰਗ ਵਿਚਕਾਰ ਸਪਲਾਈ ਦਾ ਰਣਨੀਤਕ ਤਰੀਕੇ ਢੰਗ ਨਾਲ ਪ੍ਰਬੰਧਨ ਕਰ ਰਿਹਾ ਹੈ ਪਰ ਅਸੀਂ ਉਮੀਦ ਕਰਦੇ ਹਾਂ ਕੀਮਤਾਂ ਅਗਲੇ ਸਾਲ 45 ਡਾਲਰ ਪ੍ਰਤੀ ਬੈਰਲ 'ਤੇ ਹੋਣਗੀਆਂ।'' ਗੌਰਤਲਬ ਹੈ ਕਿ ਓਪੇਕ ਅਤੇ ਇਸ ਦੇ ਸਹਿਯੋਗੀਆਂ ਨੇ ਉਤਪਾਦਨ ਨੂੰ ਜਨਵਰੀ ਤੋਂ 5,00,000 ਬੈਰਲ ਪ੍ਰਤੀ ਦਿਨ ਵਧਾਉਣ ਦੀ ਘੋਸ਼ਣਾ ਕੀਤੀ ਹੈ। ਹਾਲਾਂਕਿ, ਇਹ ਅਪ੍ਰੈਲ 'ਚ ਹੋਏ ਸਮਝੌਤੇ ਤੋਂ ਕਾਫ਼ੀ ਘੱਟ ਹੈ, ਜਿਸ 'ਚ ਕਿਹਾ ਗਿਆ ਸੀ ਕਿ ਉਤਪਾਦਨ 20 ਲੱਖ ਬੈਰਲ ਪ੍ਰਤੀ ਦਿਨ ਵਧਾਇਆ ਜਾਵੇਗਾ।