ਦੇਨਾ, ਵਿਜੇ ਅਤੇ BoB ਦਾ ਹੋਵੇਗਾ ਰਲੇਵਾਂ, April 2019 ''ਚ ਸ਼ੁਰੂ ਹੋ ਸਕਦੈ ਨਵਾਂ ਬੈਂਕ
Sunday, Dec 23, 2018 - 03:52 PM (IST)

ਨਵੀਂ ਦਿੱਲੀ— ਸਾਲ 2019 'ਚ ਦੇਸ਼ 'ਚ ਇਕ ਹੋਰ ਵੱਡਾ ਬੈਂਕ ਬਣਨ ਜਾ ਰਿਹਾ ਹੈ। ਦੇਨਾ, ਵਿਜੇ ਅਤੇ ਬੈਂਕ ਆਫ ਬੜੌਦਾ ਨੂੰ ਮਿਲਾ ਕੇ ਜਲਦ ਹੀ ਇਕ ਨਵਾਂ ਬੈਂਕ ਬਣੇਗਾ। ਹਾਲਾਂਕਿ ਇਸ ਨਾਲ ਇਨ੍ਹਾਂ ਬੈਂਕਾਂ ਦੇ ਗਾਹਕਾਂ 'ਤੇ ਕੋਈ ਅਸਰ ਹੋਣ ਦਾ ਖਦਸ਼ਾ ਨਹੀਂ ਹੈ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) 'ਚ ਉਸ ਦੇ ਸਹਿਯੋਗੀ ਬੈਂਕਾਂ ਦੇ ਰਲੇਵੇਂ ਦੀ ਤਰ੍ਹਾਂ ਹੀ ਸਰਕਾਰ ਇਹ ਕਦਮ ਉਠਾਉਣ ਜਾ ਰਹੀ ਹੈ। ਸੂਤਰਾਂ ਮੁਤਾਬਕ ਦੇਨਾ, ਵਿਜੇ ਅਤੇ ਬੈਂਕ ਆਫ ਬੜੌਦਾ ਦੇ ਰਲੇਵੇਂ ਦਾ ਖਾਕਾ ਇਸ ਮਹੀਨੇ ਦੇ ਅੰਤ ਤਕ ਪੂਰਾ ਹੋ ਜਾਣ ਦੀ ਉਮੀਦ ਹੈ। ਇਸ ਪਿੱਛੋਂ ਇਸ ਪ੍ਰਸਤਾਵ ਨੂੰ ਸੰਸਦ 'ਚ ਪੇਸ਼ ਕੀਤਾ ਜਾਵੇਗਾ। ਸੰਸਦ ਦਾ ਮੌਜੂਦਾ ਇਜਲਾਸ 8 ਜਨਵਰੀ ਤਕ ਹੈ।
APRIL 'ਚ ਸ਼ੁਰੂ ਹੋ ਸਕਦੈ ਨਵਾਂ ਬੈਂਕ-
ਸੂਤਰਾਂ ਮੁਤਾਬਕ, ਸਰਕਾਰ ਨੂੰ ਉਮੀਦ ਹੈ ਕਿ ਨਵਾਂ ਬੈਂਕ ਅਪ੍ਰੈਲ 2019 'ਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਫਿਲਹਾਲ ਇਸ ਯੋਜਨਾ 'ਤੇ ਕੰਮ ਹੋ ਰਿਹਾ ਹੈ ਅਤੇ ਤਿੰਨੋਂ ਬੈਂਕਾਂ ਦੇ ਸੰਬੰਧਤ ਬੋਰਡਾਂ ਦੀ ਇਕ ਬੈਠਕ ਹੋਵੇਗੀ। ਪਿਛਲੇ ਸਾਲ ਸਰਕਾਰ ਨੇ ਭਾਰਤੀ ਸਟੇਟ ਬੈਂਕ 'ਚ ਉਸ ਦੇ ਪੰਜ ਸਹਿਯੋਗੀ ਬੈਂਕਾਂ ਅਤੇ ਭਾਰਤੀ ਮਹਿਲਾ ਬੈਂਕ ਨੂੰ ਮਿਲਾ ਦਿੱਤਾ ਸੀ। ਮੌਜੂਦਾ ਸਮੇਂ ਭਾਰਤੀ ਸਟੇਟ ਬੈਂਕ ਵਿਸ਼ਵ ਦੇ 50 ਚੋਟੀ ਦੇ ਬੈਂਕਾਂ 'ਚ ਸ਼ਾਮਲ ਹੈ। ਉੱਥੇ ਹੀ ਸਰਕਾਰ ਨੇ ਇਸ ਸਾਲ ਸਤੰਬਰ 'ਚ ਦੇਨਾ, ਵਿਜੇ ਅਤੇ ਬੈਂਕ ਆਫ ਬੜੌਦਾ ਦਾ ਰਲੇਵਾਂ ਕਰਨ ਦਾ ਐਲਾਨ ਕੀਤਾ ਸੀ।
ਜਾਣਕਾਰੀ ਮੁਤਾਬਕ, ਰਲੇਵੇਂ ਪਿੱਛੋਂ ਭਾਰਤੀ ਸਟੇਟ ਬੈਂਕ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਬਾਅਦ ਇਹ ਤੀਜਾ ਸਭ ਤੋਂ ਵੱਡਾ ਬੈਂਕ ਹੋਵੇਗਾ, ਜਿਸ ਦਾ ਕਾਰੋਬਾਰ 14.82 ਲੱਖ ਕਰੋੜ ਰੁਪਏ 'ਚ ਹੋਵੇਗਾ। ਇਸ ਦੀ ਵਿੱਤੀ ਸਥਿਤੀ ਕਾਫੀ ਮਜਬੂਤ ਹੋਵੇਗੀ, ਜੋ ਕਿ ਇਸ ਸਮੇਂ ਡਾਂਵਾਂਡੋਲ ਚੱਲ ਰਹੀ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਇਸ ਨਵੇਂ ਬਣਨ ਵਾਲੇ ਬੈਂਕ ਨੂੰ ਪੂੰਜੀ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ ਹੈ।